ਟੋਕੀਓ – ਪੈਰਾ ਅਥਲੀਟਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ 16ਵੀਆਂ ਪੈਰਾ ਓਲੰਪਿਕ ਖੇਡਾਂ ਦਾ ਉਦਘਾਟਨ ਸਮਾਗਮ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਇਆ ਜਿਸ ਵਿਚ ਕੋਵਿਡ-19 ਮਹਾਮਾਰੀ ਕਾਰਨ ਆ ਰਹੀਆਂ ਰੁਕਾਵਟਾਂ ਵਿਚਾਲੇ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ। ਪੈਰਾ ਓਲੰਪਿਕ ਖੇਡਾਂ 57 ਸਾਲਾਂ ਤੋਂ ਬਾਅਦ ਟੋਕੀਓ ਵਿਚ ਮੁੜ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਜਾਪਾਨ ਦੀ ਰਾਜਧਾਨੀ ਦੋ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ। ਸਮਾਗਮ ਲਈ ਪੈਰਾ ਏਅਰਪੋਰਟ ਵਰਗਾ ਮੰਚ ਤਿਆਰ ਕੀਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਇਕ ਵੀਡੀਓ ਨਾਲ ਹੋਈ ਜਿਸ ਵਿਚ ਪੈਰਾ ਖਿਡਾਰੀਆਂ ਦੀ ਤਾਕਤ ਨੂੰ ਦਿਖਾਇਆ ਗਿਆ। ਵੀਡੀਓ ਦੇ ਖ਼ਤਮ ਹੁੰਦੇ ਹੀ ਪੈਰਾ ਏਅਰਪੋਰਟ ਦੇ ਕਰਮਚਾਰੀਆਂ ਵਰਗੇ ਪਹਿਰਾਵੇ ਵਿਚ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਸਟੇਡੀਅਮ ਦੇ ਉੱਪਰ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੈਰਾ ਓਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਾਰਸੰਸ ਤੇ ਜਾਪਾਨ ਦੇ ਸਮਰਾਟ ਨਾਰੂਹਿਤੋ ਦਾ ਸਟੇਡੀਅਮ ਵਿਚ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਚਾਰ ਵਾਰ ਦੇ ਓਲੰਪਿਕ ਫ੍ਰੀ ਸਟਾਈਲ ਕੁਸ਼ਤੀ ਚੈਂਪੀਅਨ ਕਾਓਰੀ ਇਕੋ ਤੇ ਬਚਾਅ ਕਾਰਕੁਨ ਤਾਕੁਮੀ ਅਸਤਾਨੀ ਸਮੇਤ ਛੇ ਵਿਅਕਤੀ ਜਾਪਾਨ ਦੇ ਝੰਡੇ ਨੂੰ ਮੰਚ ‘ਤੇ ਲੈ ਕੇ ਆਏ।
previous post