ਚੰਡੀਗੜ੍ਹ – ਕਿਸਾਨ ਅੰਦੋਲਨ ਨੂੰ ਪੂਰੇ ਯੂਪੀ ’ਚ ਫੈਲਾਉਣ ਦੀ ਨੀਤੀ ਤਹਿਤ ਗੰਗਾ ਯਮੁੁਨਾ ਦੇ ਸੰਗਮ ਵਾਲੇ ਸ਼ਹਿਰ ਇਲਾਹਾਬਾਦ (ਪ੍ਰਯਾਗਰਾਜ) ਵਿਚ ਕਿਸਾਨਾਂ ਤੇ ਮਜ਼ਦੂਰਾਂ ਨੇ ਵਿਸ਼ਾਲ ਪੰਚਾਇਤ ਕੀਤੀ। ਭਾਰੀ ਬਾਰਸ਼ ਦੇ ਬਾਵਜੂਦ ਲੋਕ ਪੰਚਾਇਤ ਵਿਚ ਵੱਧ-ਚੜ੍ਹ ਕੇ ਪਹੁੰਚੇ ਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜੋ ਕਹਿੰਦੇ ਸੀ ਕਿ ਅੰਦੋਲਨ ਸਿਰਫ਼ ਪੱਛਮੀ ਯੂਪੀ ਤਕ ਸੀਮਤ ਹੈ, ਉੁਹ ਅੱਜ ਪੂਰਬੀ ਯੂਪੀ ’ਚ ਇਸ ਰੈਲੀ ਨੂੰ ਦੇਖ ਲੈਣ ਤੇ ਸਮਝ ਲੈਣ ਕੇ ਅੰਦੋਲਨ ਲਗਾਤਾਰ ਫੈਲਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਕਾਰਪੋਰੇਟ ਤੇ ਭਾਰਤ ਦੇ ਲੋਕਾਂ ਦਰਮਿਆਨ ਬਣ ਚੁੱਕੀ ਹੈ ਤੇ ਮੌਜੂਦਾ ਆਰਥਿਕ ਮਾਡਲ ਖ਼ਿਲਾਫ਼ ਲੋਕ ਚੇਤਨਾ ਨੂੰ ਜਨਮ ਦੇ ਰਹੀ ਹੈ। ਸਿੱਟੇ ਵਜੋਂ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਿੱਜੀਕਰਨ ਦੀਆਂ ਨੀਤੀਆਂ ਦੀਆਂ ਸਮਰਥਕ ਪਾਰਟੀਆਂ ਇਸ ਅੰਦੋਲਨ ਕਰਕੇ ਪਰੇਸ਼ਾਨੀ ’ਚ ਨੇ ਤੇ ਸਿਰਫ਼ ਉਪਰੋਂ-ਉਪਰੋਂ ਕਿਸਾਨਾਂ ਦੀ ਹਮਾਇਤ ਕਰ ਰਹੀਆਂ ਨੇ, ਨਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਮੁੱਖ ਕਾਰਜ ਵਜੋਂ ਲੈ ਰਹੀਆਂ ਨੇ। ਇਸੇ ਅੰਦੋਲਨ ਕਰਕੇ ਦੇਸ਼ ਵਿਚ ਫ਼ਿਰਕੂ ਫਾਸ਼ੀਵਾਦੀ ਰੱਥ ਦਾ ਪਹੀਆ ਰੁਕਿਆ ਹੈ।ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਆਸ਼ੀਸ਼ ਮਿੱਤਲ ਨੇ ਕਿਹਾ ਕਿ ਮੋਦੀ ਹਕੂਮਤ ਪੂਰੀ ਤਰ੍ਹਾਂ ਕਾਰਪੋਰੇਟ ਦੇ ਹੱਥਾਂ ਵਿਚ ਖੇਡ ਰਹੀ ਹੈ ਜਿਸ ਨੂੰ ਆਮ ਲੋਕ ਦਿਖਾਈ ਨਹੀਂ ਦੇ ਰਹੇ। ਕਾਰਪੋਰੇਟ ਘਰਾਣਿਆਂ ਦੇ ਨਾਮ ਕਰੋੜਾਂ ਦੀ ਨਸ਼ਾ ਤਸਕਰੀ ’ਚ ਆ ਰਹੇ ਹਨ। ਨੀਤੀ ਅਯੋਗ ਖੇਤੀ ਖੇਤਰ ’ਚ ਸਿਰਫ਼ 15 ਕਰੋੜ ਲੋਕਾਂ ਨੂੰ ਰੱਖਣਾ ਚਾਹੁੰਦਾ ਹੈ ਜਦਕਿ ਖੇਤੀ ਖੇਤਰ ’ਚ 60 ਕਰੋੜ ਤੋ ਵੱਧ ਲੋਕ ਕੰਮ ਕਰ ਰਹੇ ਨੇ ਜਿਸ ਤੋਂ ਸਾਫ਼ ਹੈ ਕਿ 45 ਕਰੋੜ ਤੋ ਵੱਧ ਲੋਕ ਖੇਤੀ ਕਾਨੂੰਨਾਂ ਬਦੌਲਤ ਵਿਹਲੇ ਹੋਣਗੇ ਜਿਨ੍ਹਾਂ ਕੋਲ ਰੋਜ਼ੀ-ਰੋਟੀ ਦਾ ਕੋਈ ਵਸੀਲਾ ਨਹੀਂ ਬਚੇਗਾ ਤੇ ਇਹ ਕਾਨੂੰਨ ਦੇਸ਼ ਵਿਚ ਅਫਰਾ-ਤਫਰੀ ਵਰਗੇ ਹਾਲਾਤ ਬਣਾ ਦੇਣਗੇ। ਇਸ ਲਈ ਕਾਨੂੰਨ ਰੱਦ ਕਰਾਉਣ ਦੀ ਲੜ੍ਹਾਈ ਦੇਸ਼ ਬਚਾਉਣ ਦੀ ਲੜਾਈ ਬਣ ਚੁੱਕੀ ਹੈ।ਇਸ ਮੌਕੇ ਬੀਕੇਯੂ ਟਿਕੈਤ ਦੇ ਰਾਜੇਸ਼ ਚੌਹਾਨ ਨੇ ਕਿਹਾ ਕਿ ਮੋਦੀ ਹਕੂਮਤ ਕਹਿ ਰਹੀ ਹੈ, ‘ਐੱਮਐੱਸਪੀ ਥਾ ਔਰ ਰਹੇਗਾ।’ ਫਿਰ ਯੂਪੀ ਤੇ ਬਿਹਾਰ ’ਚ ਕਣਕ ਤੇ ਝੋਨਾ ਸਮਰਥਨ ਮੁੱਲ ਤੋਂ ਕਿਸਾਨ 900 ਤੋ 1000 ਤਕ ਘੱਟ ਕਿਉਂ ਵੇਚ ਰਹੇ ਹਨ। ਜੇ ਸਰਕਾਰ ਸਮਰਥਨ ਮੁੱਲ ਦੇਣਾ ਚਾਹੁੰਦੀ ਤਾਂ ਫਿਰ ਇਸ ਨੂੰ ਕਾਨੂੰਨੀ ਜਾਮਾ ਕਿਉਂ ਨਹੀਂ ਪਹਿਨਾਉਂਦੀ।ਇਸ ਮੌਕੇ ਅਨੁਜ ਸਿੰਘ, ਏਆਈਕੇਐੱਮਐੱਸ ਦੇ ਹੀਰਾ ਲਾਲ, ਸੁਰੇਸ਼ ਚੰਦ, ਵਿਨੋਦ ਨਿਸ਼ਾਦ, ਪੀਐੱਮਅਸ ਦੇ ਅਕਿ੍ਰਤੀ ਨੇ ਸੰਬੋਧਨ ਕੀਤਾ ਤੇ ਪੂਰੀ ਯੂਪੀ ਚ ਕਿਸਾਨ ਅੰਦੋਲਨ ਫੈਲਾਉੁਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ਼ ਦਿਵਾਇਆ।