International

“ਫੈਸਟੀਵਲ ਆਫ ਫੇਥਸ’ ਚ ਸਿੱਖਾਂ ਨੇ ਕੀਤੀ ਸ਼ਮੂਲੀਅਤ, ਮਹਿਮਾਨਾਂ ਦੇ ਸਜਾਈਆਂ ਗਈਆਂ ਦਸਤਾਰਾਂ

ਨਿਊਯਾਰਕ – ਬੀਤੇ ਦਿਨ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਸੱਤਵਾਂ ਸਲਾਨਾ ‘ਸਿਨਸਨੈਟੀ ਫੈਸਟੀਵਲ ਆਫ ਫੇਥਸ’ (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ। ‘ਇਕੁਏਜ਼ਨ’ਸੰਸਥਾ ਵੱਲੋਂ ਕਰਵਾਏ ਜਾਂਦੇ ਇਸ ਸੰਮੇਲਨ ਵਿੱਚ ਤਕਰੀਬਨ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 30 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜੁੱਟ ਹੋਈਆਂ ਅਤੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਸਿੱਖਿਆ ਲੈਣ ਲਈ, ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਖ ਕਮਿਉਨਿਟੀ ਦੇ ਕਾਰਕੁੰਨ ਨੇ ਦੱਸਿਆ ਕਿ ਸਿਨਸਿਨੈਟੀ ਅਤੇ ਨੇੜਲੇ ਸ਼ਹਿਰ ਡੇਟਨ ਦੇ ਸਿੱਖਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।ਅਤੇ ਪਿਛਲੇ ਸਾਲ ਵਾਂਗ ਸਿੱਖ ਭਾਈਚਾਰੇ ਵਲੋਂ ਆਏ ਹੋਏ ਮਹਿਮਾਨਾਂ ਲਈ ਲੰਗਰ ਦੀ ਵੀ ਸੇਵਾ ਕੀਤੀ ਗਈ। ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਵਿੱਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।ਇਸ ਫੈਸਟੀਵਲ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਦੇ ਨਾਲ ਸ਼ੁਰੂ ਹੋਇਆ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪ੍ਰਰਮਾਤਮਾ ਦਾ ਗੁਣ ਗਾਇਨ ਕੀਤਾ। ਮਰਹੂਮ ਜੈਪਾਲ ਸਿੰਘ ਜੋ ਕਿ ਇਸ ਸੰਮੇਲਨ ਦੇ ਮੁੱਖ ਸੰਸਥਾਪਕਾਂ ਵਿੱਚੋਂ ਸਨ। ਉਨ੍ਹਾਂ ਦੀ ਪਤਨੀ ਬੀਬੀ ਅਸੀਸ ਕੌਰ ਨੇ ਸਿੱਖ ਧਰਮ ਦੀਆਂ ਮੂਲ ਬੁਨਿਆਦੀ ਸਿੱਖਿਆਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ‘ਚ ਗੁਰੂ ਸਾਹਿਬ ਫੁਰਮਾਉਂਦੇ ਹਨ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿਆਈ’ਜਿਸ ਦਾ ਸੁਨੇਹਾ ਹੈ ‘ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਬੈਗਾਨਾ ਨਹੀਂ ਦਿੱਸਦਾ, ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ, ਭਾਈ ਚਰਨਬੀਰ ਸਿੰਘ ਰਬਾਬੀ, ਭਾਈ ਪ੍ਰਭਜੋਤ ਸਿੰਘ ਦੇ ਜੱਥੇ ਨੇ ਸਿੱਖ ਸੰਗਤ ਸਣੇ ਸ਼ਬਦ ਕੀਰਤਨ “ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ’ਗਾਇਨ ਕੀਤਾ। ਵੱਖ-ਵੱਖ ਧਰਮਾਂ ਦੇ ਸਿਮਰਨ ਦੇ ਸੈਸ਼ਨ ‘ਚ ਸਿੱਖ ਭਾਈਚਾਰੇ ਵਲੋਂ ਬੀਬੀ ਮਿਹਰ ਕੌਰ ਨੇ ਦਿਲਰੁਬਾ ਨਾਲ ਮੂਲ-ਮੰਤਰ ਦਾ ਗਾਇਨ ਅਤੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ। ਇਸ ਮੌਕੇ ਸਿੱਖ ਪ੍ਰਦਰਸ਼ਨੀ ਵਿੱਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕਕਾਰ ਵੀ ਰੱਖੇ ਗਏ। ਆਏ ਹੋਏ ਮਹਿਮਾਨਾਂ ਨੂੰ ਦਸਤਾਰਾਂ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਾਉਣ ਲਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਦੇ ਨਾਲ ਤਸਵੀਰਾਂ ਲੈਂਦੇ ਅਤੇ ਮਾਣ ਨਾਲ ਸੰਮੇਲਨ ਵਿੱਚ ਨਜ਼ਰ ਆਏ।ਇਸ ਸਮਾਗਮ ਨਾਲ ਸਿਨਸਿਨਾਟੀ ਦੇ ਵੱਖ -ਵੱਖ ਭਾਈਚਾਰਿਆਂ ਵਿੱਚ ਆਪਸੀ ਸਿੱਖਿਆ, ਸੰਬੰਧ, ਹਮਦਰਦੀ, ਸਮਝ ਅਤੇ ਪਿਆਰ ਪੈਦਾ ਹੋ ਰਿਹਾ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin