ਜਲੰਧਰ – ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੈ, ਪਰ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਹੀ ਇਸਦੇ ਅਸਲੀ ਸਰਦਾਰ ਨਜ਼ਰ ਆ ਰਹੇ ਹਨ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਚੰਨੀ ਪੰਜਾਬ ਦੇ ਮੁੱਖ ਮੰਤਰੀ ਹਨ, ਪਰ ਨਵਜੋਤ ਸਿੰਘ ਸਿੱਧੂ ਦਾ ਰੁਤਬਾ ‘ਸੁਪਰ ਸੀਐੱਮ’ ਵਰਗਾ ਦਿਖ ਰਿਹਾ ਹੈ। ਦਰਅਸਲ ਪੰਜਾਬ ਵਿਚ ਸੁਪਰ ਸੀਐੱਮ ਦਾ ਕਲਚਰ ਨਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਨਹੀਂ ਬਦਲ ਸਕਿਆ ਹੈ। ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋ ਵਾਰ ਦੀ ਸਰਕਾਰ ਹੋਵੇ ਜਾਂ ਫਿਰ ਇਸ ਵਾਰ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੋਵੇ, ਸਾਰਿਆਂ ਵਿਚ ਸੁਪਰ ਸੀਐੱਮ ਦਾ ਅਣਐਲਾਨਿਆ ਅਹੁਦਾ ਬਰਕਰਾਰ ਹੀ ਰਿਹਾ ਹੈ। ਇਸ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੁਪਰ ਸੀਐੱਮ ਦੀ ਭੂਮਿਕਾ ਵਿਚ ਨਜ਼ਰ ਆਉਣ ਲੱਗੇ ਹਨ। ਚੰਨੀ ਦੇ ਮੁੱਖ ਮੰਤਰੀ ਬਣਨ ਦੇ ਤਿੰਨ ਦਿਨ ਵਿਚ ਹੀ ਸਰਕਾਰ ਦੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਨੂੰ ਲੈ ਕੇ ਲਏ ਗਏ ਤਮਾਮ ਫੈਸਲਿਆਂ ਵਿਚ ਸਿੱਧੂ ਦੀ ਝਲਕ ਦਿਖਾਈ ਦੇ ਰਹੀ ਹੈ। ਇਹੀ ਵਜ੍ਹਾ ਹੈ ਕਿ ਬਿਊਰੋਕ੍ਰੇਸੀ ਵਿਚ ਇਸ ਨੂੰ ਲੈ ਕੇ ਕਾਫੀ ਚਰਚਾਵਾਂ ਹਨ ਤੇ ਮਨਚਾਹੇ ਅਹੁਦੇ ਦੀ ਦੌੜ ਵਿਚ ਸ਼ਾਮਲ ਸਾਰੇ ਬਿਊਰੋਕ੍ਰੇਟਸ ਨੇ ਸਿੱਧੂ ਦੇ ਦਰਬਾਰ ਵਿਚ ਕਿਸੇ ਨਾ ਕਿਸੇ ਦਾ ਸਹਾਰਾ ਲੈ ਕੇ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇਕ ਹਫਤੇ ਵਿਚ ਹੀ ਪੰਜਾਬ ਭਰ ਵਿਚ ਇਹ ਮੈਸੇਜ ਜਾਣ ਲੱਗਾ ਹੈ ਕਿ ਭਾਵੇਂ ਹੀ ਚੰਨੀ ਦੀ ਸਰਕਾਰ ਹੋਵੇ, ਪਰ ਸਿੱਧੂ ਇਸ ਸਰਕਾਰ ਦੇ ਸਰਦਾਰ ਹਨ।