
ਬੀਤੀ ਜੁਲਾਈ ਮਹੀਨੇ ਦੇ ਇਕ ਦਿਨ ਸਾਡੇ ਪਿੰਡ ਸਵੇਰੇ ਸੁਵਖਤੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਤੋਂ ਹੋਈ ਅਨੋਖੀ ਅਨਾਊਂਸਮੈੰਟ ਸੁਣ ਕੇ ਕੰਨ ਖੜ੍ਹੇ ਹੋ ਗਏ ! ਭਾਈ ਸਾਹਿਬ ਲਾਗੇ-ਚਾਗੇ ਦੇ ਪਿੰਡਾਂ ਦੇ ਵੀ ਨਾਂ ਲੈ ਕੇ ‘ਜਿੱਥੇ ਤੱਕ ਅਵਾਜ਼ ਜਾਂਦੀ ਹੈ!’ ਕਹਿੰਦਿਆਂ ਸੂਚਨਾਂ ਦੇ ਰਹੇ ਸਨ ਕਿ ਅੱਜ ਦਸ ਕੁ ਵਜੇ ਨਹਿਰੀ ਵਿਭਾਗ ਦੇ ਉੱਚ ਅਫਸਰ ਸਾਡੇ ਪਿੰਡ ਪਹੁੰਚ ਰਹੇ ਹਨ। ਜਿਨ੍ਹਾਂ ਜਿਨ੍ਹਾਂ ਜਿਮੀਦਾਰ ਭਰਾਵਾਂ ਨੇ ਸਿੰਜਾਈ ਵਾਸਤੇ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਦਾ ਮੋਘਾ ਲਵਾਉਣਾ ਹੋਵੇ ਉਹ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚ ਕੇ ਮਹਿਕਮੇਂ ਦੇ ਅਫਸਰਾਂ ਕੋਲ ਆਪੋ ਆਪਣੇ ਨਾਂ ਦਰਜ ਕਰਾਉਣ ਦੀ ਕ੍ਰਿਪਾਲਤਾ ਕਰਨ ਜੀ !
ਦਰਅਸਲ ਸਾਡੇ ਪਿੰਡ ਦੁਪਾਲ ਪੁਰ ਦੇ ਢਾਹੇ ਵਾਲ਼ੇ ਪਾਸੇ ਮੀਲ ਕੁ ਦੂਰ ਵਗਦੀ ਬਿਸਤ ਦੁਆਬ ਨਹਿਰ ਮੇਰੇ ਜਨਮ ਸੰਨ (1957) ਤੋਂ ਵੀ ਕਈ ਵਰ੍ਹੇ ਪਹਿਲਾਂ ਦੀ ਬਣੀ ਹੋਈ ਹੈ। ਸਤਲੁਜ ਦਰਿਆ ‘ਤੇ ਬਣੇ ਰੋਪੜ ਹੈੱਡਵਰਕਸ ਤੋਂ ਨਿਕਲ਼ਦੀ ਇਸ ਨਹਿਰ ‘ਚੋਂ ਆਰ.ਡੀ 94 ਪਿੰਡ ਮਹਿਤ ਪੁਰ ਤੋਂ ਆਦਮਪੁਰ ਬ੍ਰਾਂਚ ਨਿਕਲਦੀ ਹੈ ਅਤੇ ਸਾਡੇ ਪਿੰਡੋਂ ਛੇ ਕੁ ਮੀਲ ਦੂਰ ਰਾਹੋਂ ਵੱਲ੍ਹ ਆਰ.ਡੀ 122 ‘ਤੇ ਨਵਾਂਸ਼ਹਿਰ ਡਿਸਟ੍ਰੀਬਿਊਟਰੀ (ਸੁਬਾਜ ਪੁਰ ਵਾਲ਼ੀ ਝਲਾਰ) ਤੋਂ ਵੱਖ-ਵੱਖ ਦਿਸ਼ਾਵਾਂ ਨੂੰ ਤਿੰਨ ਸੂਏ ਕੱਢੇ ਗਏ ਹਨ ਜੋ ਨਵਾਂਸ਼ਹਿਰ ਅਤੇ ਰਾਹੋਂ ਦੇ ਇਰਦ-ਗਿਰਦ ਇਲਾਕੇ ਨੂੰ ਸਿੰਜਾਈ ਸਹੂਲਤ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਸਾਡੇ ਪਿੰਡਾਂ ਵਾਲ਼ਿਆਂ ਨੇ ਕਦੇ ਨਹਿਰੀ ਪਾਣੀ ਨਾਲ ਸਿੰਜਾਈ ਕਰਨ ਬਾਰੇ ਸੋਚਿਆ ਚਿਤਵਿਆ ਵੀ ਨਹੀਂ ਸੀ। ਪਰ ਹੁਣ ਗੁਰਦੁਆਰੇ ਤੋਂ ਹੋਈ ਅਨਾਊਂਸਮੈਂਟ ਨੇ ਹੈਰਾਨੀ ਪੈਦਾ ਕਰ ਦਿੱਤੀ!
ਨਿਜੀ ਰੁਝੇਵੇਂ ਕਾਰਨ ਭਾਵੇਂ ਮੈਂ ਆਪਣੇ ਪਿੰਡ ਵਾਲ਼ੀ ਉਕਤ ਮੀਟਿੰਗ ਵਿਚ ਹਾਜ਼ਰ ਨਹੀਂ ਹੋ ਸਕਿਆ ਪਰ ਸ਼ਾਮ ਨੂੰ ਘਰੇ ਆ ਕੇ ਇਸ ਮੀਟਿੰਗ ਬਾਰੇ ਨਹਿਰੀ ਵਿਭਾਗ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਆਪਣੇ ਗਰਾਈਂ ਹਮਜਮਾਤੀ ਤੋਂ ਪੂਰੀ ਜਾਣਕਾਰੀ ਲਈ ! ਉਸਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਸਤਹ ਆਏ ਸਾਲ ਹੋਰ ਡੂੰਘੀ ਹੋਰ ਡੂੰਘੀ ਹੋਈ ਜਾਣ ਤੋਂ ਚਿੰਤਤ ਪੰਜਾਬ ਦੀ ਮਾਨ ਸਰਕਾਰ ਨੇ ਇਹ ਯੋਜਨਾ ਬਣਾਈ ਹੈ ਕਿ ਇਸ ਇਲਾਕੇ ਨੂੰ ਵੀ ਸਿੰਜਾਈ ਲਈ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ਨਾਲ ਇਕ ਤਾਂ ਧੜਾ ਧੜ ਨਵੇਂ ਪੁੱਟੇ ਜਾ ਰਹੇ ਟਿਊਬਵੈਲਾਂ ਦੀ ਗਿਣਤੀ ਨੂੰ ਠੱਲ੍ਹ ਪਵੇ ਗੀ। ਦੂਸਰਾ ਨਹਿਰ ਤੋਂ ਨਿਕਲਦੇ ਨਾਲ਼ਿਆਂ ਦੀ ਬਦੌਲਤ ਧਰਤੀ ਲਈ ਜੀਰਣ ਪ੍ਰਕ੍ਰਿਆ ਵੀ ਹੋਵੇਗੀ। ਜੋ ਕਿ ਦਿਨ-ਬ-ਦਿਨ ਹੇਠਾਂ ਜਾ ਰਹੀ ਪਾਣੀ ਦੀ ਸਤਹ ਲਈ ਬਹੁਤ ਲਾਹੇਵੰਦ ਹੋਵੇਗੀ।
ਮੇਰੇ ਇਸ ਹਮਜਮਾਤੀ ਦੋਸਤ ਨੇ ਮੈਨੂੰ ਸੁਝਾਅ ਦਿੱਤਾ ਕਿ ਮਾਨ ਸਰਕਾਰ ਦੀ ਇਸ ਯੋਜਨਾਂ ਉੱਤੇ ਫੌਰੀ ਅਮਲ ਵੀ ਹੋਇਆ ਦੇਖਣਾ ਹੈ ਤਾਂ ਨਹਿਰ ‘ਤੇ ਗੇੜਾ ਮਾਰ ਕੇ ਆਉ! ਸੱਚਮੁਚ ਮੈਂ ਪਿੰਡੋਂ ਨਵਾਂਸ਼ਹਿਰ ਜਾਂਦਿਆਂ ਦੇਖਿਆ ਕਿ ਅਸਮਾਨ ਪੁਰ ਅਤੇ ਰਾਣੇਵਾਲ ਪਿੰਡਾਂ ਲਾਗੇ ਤਿੰਨ ਮੋਘੇ ਤਾਮੀਰ ਹੋ ਚੁੱਕੇ ਨੇ ਅਤੇ ਨਹਿਰੀ ਪਾਣੀ ਸਿੰਜਾਈ ਕਰ ਰਿਹਾ ਹੈ!ਹੋਰ ਤਾਂ ਹੋਰ ਹੁਣ ਸੁਬਾਜ ਪੁਰ ਦੀ ਝਲਾਰ ਤੋਂ ਨਿੱਕਲ਼ੇ ਹੋਏ ਸੂਏ ਵੀ ਕੰਢਿਆਂ ਤੱਕ ਡਕਾ ਡੀਕ ਭਰੇ ਵਗਦੇ ਹਨ। ਸੰਨ 73-74 ਵਿਚ ਨਵਾਂਸ਼ਹਿਰ ਦੁਆਬੇ ਸਕੂਲ ਪੜ੍ਹਦਿਆਂ ਅਸੀਂ ਪਿੰਡ ਸਲ਼ੋਹ ਲਾਗੇ ਵਗਦੇ ਜਿਸ ਨਹਿਰੀ ਸੂਏ ਵਿਚ ਤਾਰੀਆਂ ਲਾ-ਲਾ ਨਹਾਉਂਦੇ ਹੁੰਦੇ ਸਾਂ, ਉਸ ‘ਟੇਲ’ ਤੱਕ ਹੁਣ ਕਈ ਦਹਾਕਿਆਂ ਬਾਅਦ ਪਾਣੀ ਵਗਦਾ ਦੇਖਿਆ ਮੈਂ! ਅਮਰੀਕਾ ਤੋਂ ਹਰੇਕ ਸਾਲ ਆਪਣੇ ਪਿੰਡ ਆਉਂਦਾ ਰਹਿੰਦਾ ਹੋਣ ਕਰਕੇ ਮੈਂ ਅਕਸਰ ਉਹ ਸੂਆ ਸੁੱਕ-ਮ-ਸੁੱਕਾ ਹੀ ਦੇਖਦਾ ਰਿਹਾ ਹਾਂ!
ਨਹਿਰੀ ਮਹਿਕਮੇ ਦੇ ਅਫਸਰਾਂ ਨਾਲ ਜਾਣ-ਪਛਾਣ ਰੱਖਣ ਵਾਲੇ ਮੇਰੇ ਹਮਜਮਾਤੀ ਨੇ ਇਕ ਹੋਰ ‘ਅੰਦਰਲੀ ਗੱਲ’ ਇਹ ਦੱਸੀ ਕਿ ਅਜ਼ਾਦੀ ਤੋਂ ਬਾਅਦ ਪੰਜਾਬ ‘ਚ ਬਣਦੀਆਂ ਰਹੀਆਂ ਸਰਕਾਰਾਂ ‘ਚੋਂ ਕਿਸੇ ਇਕ ਨੇ ਵੀ ਅੰਗਰੇਜਾਂ ਵੇਲੇ ਦਾ ਨਹਿਰੀ ਰਿਕਾਰਡ ਫੋਲ ਕੇ ਨਹੀਂ ਦੇਖਿਆ, ਕਿਉਂਕਿ ਬਿਸਤ ਦੁਆਬ ਅਤੇ ਇਸਦੀ ਆਦਮਪੁਰ ਬ੍ਰਾਂਚ ਤੋਂ ਸਾਡੇ ਇਲਾਕੇ ਦੇ ਪਿੰਡਾਂ ਲਈ ਸੂਏ ਅਤੇ ਨਹਿਰੀ ਮੋਘਿਆਂ ਦੇ ਅੰਗਰੇਜ਼ਾਂ ਵਲੋਂ ਹੀ ਬਣਾਏ ਨਕਸ਼ੇ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਰੋਸ਼ਨੀ ‘ਚ ਲਿਆਂਦੇ ਹਨ।
ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਪਿੰਡ ਹੋਈ ਉਕਤ ਮੀਟਿੰਗ ਵਿਚ ਆਲ਼ੇ ਦੁਆਲੇ ਪਿੰਡਾਂ ਦੇ ਜ਼ਿਮੀਂਦਾਰ ਭਰਾ ਭਾਰੀ ਗਿਣਤੀ ਵਿਚ ਹਾਜ਼ਰ ਹੋਏ ਤੇ ਉਨ੍ਹਾਂ ਲੋੜ ਅਨੁਸਾਰ ਨਹਿਰੀ ਮੋਘਿਆਂ ਲਈ ਅਫਸਰਾਂ ਕੋਲ ਨਾਮ ਦਰਜ ਕਰਾਏ!
ਲੋਕ-ਹਿਤਾਂ ਖਿਲਾਫ ਨੀਤੀਆਂ ਦੀ ਵਿਰੋਧਤਾ ਵੀ ਜਰੂਰੀ ਪਰ ਸਾਡੇ ਇਲਾਕੇ ਨੂੰ ਨਹਿਰੀ ਪਾਣੀ ਦੀ ਅਨੂਠੀ ਭੇਂਟ ਦੇਣ ਲਈ ਮਾਨ ਸਰਕਾਰ ਦੀ ਸਿਫਤ ਕਰਨੀ ਜਾਇਜ਼ ਹੈ!