ਚੰਡੀਗੜ੍ਹ – ਕਾਂਗਰਸ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਰਹੇ ਜਲਾਲਾਬਾਦ ਦੇ ਹਿੰਦੂ ਨੇਤਾ ਅਨੀਸ਼ ਸਿਡਾਨਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜੁਆਇੰਨ ਕਰ ਲਈ ਹੈ। ਸਿਡਾਨਾ ਲੰਮੇ ਸਮੇਂ ਤੋਂ ਕਾਂਗਰਸੀ ਸਨ ਅਤੇ ਪਾਰਟੀ ਨੇ ਬੁੱਧੀਜੀਵੀ ਸੈੱਲ ਦਾ ਚੇਅਰਮੈਨ ਬਣਾਇਆ ਹੋਇਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਡਾਨਾ ਨੂੰ ਉਨ੍ਹਾਂ ਦੀ ਹਮਾਇਤੀਆਂ ਸਮੇਤ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਮੌਕੇ ਸਿਡਾਨਾ ਨੇ ਕਿਹਾ ਕਿ ਸਲਮਾਨ ਖ਼ੁਰਸ਼ੀਦ ਨੇ ਆਪਣੀ ਕਿਤਾਬ ’ਚ ਜਦੋਂ ਹਿੰਦੂਆਂ ਦੀ ਤੁਲਨਾ ਆਈਐੱਸਆਈਐੱਸ ਦੇ ਅੱਤਵਾਦੀਆਂ ਨਾਲ ਕੀਤੀ, ਉਸੇ ਸਮੇਂ ਉਨ੍ਹਾਂ ਨੇ ਪਾਰਟੀ ਛੱਡਣ ਦਾ ਮਨ ਬਣਾ ਲਿਆ ਸੀ।ਇਸ ਮੌਕੇ ਉਨ੍ਹਾਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਜੰਮ ਕੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਚੰਨੀ ਆਪਣਾ ਅਕਸ ਆਮ ਆਦਮੀ ਦਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਖਰੜ ਅਤੇ ਰੂਪਨਗਰ ਦੇ ਲੋਕਾਂ ਨੂੰ ਪਤਾ ਹੈ ਕਿ ਉਹ ਕਿੰਨੇ ਵੱਡੇ ਗੈਰਕਾਨੂੰਨੀ ਕਲੋਨਾਈਜ਼ਰ ਹਨ। ਉੱਥੇ, ਬਾਦਲ ਨੇ ਚੰਨੀ ਨੂੰ ਰੇਤ ਮਾਫ਼ੀਆ ਦਾ ਸਰਗਨਾ ਦੱਸਿਆ। ਉਨ੍ਹਾਂ ਕਿਹਾ ਕਿ 5 ਰੁਪਏ ਰੇਤ ਦੀ ਕੀਮਤ ਹੋਈ ਨਹੀਂ, ਪਰ 50 ਕਰੋੜ ਰੁਪਏ ਉਸ ਦੇ ਇਸ਼ਤਿਹਾਰ ’ਤੇ ਖਰਚ ਕਰ ਦਿੱਤੇ। ਬਿਜਲੀ ਦੀ ਕੀਮਤ 3 ਰੁਪਏ ਕਰਨ ਦਾ ਐਲਾਨ ਕੀਤਾ, ਪਰ ਵਿਭਾਗ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਸ ’ਚ ਇਹ ਸਪੱਸ਼ਟ ਹੈ ਕਿ ਇਹ ਫ਼ੈਸਲਾ 31 ਮਾਰਚ 2022 ਤਕ ਹੀ ਲਾਗੂ ਰਹੇਗਾ। ਭਾਵ 31 ਮਾਰਚ ਤਕ ਬਿਜਲੀ 3 ਰੁਪਏ ਅਤੇ ਉਸ ਤੋਂ ਬਾਅਦ ਫਿਰ 10 ਰੁਪਏ ਯੂਨਿਟ।ਡਰੱਗਜ਼ ਦੇ ਮਾਮਲੇ ’ਚ ਪੁੱਛੇ ਜਾਣ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਹਾਈ ਕੋਰਟ ਨੇ ਅੱਜ ਤਕ ਪੰਜਾਬ ਸਰਕਾਰ ਨੂੰ ਡਰੱਗਜ਼ ਮਾਮਲੇ ’ਚ ਕਾਰਵਾਈ ਕਰਨ ਤੋਂ ਨਹੀਂ ਰੋਕਿਆ। ਇਕ ਵੀ ਬੰਦਾ ਇਨ੍ਹਾਂ ਨੇ ਡਰੱਗਜ਼ ਮਾਮਲੇ ’ਚ ਨਹੀਂ ਫੜਿਆ। ਕਾਂਗਰਸ ਨੇ ਨਾ ਤਾਂ ਬੇਅਦਬੀ ਮਾਮਲਿਆਂ ਨੂੰ ਸੁਲਝਾਇਆ ਅਤੇ ਨਾ ਹੀ ਡਰੱਗਜ਼ ਦੇ ਮਾਮਲੇ ਨੂੰ। ਕਾਂਗਰਸ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ। ਟਰਾਂਸਪੋਰਟ ਮੰਤਰੀ ਵੱਲੋਂ ਬਾਦਲਾਂ ਦੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ ਦੇ ਸਬੰਧ ’ਚ ਪੁੱਛੇ ਜਾਣ ’ਤੇ ਸੁਖਬੀਰ ਨੇ ਦੱਸਿਆ, ਉਨ੍ਹਾਂ ਦੇ ਟਰਾਂਸਪੋਰਟ ਦਾ ਇਕ ਵੀ ਰੁਪਇਆ ਟੈਕਸ ਬਕਾਇਆ ਨਹਂੀ ਹੈ। ਮੰਤਰੀ ਨੇ ਜੇੋ ਕਰਨਾ ਹੈ, ਉਹ ਕਰ ਲਵੇ। ਡੇਢ ਮਹੀਨੇ ਬਾਅਦ ਉਹ ਮੰਤਰੀ ਤੋਂ ਸੰਤਰੀ ਹੋ ਜਾਣਗੇ। ਮੰਤਰੀ ਨੇ ਅਜੇ ਤਕ ਕੁਸ਼ਲਦੀਪ ਢਿੱਲੋਂ ਤੇ ਅਵਤਾਰ ਹੇਨਰੀ ਦੀਆਂ ਕਿੰਨੀਆਂ ਬੱਸਾਂ ਫੜੀਆਂ ਹਨ। ਉੱਥੇ, ਅਨੀਸ਼ ਸਿਡਾਨਾ ਨੇ ਵੀ ਮੁੱਖ ਮੰਤਰੀ ਨੂੰ ਪ੍ਰਾਪਰਟੀ ਮਾਫ਼ੀਆ ਦੱਸਦੇ ਹੌਏ ਕਿਹਾ ਕਿ ਚੰਨੀ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਪੰਜਾਬ ’ਚ ਸਭ ਤੋਂ ਪਹਿਲਾਂ ਰੇਤ ਦਾ ਨਾਜਾਇਜ਼ ਕਾਰੋਬਾਰ ਸ਼ੁਰੂ ਕੀਤਾ। ਉਹ ਗਰੀਬ ਹੋਣ ਦਾ ਨਾਟਕ ਕਰਦੇ ਹਨ, ਪਰ ਹਕੀਕਤ ਕੁਝ ਹੋਰ ਹੀ ਹੈ।