ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਕਰਜ਼ ਦਿਵਾਉਣ ਦੇ ਨਾਮ ’ਤੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੀਤਾ ਹੈ। ਪੁਲਿਸ ਨੇ ਗਾਜ਼ੀਆਬਾਦ ਦੇ ਵਸੁੰਧਰਾ ਵਾਸੀ ਇੰਦਰਜੀਤ ਪਾਂਡੇ, ਦਿੱਲੀ ਦੇ ਮੰਡੋਲੀ ਵਾਸੀ ਅਮਿਤ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਸੱਤ ਮੋਬਾਈਲ, ਲੈਪਟਾਪ, ਪੈਨ ਡ੍ਰਾਈਵ ਆਦਿ ਬਰਾਮਦ ਹੋਏ ਹਨ। ਪੁਲਿਸ ਜਾਂਚ ’ਚ ਪਤਾ ਚਲਿਆ ਹੈ ਕਿ ਦੋਸ਼ੀਆਂ ਨੇ ਦੋ ਮਹੀਨਿਆਂ ’ਚ ਸੈਂਕੜੇ ਲੋਕਾਂ ਤੋਂ 10 ਲੱਖ ਦੀ ਠੱਗੀ ਕੀਤੀ ਹੈ। ਇਸ ’ਚ ਜ਼ਿਆਦਾਤਰ ਦਿੱਲੀ-ਐੱਨਸੀਆਰ ਦੇ ਰਹਿਣ ਵਾਲੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਸਤੰਬਰ ਤੋਂ ਇਸ ਮਾਮਲੇ ’ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਜਾਂਚ ’ਚ ਪਤਾ ਲੱਗਾ ਕਿ ਗਿਰੋਹ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਫਰਜ਼ੀ ਵੈਬਸਾਈਟ ਦੇ ਮਾਧਿਅਮ ਨਾਲ ਠੱਗੀ ਕਰ ਰਹੇ ਹਨ। ਇਹ ਗਿਰੋਹ ਗਾਜ਼ੀਆਬਾਦ ਦੇ ਵਸੁੰਧਰਾ ਤੋਂ ਚੱਲ ਰਿਹਾ ਹੈ। ਏਸੀਪੀ ਮਯੰਕ ਬੰਸਲ ਦੀ ਦੇਖਰੇਖ ’ਚ ਪੁਲਿਸ ਟੀਮ ਨੇ ਵਸੁੰਧਰਾ ਸੈਕਟਰ-9 ਸਥਿਤ ਦੋਸ਼ੀਆਂ ਦੇ ਦਫ਼ਤਰ ’ਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ।ਪੁੱਛਗਿੱਛ ’ਚ ਪਤਾ ਲੱਗਾ ਕਿ ਦੋਵੇਂ ਦਿੱਲੀ ਦੇ ਲਕਸ਼ਮੀ ਨਗਰ ਸਥਿਤ ਇਕ ਕਾਲ ਸੈਂਟਰ ’ਚ ਕੰਮ ਕਰਦੇ ਸਨ। ਜਨਵਰੀ 2021 ’ਚ ਇੰਦਰਜੀਤ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਝਾਂਸਾ ਦੇ ਕੇ ਠੱਗਣ ਦੀ ਸਾਜਿਸ਼ ਰਚੀ। ਇਸਦੇ ਲਈ ਉਸਨੇ ਵਸੁੰਧਰਾ ’ਚ ਕਿਰਾਏ ’ਤੇ ਦਫ਼ਤਰ ਖੋਲ੍ਹਿਆ ਸੀ। ਦੋਸ਼ੀਆਂ ਨੇ ਫ਼ਰਜ਼ੀ ਵੈਬਸਾਈਟ ਬਣਾਈ ਅਤੇ ਉਸ ’ਚ ਆਪਣਾ ਨੰਬਰ ਰਜਿਸਟਰਡ ਕੀਤਾ। ਕੋਈ ਵੀ ਵਿਅਕਤੀ ਵੈਬਸਾਈਟ ’ਤੇ ਕਰਜ਼ ਲੈਣ ਲਈ ਅਪਲਾਈ ਕਰਦਾ ਤਾਂ ਉਸਦੀ ਪੂਰੀ ਜਾਣਕਾਰੀ ਇੰਦਰਜੀਤ ਕੋਲ ਆ ਜਾਂਦੀ।
ਇਸਤੋਂ ਬਾਅਦ ਦੋਸ਼ੀ ਉਨ੍ਹਾਂ ਨਾਲ ਸੰਪਰਕ ਕਰਦੇ ਸਨ। ਜਾਂਚ ’ਚ ਪਤਾ ਲੱਗਾ ਕਿ ਦੋਸ਼ੀਆਂ ਨੇ 1500 ਲੋਕਾਂ ਨਾਲ ਸੰਪਰਕ ਕੀਤਾ ਸੀ। ਜਿਸ ’ਚ ਸੈਂਕੜੇ ਲੋਕਾਂ ਨੇ ਦੋਸ਼ੀਆਂ ਦੇ ਝਾਂਸੇ ’ਚ ਆ ਕੇ ਹਜ਼ਾਰਾਂ ਰੁਪਏ ਕਰਜ਼ ਲੈਣ ਲਈ ਫ਼ੀਸ ਦੇ ਰੂਪ ’ਚ ਦਿੱਤੇ। ਹੁਣ ਤਕ ਦੀ ਜਾਂਚ ’ਚ 10 ਲੱਖ ਦੀ ਠੱਗੀ ਦਾ ਪਤਾ ਲੱਗਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੰਕੜਾ ਹੋਰ ਵੱਡਾ ਵੀ ਹੋ ਸਕਦਾ ਹੈ।