ਚੰਡੀਗੜ੍ਹ – ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ‘ਤੇ ਮੋਹਰ ਲਗਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਸਰਕਾਰ ਦਾ ਸਰਦਾਰ ਚਰਨਜੀਤ ਸਿੰਘ ਚੰਨੀ ਹੈ। ਸੁਰਜੇਵਾਲਾ ਦਾ ਕਹਿਣਾ ਹੈ ਕਿ ‘ਪਾਰਟੀ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਹਨ ਤੇ ਸਰਕਾਰ ਦੇ ਸਰਦਾਰ ਚਰਨਜੀਤ ਸਿੰਘ ਚੰਨੀ’।
ਦੋਵਾਂ ਆਗੂਆਂ ਨੇ ਪੰਜਾਬ ਕਾਂਗਰਸ ਭਵਨ ਵਿਖੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੰਜਾਬ ਮਾਡਲ ਦੁਹਰਾਇਆ, ਜਿਸ ‘ਤੇ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਹਾਮੀ ਭਰੀ। ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਾਂਗਰਸ ਭਵਨ ਵਿਖੇ ਨਵਜੋਤ ਸਿੰਘ ਸਿੱਧੂ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖਿਲਾਫ ਈਡੀ ਦੀ ਕਾਰਵਾਈ ਬਾਰੇ ਕਿਹਾ ਕਿ ਈਡੀ ਦਾ ਮਤਲਬ ਚੋਣ ਵਿਭਾਗ ਹੈ।
ਸੁਰਜੇਵਾਲਾ ਭਾਵੇਂ ਚੰਨੀ ਦਾ ਪੱਖ ਲੈ ਰਹੇ ਹੋਣ ਪਰ ਉਨ੍ਹਾਂ ਦੇ ਨਾਲ ਬੈਠੇ ਨਵਜੋਤ ਸਿੰਘ ਸਿੱਧੂ ਨੇ ਈਡੀ ਦੀ ਛਾਪੇਮਾਰੀ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਰੇਤ ਮਾਈਨਿੰਗ ਦਾ ਮੁੱਦਾ ਆਮ ਤੌਰ ‘ਤੇ ਉਠਾਉਣ ਵਾਲੇ ਨਵਜੋਤ ਸਿੱਧੂ ਨੇ ਦੂਜੇ ਦਿਨ ਵੀ ਚੁੱਪ ਧਾਰੀ ਰੱਖੀ। ਸਿੱਧੂ ਨੇ ਕਾਂਗਰਸ ਭਵਨ ‘ਚ ਇਕ ਵਾਰ ਫਿਰ ਆਪਣੇ ਪੰਜਾਬ ਮਾਡਲ ‘ਤੇ ਚਰਚਾ ਕੀਤੀ ਪਰ ਮੁੱਖ ਮੰਤਰੀ ਦੇ ਭਤੀਜੇ ਖਿਲਾਫ ਹੋਈ ਕਾਰਵਾਈ ‘ਤੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ। ਸਰਕਾਰ ਨੇ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਸੀ, ਪਰ ਆਮਦਨ ਦੁੱਗਣੀ ਨਹੀਂ ਹੋਈ, ਪਰ ਦਰਦ ਸੌ ਗੁਣਾ ਜ਼ਰੂਰ ਵਧ ਗਿਆ। ਦੋਵਾਂ ਆਗੂਆਂ ਨੇ ਇਸ ਵਿਸ਼ੇ ‘ਤੇ ਇਕ ਕਿਤਾਬਚਾ ਵੀ ਜਾਰੀ ਕੀਤਾ।
ਸੁਰਜੇਵਾਲਾ ਨੇ ਕਿਹਾ ਕਿ ਜਦੋਂ ਖੇਤੀਬਾੜੀ ਐਕਟ ਲਿਆਂਦਾ ਗਿਆ ਤਾਂ ਅਕਾਲੀ ਉਨ੍ਹਾਂ ਦੇ ਨਾਲ ਸਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀ ਇਸ ਸਬੰਧੀ ਆਪਣੇ ਰਾਜ ਵਿਚ ਕਾਨੂੰਨ ਬਣਾਇਆ ਹੈ। ਸੁਰਜੇਵਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ‘ਤੇ ਵੀ ਜੀਐੱਸਟੀ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਦੇ ਵਿਕਾਸ ਦਾ ਮਾਡਲ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰ ਪਾਰਟੀਆਂ ਕੋਲ ਵੀ ਅਜਿਹਾ ਮਾਡਲ ਹੈ ਤਾਂ ਦੱਸੋ।