ਨਵੀਂ ਦਿੱਲੀ – ਅਮਰੀਕਾ ’ਚ ਕੋਰੋਨਾ ਵਾਇਰਸ ਦੇ ਵਿਆਪਕ ਪ੍ਰਕੋਪ ਕਾਰਨ ਉੱਥੇ ਪੜ੍ਹਨ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਈ ਹੈ। 2020-21 ਦੇ ਵਿੱਦਿਅਕ ਸੈਸ਼ਨ ’ਚ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀਸਦੀ ਘੱਟ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਗਏ। ਇਹ ਜਾਣਕਾਰੀ ਸੋਮਵਾਰ ਨੂੰ ਪ੍ਰਕਾਸ਼ਿਤ ਹੋਈ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੀ ਰਿਪੋਰਟ ’ਚ ਦਿੱਤੀ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਗਿਣਤੀ ’ਚ ਆਈ ਗਿਰਾਵਟ ਲਈ ਕੋਵਿਡ ਮਹਾਮਾਰੀ ਕਾਰਨ ਮੰਨਿਆ ਹੈ।ਬਾਵਜੂਦ ਇਸ ਦੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਅਮਰੀਕਾ ਹੁਣ ਵੀ ਪੜ੍ਹਾਈ ਲਈ ਪਹਿਲੀ ਪਸੰਦ ਵਾਲਾ ਦੇਸ਼ ਬਣਿਆ ਹੋਇਆ ਹੈ। ਅਮਰੀਕਾ ’ਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ’ਚ ਭਾਰਤੀਆਂ ਦੀ ਗਿਣਤੀ ਦੂਜੇ ਨੰਬਰ ’ਤੇ ਹੈ। ਅਮਰੀਕਾ ’ਚ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਸਮੂਹ ’ਚ ਸਭ ਤੋਂ ਵੱਧ ਚੀਨ ਦੇ ਹਨ। ਇਹ ਓਪਨ ਡੋਰਸ ਸੰਸਥਾ ਦੀ 2021 ਦੀ ਰਿਪੋਰਟ ’ਚ ਦੱਸਿਆ ਗਿਆ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਵਿਦਿਆਰਥੀਆਂ ਦੀ ਗਿਣਤੀ ਨਾਲ ਸੰਸਥਾਵਾਂ ਦੀ ਇਹ ਰਿਪੋਰਟ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਿਰਫ ਇਨ੍ਹਾਂ ਗਰਮੀਆਂ ਦੇ ਮੌਸਮ ’ਚ 62 ਹਜ਼ਾਰ ਤੋਂ ਵੱਧ ਲੋਕਾਂ ਲਈ ਸਟੂਡੈਂਟ ਵੀਜ਼ਾ ਜਾਰੀ ਕੀਤੇ ਗਏ। ਜਾਰੀ ਵੀਜ਼ਾ ਦੀ ਇਹ ਗਿਣਤੀ ਪਹਿਲਾਂ ਦੇ ਕਿਸੇ ਸਾਲ ਦੇ ਮੁਕਾਬਲੇ ’ਚ ਸਭ ਤੋਂ ਜ਼ਿਆਦਾ ਹਨ। ਜਾਰੀ ਵੀਜ਼ਾ ਦੇ ਮੁਕਾਬਲੇ ’ਚ ਘੱਟ ਵਿਦਿਆਰਥੀ ਭਾਰਤ ਤੋਂ ਅਮਰੀਕਾ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਵਿਦਿਆਰਥੀ ਅਮਰੀਕਾ ’ਚ ਪੜ੍ਹਾਈ ਦੇ ਇਛੁੱਕ ਹਨ ਪਰ ਕੋਵਿਡ ਮਹਾਮਾਰੀ ਦੇ ਪ੍ਰਕੋਪ ਕਾਰਨ ਅਮਰੀਕਾ ਜਾਣ ’ਚ ਝਿਜਕ ਰਹੇ ਹਨ।ਅਮਰੀਕੀ ਦੂਤਘਰ ’ਚ ਸੱਭਿਆਚਾਰਕ ਤੇ ਸਿੱਖਿਆ ਮਾਮਲੇ ਦੇ ਸਲਾਹਕਾਰ ਐਂਥਨੀ ਮਿਰਾਂਡਾ ਮੁਤਾਬਕ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ’ਚ ਪੜ੍ਹਾਈ ਬਾਰੇ ਵਿਦਿਆਰਥੀਆਂ ਦਾ ਨਜ਼ਰੀਆ ਹਾਂ-ਪੱਖੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਅਸਰ ਪੂਰੀ ਦੁਨੀਆ ’ਚ ਪੜ੍ਹਾਈ ਤੇ ਵਿਦਿਆਰਥੀਆਂ ਦੀ ਆਵਾਜਾਈ ’ਤੇ ਪਿਆ ਹੈ। ਅਮਰੀਕਾ ਵੀ ਇਸ ਤੋਂ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਦੁਨੀਆ ਦੇ ਦੇਸ਼ਾਂ ’ਚ ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਈ ਹੈ। ਮਿਰਾਂਡਾ ਮੁਤਾਬਕ 2020-21 ’ਚ ਅਮਰੀਕਾ ਜਾਣ ਵਾਲੇ ਕੁੱਲ ਭਾਰਤੀਆਂ ਦੀ ਗਿਣਤੀ ’ਚ ਜਿੱਥੇ 13 ਫ਼ੀਸਦੀ ਦੀ ਗਿਰਾਵਟ ਆਈ ਹੈ, ਉੱਥੇ ਅਮਰੀਕਾ ਪੁੱਜੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀਸਦੀ ਘੱਟ ਹੋਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ’ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਕੁੱਲ ਗਿਣਤੀ 914000 ਤੋਂ ਵੱਧ ਹੈ। ਇਨ੍ਹਾਂ ’ਚ ਭਾਰਤੀ ਵਿਦਿਆਰਥੀ ਲਗਪਗ 20 ਫ਼ੀਸਦੀ (167582) ਹੈ।
previous post