ਕਾਬੁਲ – ਅਫ਼ਗਾਨਿਸਤਾਨ ਦੇ ਪੰਜਸ਼ੀਰ ‘ਚ ਕਬਜ਼ੇ ਬਾਰੇ ਤਾਲਿਬਾਨ ਤੇ ਵਿਰੋਧੀ ਫ਼ੌਜ ਵਿਚਕਾਰ ਖੂਨੀ ਜੰਗ ਜਾਰੀ ਹੈ। ਸ਼ਨਿਚਰਵਾਰ ਨੂੰ ਉੱਥੇ ਖੂਨੀ ਸੰਘਰਸ਼ ਹੋਇਆ, ਇਸ ਤੋਂ ਬਾਅਦ ਸੈਂਕੜੇ ਤਾਲਿਬਾਨ ਦੀ ਮੌਤ ਦੀ ਖ਼ਬਰ ਹੈ। ਵਿਰੋਧੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਪੰਜਸ਼ੀਰ ਦੇ ਪੂਰਬ ਉੱਤਰ ਸੂਬੇ ‘ਚ ਕਰੀਬ 600 ਤਾਲਿਬਾਨ ਮਾਰੇ ਗਏ ਹਨ ਤੇ 1000 ਤੋਂ ਵੱਧ ਤਾਲਿਬਾਨ ਅੱਤਵਾਦੀਆਂ ਨੇ ਹਥਿਆਰ ਸੁੱਟ ਦਿੱਤੇ ਹਨ। ਇਸ ਦੌਰਾਨ ਅਮਰੀਕੀ ਫ਼ੌਜ ਦੇ ਜਨਰਲ ਦਾ ਦਾਅਵਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਫ਼ਗਾਨਿਸਤਾਨ ‘ਚ ਫਿਰ ਤੋਂ ਖਾਨਾਜੰਗੀ ਹੋਣ ਦੇ ਆਸਾਰ ਹਨ।ਸਪੁਤਨਿਕ ਨੇ ਅਫ਼ਗਾਨੀ ਵਿਰੋਧੀ ਫ਼ੌਜ ਦੇ ਬੁਲਾਰੇ ਫਹੀਮ ਦਾਸਤੀ ਨੇ ਟਵੀਟ ‘ਚ ਲਿਖਿਆ, ‘ਪੰਜਸ਼ੀਰ ਦੇ ਵੱਖ-ਵੱਖ ਜ਼ਿਲਿ੍ਹਆਂ ‘ਚ 600 ਤਾਲਿਬਾਨ ਦਾ ਸਫ਼ਾਇਆ ਕਰ ਦਿੱਤਾ ਗਿਆ ਹੈ। ਇਕ ਹਜ਼ਾਰ ਤੋਂ ਵੱਧ ਤਾਲਿਬਾਨ ਨੂੰ ਫੜ ਲਿਆ ਗਿਆ ਹੈ ਜਾਂ ਉਨ੍ਹਾਂ ਨੇ ਆਤਮ ਸਮਰਪਨ ਕਰ ਦਿੱਤਾ ਹੈ। ਅਫ਼ਗਾਨ ਬਾਗ਼ੀ ਧੜੇ ਨੇ 600 ਤਾਲਿਬਾਨ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਉੱਥੇ ਹੀ ਤਾਲਿਬਾਨ ਦਾ ਦਾਅਵਾ ਹੈ ਕਿ ਉਸ ਨੇ ਪੰਜਸ਼ੀਰ ਦੇ ਚਾਰ ਜ਼ਿਲਿ੍ਹਆਂ ‘ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੇ ਬੁਲਾਰੇ ਬਿਲਾਲੀ ਕਰੀਮੀ ਨੇ ਕਿਹਾ ਹੈ ਕਿ ਪੰਜਸ਼ੀਰ ਸੂਬੇ ਦੇ ਸੱਤ ‘ਚੋਂ ਚਾਰ ਜ਼ਿਲ੍ਹੇ ਸਾਡੇ ਕਬਜ਼ੇ ‘ਚ ਆ ਚੁੱਕੇ ਹਨ। ਅਸੀਂ ਹੁਣ ਪੰਜਸ਼ੀਰ ਵੱਲ ਵਧ ਰਹੇ ਹਾਂ। ਵਿਰੋਧੀ ਫ਼ੌਜ ਦੇ ਨੇਤਾ ਅਮਰੁੱਲ੍ਹਾ ਸਾਲੇਹ ਨੇ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ‘ਚ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਨੇ ਇਸ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਪਰ ਉਨ੍ਹਾਂ ਨੇ ਇਹ ਮੰਨਿਆ ਹੈ ਕਿ ਤਾਲਿਬਾਨ ਨੇ ਫੋਨ, ਇੰਟਰਨੈੱਟ ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀਆਂ ਹਨ ਕਿ ਜਿਸ ਕਾਰਨ ਹਾਲਾਤ ਮੁਸ਼ਕਲ ਹਨ। ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਸਾਲੇਹ ਨੇ ਕਿਹਾ ਕਿ ਦੋਵਾਂ ਧਿਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਅਸੀਂ ਇਕ ਮੁਸ਼ਕਲ ਹਾਲਾਤ ‘ਚ ਹਾਂ। ਸਾਡੇ ‘ਤੇ ਤਾਲਿਬਾਨ ਦਾ ਹਮਲਾ ਹੋਇਆ ਹੈ। ਸਾਡੀ ਫ਼ੌਜ ਆਤਮ ਸਮਰਪਨ ਨਹੀਂ ਕਰੇਗੀ। ਇਸ ਦੌਰਾਨ ਅਮਰੀਕਾ ਦੇ ਸੀਨੀਅਰ ਫ਼ੌਜੀ ਜਨਰਲ ਮਾਰਕ ਮਿਲੇ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਸੂਬੇ ਪੰਜਸ਼ੀਰ ‘ਚ ਦੋਵਾਂ ਧਿਰਾਂ ਵਿਚਕਾਰ ਹਾਲਾਤ ਬੇਹੱਦ ਮਾਰੂ ਹਨ। ਇਸ ਲਈ ਹੁਣ ਅਫ਼ਗਾਨਿਸਤਾਨ ‘ਚ ਖਾਨਾਜੰਗੀ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਤਾਲਿਬਾਨ ਛੇਤੀ ਹੀ ਵਿਰੋਧੀਆਂ ਦੀਆਂ ਸ਼ਕਤੀਆਂ ਸੀਮਤ ਕਰੇਗਾ ਜਾਂ ਨਹੀਂ।