ਪਟਿਆਲਾ – ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ’ਚ ਹੇਰਫੇਰ ਕਰਕੇ ਕਰੋਡ਼ਾਂ ਦਾ ਘਪਲਾ ਕੀਤਾ ਗਿਆ ਹੈ। ਪੁਲਿਸ ਵੱਲੋਂ ਦਰਜ ਪਰਚੇ ਸਬੰਧੀ ਤਫਤੀਸ਼ ਅੱਗੇ ਵਧਣ ਦੇ ਨਾਲ ਮੁਲਜ਼ਮਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਪੁਲਿਸ ਵੱਲੋਂ ਨਾਮਜ਼ਦ ਨੌੰ ਮੁਲਜ਼ਮਾਂ ਵਿੱਚੋਂ ਹੁਣ ਤੱਕ ਛੇ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੀਆਂ ਜਾਇਦਾਦਾਂ ਦੀ ਪਡ਼ਤਾਲ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਸ ਹੋਰ ਨਾਮ ਇਸ ਪਰਚੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਐੱਸਪੀਡੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਦੋ ਗੱਡੀਆਂ ਅਤੇ ਤਿੰਨ ਬੁਲਟ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਇਨ੍ਹਾਂ ਦੀ ਬੇਨਾਮੀ ਜਾਇਦਾਦਾਂ ਦੀ ਪਡ਼ਤਾਲ ਵੀ ਕੀਤੀ ਜਾ ਰਹੀ ਹੈ। ਡਾ. ਮਹਿਤਾਬ ਨੇ ਦੱਸਿਆ ਕਿ ਘਪਲਾ ਬਹੁਤ ਵੱਡਾ ਹੈ ਇਸ ਦੀ ਰਾਸ਼ੀ ਦੱਸਣਾ ਸੰਭਵ ਨਹੀਂ ਹੈ ਅਤੇ ਮਾਮਲੇ ਵਿਚ ਹੋਰ ਨਾਮ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਇਸ ਘਪਲਾ ਦਾ ਖੁਲਾਸਾ ਪੰਜਾਬੀ ਜਾਗਰਣ ਵਲੋਂ ਕੀਤਾ ਗਿਆ, ਜਿਸ ਦੀਆਂ ਤੰਦਾਂ ਲਗਾਤਾਰ ਖੁੱਲ੍ਹ ਰਹੀਆਂ ਹਨ।
ਐੱਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਵਿਖੇ ਪੰਜਾਬੀ ਯੂਨੀਵਰਸਿਟੀ ਰਜਿਸਟਰਾਰ ਡਾ. ਵਰਿੰਦਰ ਕੁਮਾਰ ਕੌਸ਼ਿਕ ਦੀ ਸ਼ਿਕਾਇਤ ’ਤੇ ਸੱਤ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ ਵਿਨੈ ਕੁਮਾਰ ਨੂੰ 12 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਸ ਤੋਂ ਛੇ ਦਿਨਾਂ ਬਾਅਦ ਮੁਲਜ਼ਮ ਜਤਿੰਦਰ ਜੀਤੂ ਦੀ ਗ੍ਰਿਫ਼ਤਾਰੀ ਹੋਈ ਹੈ। ਇਨ੍ਹਾਂ ਮੁਲਜ਼ਮਾਂ ਤੋਂ ਕੀਤੀ ਪੁੱਛ ਪਡ਼ਤਾਲ ਦੌਰਾਨ ਭੁਪਿੰਦਰ ਭੂਪੀ ਅਤੇ ਆਸ਼ੂ ਚੌਧਰੀ ਦੋ ਨਵੇਂ ਨਾਮ ਸਾਹਮਣੇ ਆਏ ਜਿਨ੍ਹਾਂ ਨੂੰ ਪਰਚੇ ਵਿੱਚ ਸ਼ਾਮਲ ਕੀਤਾ ਗਿਆ। ਇਸੇ ਦੌਰਾਨ ਹੀ ਨਿਸ਼ੂ ਚੌਧਰੀ, ਆਸ਼ੂ ਚੌਧਰੀ ਅਤੇ ਸੋਨੂੰ ਨੂੰ ਕਾਂਗਡ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਦੋਂਕਿ ਇਨ੍ਹਾਂ ਦਾ ਸਾਥੀ ਭੁਪਿੰਦਰ ਭੂਪੀ 21 ਸਤੰਬਰ ਨੂੰ ਵਰਨਾ ਕਾਰ ਸਮੇਤ ਕਾਬੂ ਕੀਤਾ ਗਿਆ। ਅਗਲੇ ਹੀ ਦਿਨ ਨਿਸ਼ੂ ਚੌਧਰੀ ਦੀ ਨਿਸ਼ਾਨਦੇਹੀ ’ਤੇ ਇਕ ਐੱਸਯੂਵੀ ਗੱਡੀ ਅਤੇ ਤਿੰਨ ਬੁਲਟ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਜਦੋਂਕਿ ਜਤਿੰਦਰ ਜੀਤੂ ਦੀ ਨਿਸ਼ਾਨਦੇਹੀ ’ਤੇ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿੱਚ ਐੱਸਪੀਡੀ ਨੇ ਕਿਹਾ ਕਿ ਮਾਮਲਾ ਬਹੁਤ ਵੱਡਾ ਹੈ, ਇਸ ਵਿੱਚ ਹੋਰ ਨਾਮ ਵੀ ਸਾਹਮਣੇ ਆ ਰਹੇ ਹਨ। ਜਿਸਦੀ ਜਾਂਚ ਵੱਖ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਕੀਤੀ ਜਾ ਰਹੀ ਹੈ। ਘਪਲੇ ਦੀ ਰਾਸ਼ੀ ਸਬੰਧੀ ਸਵਾਲ ਦੇ ਜਵਾਬ ਵਿੱਚ ਡਾ. ਮਹਿਤਾਬ ਨੇ ਕਿਹਾ ਕਿ ਰਾਸ਼ੀ ਬਹੁਤ ਜ਼ਿਆਦਾ ਹੈ, ਦੱਸੀ ਨਹੀਂ ਜਾ ਸਕਦੀ, ਫਿਲਹਾਲ ਜਾਂਚ ਜਾਰੀ ਹੈ।