ਸ਼ਹਿਣਾ – ਸ਼ਹਿਣਾ ਪੁਲਿਸ ਨੇ ਥਾਣਾ ਮੁਖੀ ਸਮੇਤ ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਨਿਹੰਗ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਹੈ ਜਿੱਥੇ ਉਸ ਨੂੰ ਜ਼ਿਲ੍ਹਾ ਜੇਲ੍ਹ ਸੰਗਰੂਰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਸ਼ਹਿਣਾ ਦੇ ਐੱਸਐੱਚਓ ਨਰਦੇਵ ਸਿੰਘ ਤੇ ਜਾਂਚ ਅਧਿਕਾਰੀ ਜਗਦੇਵ ਸਿੰਘ ਨੇ ਦੱਸਿਆ ਕਿ ਲੰਘੀ 10 ਦਸੰਬਰ 2020 ਦੀ ਰਾਤ ਨੂੰ ਪਰਮਜੀਤ ਕੌਰ ਪਤਨੀ ਚੰਦ ਸਿੰਘ ਤੇ ਜਗਸੀਰ ਸਿੰਘ ਪੁੱਤਰ ਭੂਰਾ ਸਿੰਘ ਵਾਸੀਅਨ ਸ਼ਹਿਣਾ ਦੀ ਦਰਸ਼ਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸ਼ਹਿਣਾ ਖ਼ਿਲਾਫ਼ ਸ਼ਿਕਾਇਤ ਦੇ ਸਬੰਧ ’ਚ ਸਹਾਇਕ ਥਾਣੇਦਾਰ ਮੱਖਣ ਸ਼ਾਹ ਪੁਲਿਸ ਕਰਮਚਾਰੀ ਨਾਲ ਸ਼ਹਿਣਾ ਵਿਖੇ ਗਏ ਸਨ ਜਿੱਥੇ ਪੁਲਿਸ ਪਾਰਟੀ ਨੇ ਦਰਸ਼ਨ ਸਿੰਘ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ੇ ’ਚ ਧੁੱਤ ਦਰਸ਼ਨ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਉੱਪਰ ਬਰਛੇ ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਜਿਸ ਦੀ ਸੂਚਨਾ ਥਾਣਾ ਸ਼ਹਿਣਾ ਵਿਖੇ ਦੇਣ ਉਪਰੰਤ ਐੱਸਐੱਚਓ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ਤੇ ਪੁੱਜੇ। ਜਿਨ੍ਹਾਂ ਨੇ ਦਰਸ਼ਨ ਸਿੰਘ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਦਰਸ਼ਨ ਸਿੰਘ ਨੇ ਐੱਸਐੱਚਓ ਗੁਰਪ੍ਰੀਤ ਸਿੰਘ ਉੱਪਰ ਬਰਛੀ ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਸੀ। ਸਹਾਇਕ ਥਾਣੇਦਾਰ ਮੱਖਣ ਸ਼ਾਹ ਦੇ ਬਿਆਨਾਂ ਦੇ ਆਧਾਰ ’ਤੇ ਇਰਾਦਾ ਕਤਲ, ਸਰਕਾਰੀ ਡਿਊਟੀ ’ਚ ਵਿਘਨ ਪਾਉਣ, ਜਾਨਲੇਵਾ ਹਮਲਾ ਕਰਨ ਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਸੀ। ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਜਦੋਂ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਕਿਸੇ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦਰਸ਼ਨ ਸਿੰਘ ਨਹਿਰ ਬੱਸ ਸਟੈਂਡ ਸ਼ਹਿਣਾ ਪੁਲ ਕੋਲ ਦੇਖਿਆ ਹੈ ਜਿਸ ਤੋਂ ਬਾਅਦ ਦਰਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਰਛੀ ਤੇ ਗੰਡਾਸਾ ਵੀ ਬਰਾਮਦ ਕਰ ਲਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਜ਼ਿਲ੍ਹਾ ਜੇਲ ਸੰਗਰੂਰ ਭੇਜਣ ਦਾ ਹੁਕਮ ਸੁਣਾਇਆ ਹੈ।