ਨਵੀਂ ਦਿੱਲੀ – ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਬਾਵਜੂਦ ਪੰਜਾਬ ਕਾਂਗਰਸ ਨੂੰ ਲੈ ਕੇ ਸਸਪੈਂਸ ਬਰਕਰਾਰ ਦਿਖਾਈ ਦੇ ਰਿਹਾ ਹੈ। ਨਾਰਾਜ਼ ਚੱਲ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ ਜਾਖੜ ਰਾਹੁਲ-ਪ੍ਰਿਅੰਕਾ ਦੇ ਨਾਲ ਹੀ ਜਹਾਜ਼ ਰਾਹੀਂ ਦਿੱਲੀ ਵੀ ਆਏ ਹਨ। ਪੰਜਾਬ ਵਿਚ ਸਿਆਸਤ ਘਟਨਾਕਰਮ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਵਾਲੇ ਜਾਖੜ ਦੇ ਅਚਾਨਕ ਰਾਹੁਲ ਤੇ ਪ੍ਰਿਅੰਕਾ ਨਾਲ ਮਿਲਣ ਤੋਂ ਬਾਅਦ ਫਿਰ ਤੋਂ ਅਟਕਲਾਂ ਤੇਜ਼ ਹੋ ਗਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਜਾਖੜ ਭਾਵੇ ਮੁੱਖ ਮੰਤਰੀਆਂ ਦੀ ਸੂਚੀ ‘ਚ ਸਭ ਤੋਂ ਅੱਗੇ ਚੱਲ ਰਹੇ ਸੀ। ਹਾਲਾਂਕਿ ਬਾਜ਼ੀ ਮਾਰੀ ਚਰਨਜੀਤ ਸਿੰਘ ਚੰਨੀ ਨੇ। ਇਸ ਤੋਂ ਬਾਅਦ ਸੁਨੀਲ ਜਾਖੜ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਤੋਂ ਪਹਿਲਾਂ ਸੁਨੀਲ ਜਾਖੜ ਹੀ ਇਹ ਅਹੁਦਾ ਸੰਭਾਲ ਰਹੇ ਸਨ।
ਸੂਤਰਾ ਅਨੁਸਾਰ ਰਾਹੁਲ ਤੇ ਪ੍ਰਿਅੰਕਾ ਸ਼ਿਮਲਾ ਤੋਂ ਵਾਪਸ ਪਰਤੇ ਹੀ ਸੀ ਤੇ ਦੋਵੇਂ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਤੋਂ ਹੀ ਦਿੱਲੀ ਜਾਣ ਦੇ ਲਈ ਇਕ ਜਹਾਜ਼ ‘ਚ ਸਵਾਰ ਹੋਏ। ਜਾਖੜ ਵੀ ਇਸ ਯਾਤਰਾ ‘ਚ ਉਨ੍ਹਾਂ ਨਾਲ ਸੀ। ਮੰਨਿਆ ਜਾ ਰਿਹਾ ਹੈ ਕਿ ਜਾਖੜ ਨੂੰ ਸ਼ਾਤ ਕਰਨ ਲਈ ਦਿੱਲੀ ਲਿਆਇਆ ਗਿਆ ਹੈ ਤਾਂ ਕਿ ਉਨ੍ਹਾਂ ਦੀ ਬਿਆਨਬਾਜ਼ੀ ਨਾਲ ਪਾਰਟੀ ਨੂੰ ਨੁਕਾਸਨ ਨਾ ਹੋਵੇ। ਇਸ ਤੋਂ ਇਲਾਵਾ ਜਲਦੀ ਹੀ ਉਨ੍ਹਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਾਰਟੀ ਦੇ ਚੋਣ ਕੈਂਪੇਨ ਕਮੇਟੀ ਦੇ ਪ੍ਰਧਾਨ ਦੇ ਤੌਰ ‘ਤੇ ਜਾਖੜ ਦੇ ਨਾਂ ‘ਤੇ ਪਹਿਲਾਂ ਤੋਂ ਹੀ ਵਿਚਾਰ ਕੀਤਾ ਜਾ ਰਿਹਾ ਹੈ।