ਲੰਡਨ – ਇੰਗਲੈਂਡ ਦੀ ਫ਼ੌਜੀ ਫ਼ਿਜ਼ੀਓਥੈਰਾਪਿਸਟ ਕੈਪਟਨ ਹਰਪ੍ਰੀਤ ਕੌਰ ਚੰਦੀ ਨੇ ਧਰਤੀ ਦੇ ਦੱਖਣੀ ਧਰੁਵ ਭਾਵ ਅੰਟਾਰਕਟਿਕਾ ’ਤੇ ਆਪਣੀ ਸਕੀਇੰਗ ਨਾਲ ਨਵਾਂ ਰਿਕਾਰਡ ਕਾਇਮ ਕਰ ਦਿਖਾਇਆ ਹੈ। ਉਸ ਨੇ ਇਕੱਲਿਆਂ ਅੰਟਾਰਕਟਿਕਾ ਦੀ 1,130 ਕਿਲੋਮੀਟਰ ਲੰਮੀ ਬਰਫ਼ਾਨੀ ਚਾਦਰ ਦਾ ਸਫ਼ਰ ਸਕੀਇੰਗ ਕਰਦਿਆਂ 31 ਦਿਨਾਂ, 13 ਘੰਟਿਆਂ ਤੇ 19 ਮਿੰਟਾਂ ’ਚ ਮੁਕੰਮਲ ਕੀਤਾ ਹੈ। ਇਸ ਤੋਂ ਪਹਿਲਾਂ ਕੋਈ ਵੀ ਔਰਤ ਅਜਿਹਾ ਰਿਕਾਰਡ ਕਾਇਮ ਨਹੀਂ ਕਰ ਸਕੀ। ਇਹ ਹਰਪ੍ਰੀਤ ਕੌਰ ਦਾ ਦਾਅਵਾ ਹੈ; ਗਿੰਨੀਜ਼ ਬੁੱਕ ਆੱਫ਼ ਰਿਕਾਰਡ ਨੇ ਹਾਲੇ ਇਸ ਦਾਅਵੇ ਦੀ ਪੁਸ਼ਟੀ ਕਰਨੀ ਹੈ ਪਰ ਇਸ ਪੁਸ਼ਟੀ ਤੋਂ ਪਹਿਲਾਂ ਹੀ ਲੋਕ ਉਸ ਨੂੰ ‘ਪੋਲਰ ਕੌਰ’ ਆਖਣ ਲੱਗ ਪਏ ਹਨ। ਉਂਜ ਇਸ ਤੋਂ ਪਹਿਲਾਂ ਦੋ ਜਣੇ ਸਕੀਇੰਗ ਕਰਦਿਆਂ ਦੱਖਣੀ ਧਰੁਵ ਨੂੰ ਪਾਰ ਕਰ ਚੁੱਕੇ ਹਨ।34 ਸਾਲਾ ਕੈਪਟਨ ਹਰਪ੍ਰੀਤ ਕੌਰ ਚੰਦੀ ਇਸ ਤੋਂ ਪਹਿਲਾਂ ਸਾਲ 2021 ’ਚ ਅੰਟਾਰਕਟਿਕਾ ਦੀ 700 ਮੀਲ ਲੰਮੀ ਯਾਤਰਾ ਇਕੱਲਿਆਂ ਮੁਕੰਮਲ ਕਰਨ ਵਾਲੀ ਪਹਿਲੀ ਗ਼ੈਰ-ਗੋਰੀ ਔਰਤ ਬਣ ਗਈ ਸੀ। ਹੁਣ ਨਵਾਂ ਮਾਅਰਕਾ ਮਾਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਇਸ ਮੁਹਿੰਮ ਨੇ ਭਾਵੇਂ ਉਸ ਨੂੰ ਥਕਾ ਦਿੱਤਾ ਹੈ ਪਰ ਇਸ ਨੂੰ ਮੁਕੰਮਲ ਕਰਨ ਦੀ ਉਸ ਨੂੰ ਡਾਹਢੀ ਖ਼ੁਸ਼ੀ ਹੈ। ਉਸ ਨੇ ਕਿਹਾ ਕਿ ਸਕੀਇੰਗ ਦਾ ਆਪਣਾ ਵੱਖਰਾ ਹੀ ਆਨੰਦ ਹੈ ਪਰ ਤੇਜ਼ ਰਫ਼ਤਾਰ ਨਾਲ ਇਕ ਰਿਕਾਰਡ ਕਾਇਮ ਕਰਨਾ ਬਿਲਕੁਲ ਵੱਖਰਾ ਵਿਸ਼ਾ ਹੈ।ਇੰਗਲੈਂਡ ਦੇ ਸ਼ਹਿਰ ਡਰਬੀ ’ਚ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਚੰਦੀ ਨੇ ਅੰਟਾਰਕਟਿਕਾ ਨੂੰ ਧਰਤੀ ਦੀ ਅਦਭੁਤ ਜਗ੍ਹਾ ਦੱਸਿਆ। ਉਸ ਨੇ ਕਿਹਾ ਕਿ ਉਹ ਦੱਖਣੀ ਧਰੁਵ ਦੀ ਸ਼ੁਕਰਗੁਜ਼ਾਰ ਹੈ ਕਿ ਉਸ ਦੀ ਯਾਤਰਾ ਦੌਰਾਨ ਕੋਈ ਵੱਡਾ ਤੂਫ਼ਾਨੀ ਅੜਿੱਕਾ ਨਹੀਂ ਪਿਆ।ਹਰਪ੍ਰੀਤ ਕੌਰ ਚੰਦੀ ਨੂੰ ਪਿੱਛੇ ਜਿਹੇ ‘ਮੈਂਬਰ ਆਫ ਦਿ ਬਿ੍ਰਟਿਸ਼ ਐਂਪਾਇਰ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਇੰਗਲੈਂਡ ਦੇ ਰੱਖਿਆ ਖੇਤਰ ਦੀਆਂ ਔਰਤਾਂ ਦੇ ਵਰਗ ’ਚ ਸਾਲ 2022 ਦਾ ‘ਵੋਮੈਨ ਆਫ ਦਿ ਈਅਰ’ ਪੁਰਸਕਾਰ ਵੀ ਮਿਲ ਚੁੱਕਾ ਹੈ।
