
ਮੈਨੂੰ ਅੱਜ ਵੀ ਯਾਦ ਹੈ,ਸਾਡੇ ਘਰ ਜਦੋਂ ਕੋਈ ਪ੍ਰੋਹਣਾ ਆਉਂਦਾ ਤਾਂ ਸਾਰੇ ਟੱਬਰ ਨੂੰ ਬੜਾ ਚਾਅ ਹੁੰਦਾ। ਬੀਬੀ ਜੀ ਨੇ ਮਾਤਾ ਜੀ ਨੂੰ ਹਦਾਇਤ ਕਰ ਦੇਣੀ ਕਿ ਅੱਜ ਰਾਤ ਦੇ ਖਾਣੇ ਵਿੱਚ ਫਲਾਣੀ ਚੀਜ਼ ਬਣੇ। ਉਹਨਾਂ ਦਿਨਾਂ ਵਿੱਚ ਮਿੱਠੇ ਚੌਲ ( ਜਰਦਾ) ਪ੍ਰੋਹਣਿਆ ਦੀ ਮਹਿਮਾਨ ਨਵਾਜ਼ੀ ਦਾ ਖਾਸ ਕਾਜ ਸੀ। ਦੂਰੋਂ ਤੁਰੀ ਆਉਂਦੀ ਕਿਸੇ ਭੂਆ, ਮਾਸੀ, ਨਾਨੀ, ਨੂੰ ਵੇਖ ਲੈਣਾ ਤਾਂ ਘਰ ਦੇ ਸਾਰੇ ਜਵਾਕ ਉਹਨਾਂ ਦਾ ਝੋਲਾ ਚੁੱਕਣ ਅੱਗੇ ਹੋ ਨੱਠਦੇ, ਤਾਏ ਚਾਚੇ ਦੇ ਜਵਾਕ ਸੱਸਰੀਕਾਲ ਬੁਲਾਉਂਦੇ ਹੀ ਪ੍ਰੋਹਣੇ ਨੂੰ ਪੱਕੀ ਕਰ ਲੈਂਦੇ ਕਿ ਅੱਜ ਤੁਸੀਂ ਸਾਡੇ ਘਰ ਸੌਣਾ। ਸਾਰੇ ਟੱਬਰ ਨੂੰ ਪ੍ਰੋਹਣਿਆਂ ਨੂੰ ਵੇਖ ਬੜਾ ਹੀ ਚਾਅ ਚੜ੍ ਜਾਂਦਾ। ਮਾਂ ਨੇ ਵੰਨ – ਸੁਵੰਨੇ ਪਕਵਾਨ ਬਣਾ ਅੱਗੇ ਧਰ ਦੇਣੇ, ਹੱਸੋਂ ਹੱਸੋਂ ਕਰਦੇ ਚਿਹਰੇ ਨਾਲ ਉਸਨੇ ਇਕੱਲੀ ਨੇ ਚੁਲ੍ਹਾ ਚੌਕਾਂ ਸਾਂਭ ਲੈਣਾ, ਪਰ ਕਦੇ ਅੱਕੀ ਜਾਂ ਥੱਕੀ ਨਹੀਂ ਸੀ। ਰਾਤ ਸੌਣ ਲਈ ਮਾਂ ਦੇ ਦਾਜ ਵਾਲੇ ਸੰਭਾਲੇ ਨਵੇਂ ਜੁਲੇ੍ ਬਿਸਤਰੇ ਕੱਢ ਵਿਛਾਈ ਕੀਤੀ ਜਾਣੀ, ਬਿਸਤਰਿਆਂ ਦੀ ਵਛਾਈ ਕਰਦਿਆਂ ਹੀ ਮਾਂ ਨੂੰ ਚੇਤਾ ਆ ਜਾਣਾ ਕਿ ਫਲਾਣੀ ਚਾਦਰ ਉਸਨੇ ਕਦੋਂ ਕੱਢੀ ਸੀਯ ਮੰਜਿਆਂ ਦੇ ਪੈਂਦਿਆਂ ਸਾਰ ਹੀ ਪ੍ਰੋਹਣਿਆਂ ਨੂੰ ਪਹਿਲਾਂ ਹਫਤਾ ਖੰਡ ਰੁਕਣ ਦੀ ਪੱਕੀ ਕਰ ਦੇਣੀ ” ਬਈ ਹੁਣ ਤੈਨੂੰ ਅਸਾਂ ਹਫ਼ਤਾ ਦਸ ਦਿਨ ਨਹੀਂ ਜਾਣ ਦੇਣਾ, ਵਾਹਵਾ ਰੌਣਕ ਲੱਗੀ ਏ, ਘਰਾਂ ਵਿੱਚੋਂ ਕਿੱਥੇ ਨਿਕਲਿਆ ਜਾਂਦਾਂ ਛੇਤੀ, ਏਦਾਂ ਕਰਦਿਆਂ ਕਰਦਿਆਂ ਜਦੋਂ ਤਿੰਨ ਚਾਰ ਦਿਨ ਲੰਘ ਜਾਣੇ ਤਾਂ ਤਿੰਨੀ ਚੋਹੀਂ ਦਿਨੀ ਆਏ ਮਹਿਮਾਨ ਨੇ ਜਾਣ ਦੀ ਜਿੱਦ ਕਰਨੀ ਤਾਂ ਘਰਦੇ ਜਵਾਕਾਂ ਨੇ ਪਹਿਲਾਂ ਉਹਦਾ ਝੌਲਾ ਲੁਕਾ ਲੈਣਾ, ਅਗਲੇ ਦਿਨ ਫਿਰ ਜਦੋਂ ਉਸਨੇ ਕਾਹਲ ਕਰਨੀ ਤਾਂ ਥੋੜਾ ਰੁਕ, ਥੋੜਾ ਰੁਕ ਕਹਿ ਕੇ ਸ਼ਾਮਾਂ ਪਵਾ ਦੇਣੀਆਂ ਤੇ ਉਨੇ ਚਿਰ ਨੂੰ ਬੱਸ ਨਿਕਲ ਜਾਣੀ, ਕਹਿਣ ਤੋਂ ਭਾਵ ਕਿ ਬੀਤ ਗਏ ਵੇਲਿਆਂ ਵਿੱਚ ਆਪਸੀ ਭਾਈਚਾਰੇ ਤੇ ਪਿਆਰ ਦੀਆਂ ਤੰਦਾਂ ਬੜੀਆਂ ਗੂੜੀਆਂ ਸਨ।
