ਪੈਰਿਸ – ਫਰਾਂਸ ਦੇ ਇੱਕ ਸਕੂਲ ਵਿੱਚ ਇਸਲਾਮਿਕ ਕੱਟੜਪੰਥੀ ਨੌਜਵਾਨ ਵੱਲੋਂ ਇੱਕ ਅਧਿਆਪਕ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮੱਦੇਨਜ਼ਰ ਫਰਾਂਸ ਦੇ ਗ੍ਰਹਿ ਮੰਤਰਾਲਾ ਨੇ ਆਪਣੇ ਦੇਸ਼ ਵਿੱਚ ਅੱਤਵਾਦ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ। ਦਰਅਸਲ ਫਰਾਂਸ ‘’ਚ ਸ਼ਰਣ ਦੇ ਨਾਂ ‘’ਤੇ ਰਹਿ ਰਹੇ 20 ਹਜ਼ਾਰ ਤੋਂ ਵੱਧ ਮੁਸਲਿਮ ਕੱਟੜਪੰਥੀਆਂ ਨੂੰ ਦੇਸ਼ ‘ਚੋਂ ਕੱਢਣ ਦੀ ਸੂਚੀ ਬਣਾਈ ਗਈ ਹੈ। ਸਕੂਲ ਵਿਚ ਵਾਪਰੀ ਛੁਰੇਬਾਜ਼ੀ ਘਟਨਾ ਵਿਚ ਸ਼ਾਮਲ ਨੌਜਵਾਨ ਇਸਲਾਮਿਕ ਕੱਟੜਵਾਦ ਤੋਂ ਪ੍ਰੇਰਿਤ ਸੀ।ਗ੍ਰਹਿ ਮੰਤਰਾਲਾ ਦਾ ਮੰਨਣਾ ਹੈ ਕਿ ਰੂਸ ਸਮੇਤ ਪੂਰਬੀ ਯੂਰਪੀ ਦੇਸ਼ਾਂ ਤੋਂ ਵੱਡੀ ਗਿਣਤੀ ‘’ਚ ਲੋਕ ਸ਼ਰਣ ਮੰਗਣ ਦੇ ਨਾਂ ‘’ਤੇ ਫਰਾਂਸ ਆ ਰਹੇ ਹਨ। ਇਹ ਫਰਾਂਸ ਦੀ ਲੋਕਤੰਤਰੀ ਪ੍ਰਣਾਲੀ ਦਾ ਨਜਾਇਜ਼ ਫ਼ਾਇਦਾ ਉਠਾਉਂਦੇ ਹਨ ਅਤੇ ਕੱਟੜਵਾਦ ਨੂੰ ਉਤਸ਼ਾਹਿਤ ਕਰਦੇ ਹਨ। ਫਰਾਂਸ ਨੇ 2017 ਤੋਂ 2021 ਦਰਮਿਆਨ 7 ਲੱਖ ਲੋਕਾਂ ਨੂੰ ਸ਼ਰਣ ਦਿੱਤੀ ਸੀ। ਇਨ੍ਹਾਂ ਵਿੱਚੋਂ 6 ਲੱਖ ਪਾਕਿਸਤਾਨ, ਸੀਰੀਆ, ਲੀਬੀਆ, ਮੋਰੱਕੋ ਅਤੇ ਕਰੋਏਸ਼ੀਆ ਦੇ ਸਨ। ਹੁਣ ਸਰਕਾਰ ਨੇ ਹਰ ਸਾਲ ਸ਼ਰਣ ਮੰਗਣ ਵਾਲੇ ਲੋਕਾਂ ਦੀ ਗਿਣਤੀ ਔਸਤਨ ਇੱਕ ਲੱਖ ਤੋਂ ਘਟਾ ਕੇ 75 ਹਜ਼ਾਰ ਕਰਨ ਦਾ ਐਲਾਨ ਕੀਤਾ ਹੈ।ਦੱਸ ਦੇਈਏ ਕਿ ਫਰਾਂਸ ਦੇ ਇੱਕ ਸਕੂਲ ਵਿੱਚ ਵਾਪਰੀ ਇਸ ਛੁਰੇਬਾਜ਼ੀ ਦੀ ਘਟਨਾ ਵਿਚ ਇੱਕ ਅਧਿਆਪਕ ਦੀ ਮੌਤ ਹੋ ਗਈ ਸੀ, ਜਦੋਂਕਿ 3 ਹੋਰ ਜ਼ਖ਼ਮੀ ਹੋ ਗਏ ਸਨ। ਉਥੇ ਹੀ ਇਸ ਘਟਨਾ ਦੇ ਮੱਦੇਨਜ਼ਰ ਦੇਸ਼ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪਿਛਲੇ ਦਿਨੀਂ 7 ਹਜ਼ਾਰ ਫ਼ੌਜੀਆਂ ਨੂੰ ਅਗਲੀ ਸੂਚਨਾ ਤੱਕ ਤਾਇਨਾਤ ਕਰਨ ਦਾ ਹੁਕਮ ਦਿੱਤੀ ਸੀ। ਸ਼ੱਕੀ ਚੇਚਨਿਆ ਦਾ ਰਹਿਣ ਵਾਲਾ ਹੈ ਅਤੇ ਸਕੂਲ ਦਾ ਸਾਬਕਾ ਵਿਦਿਆਰਥੀ ਸੀ। ਛੁਰੇਬਾਜ਼ੀ ਦੀ ਘਟਨਾ ਵਿੱਚ ਮਾਰੇ ਗਏ ਅਧਿਆਪਕ ਦਾ ਨਾਮ ਡੋਮਿਨਿਕ ਬਰਨਾਰਡ ਸੀ ਅਤੇ ਉਹ ਗੈਮਬੇਟਾ-ਕਾਰਨੋਟ ਸਕੂਲ ਵਿੱਚ ਫਰਾਂਸੀਸੀ ਭਾਸ਼ਾ ਪੜ੍ਹਾਉਂਦੇ ਸਨ।