ਲਿਸਬਨ – ਫੇਸਬੁੱਕ ਦੀ ਅੰਦਰੂਨੀ ਕਾਰਜ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਦਸਤਾਵੇਜ਼ ਲੀਕ ਕਰਨ ਤੋਂ ਬਾਅਦ ਪਹਿਲੀ ਵਾਰ ਜਨਤਕ ਸੰਬੋਧਨ ਦੌਰਾਨ ਵਿ੍ਹਸਲ ਬਲੋਅਰ ਫਰਾਂਸਿਸ ਹੌਗੇਨ ਨੇ ਆਪਣਏ ਸਾਬਕਾ ਬੌਸ ਮਾਰਕ ਜ਼ੁਕਰਬੁਰਗ ਨੂੰ ਅਹੁਦਾ ਛੱਡਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਹੀ ਬਦਲਾਅ ਆਵੇਗਾ, ਨਾ ਕਿ ਕੰਪਨੀ ਦੀ ਦੁਬਾਰਾ ਬ੍ਰਾਂਡਿੰਗ ਲਈ ਸਾਧਨਾਂ ਦੇ ਨਿਵੇਸ਼ ਨਾਲ। ਪੁਰਤਗਾਲ ਦੀ ਰਾਜਧਾਨੀ ਲਿਸਬਨ ’ਚ ਹੋਏ ਇਕ ਟੈੱਕ ਫੈਸਟ ਦੌਰਾਨ ਹੌਗਨ ਨੇ ਸੋਮਵਾਰ ਨੂੰ ਕਿਹਾ, ‘ਅਜਿਹਾ ਨਹੀਂ ਲੱਗਦਾ ਕਿ ਜਦੋਂ ਤਕ ਜ਼ੁਕਰਬਰਗ ਫੇਸਬੁੱਕ ਦੇ ਸੀਈਓ ਹਨ, ਉਦੋਂ ਤਕ ਕੰਪਨੀ ’ਚ ਬਦਲਾਅ ਹੋਣ ਵਾਲਾ ਹੈ।’ ਜ਼ੁਕਰਬਰਗ ਨੂੁੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਜਾਂ ਉਸ ’ਤੇ ਬਣੇ ਰਹਿਣਾ ਚਾਹੀਦਾ ਹੈ, ਸਬੰਧੀ ਇਕ ਸਵਾਰ ’ਤੇ ਫੇਸਬੁੱਕ ਦੀ ਸਾਬਕਾ ਪ੍ਰੋਡਕਟ ਮੈਨੇਜਰ ਨੇ ਕਿਹਾ, ‘ਸ਼ਾਇਦ ਇਹ ਕਿਸੇ ਹੋਰ ਲਈ ਵਾਗਡੋਰ ਸੰਭਾਲਣ ਦਾ ਮੌਕਾ ਹੋਵੇਗਾ, ਸੁਰੱਖਿਆ ’ਤੇ ਧਿਆਨ ਦੇਣ ਦੀ ਇੱਛਾ ਰੱਖਣ ਵਾਲੀ ਨਵੀਂ ਲੀਡਰਸ਼ਿਪ ਨਾਲ ਫੇਸਬੁੱਕ ਹੋਰ ਮਜ਼ਬੂਤ ਹੋਵੇਗਾ।’ ਤਿੰਨ ਅਰਬ ਯੂਜ਼ਰ ਵਾਲੇ ਇੰਟਰਨੈੱਟ ਮੀਡੀਆ ਪਲੇਟਫਾਰਮ ਦੀ ਮੂਲ ਕੰਪਨੀ ਨੇ ਪਿਛਲੇ ਹਫ਼ਤੇ ਆਪਣਾ ਨਾਂ ਬਦਲ ਕੇ ਮੇਟਾ ਕਰ ਲਿਆ ਹੈ।
ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਕਜਾਕਿਸਤਾਨ ਸਰਕਾ ਨੂੰ ਕੰਟੈਂਟ ਰਿਪੋਰਟਿੰਗ ਸਿਸਟਮ (ਸੀਆਰਐੱਸ) ਤਕ ਸਿੱਧੀ ਪਹੁੰਚ ਦੇ ਦਿੱਤੀ ਹੈ। ਇਸ ਦਾ ਮਤਲਬ ਹੋਇਆ ਕਿ ਸਰਕਾਰ ਹੁਣ ਫੇਸਬੁੱਕ ’ਤੇ ਸਮੱਗਰੀ ਨੂੰ ਸਿੱਧੇ ਤੌਰ ’ਤੇ ਕੰਟਰੋਲ ਕਰ ਸਕਦੀ ਹੈ। ਆਪਣੀ ਸਾਬਕਾ ਕਰਮਚਾਰੀ ਫਰਾਂਸਿਸ ਹੌਗਨ ਵੱਲੋਂ ਕੀਤੇ ਗਏ ਪਰਦਾਫਾਸ਼ ਤੋਂ ਬਾਅਦ ਫੇਸਬੁੱਕ ਵੱਡੇ ਪੈਮਾਨੇ ’ਤੇ ਛਾਣਬੀਣ ਦਾ ਸਾਹਮਣਾ ਕਰ ਰਿਹਾ ਹੈ। ਫੇਸਬੁੱਕ ਦੇ ਸੀਆਰਐੱਸ ਤਕ ਸਿੱਧੀ ਪਹੁੰਚ ਹਾਸਲ ਕਰਨ ਵਾਲਾ ਕਾਜ਼ਾਕਿਸਤਾਨ ਪੱਛਮੀ ਏਸ਼ੀਆ ਦਾ ਪਹਿਲਾ ਦੇਸ਼ ਹੈ। ਉਸ ਨੂੰ ਪਹਿਲਾਂ ਤੋਂ ਹੀ ਫੇਸਬੁੱਕ ਦਾ ਕੌਮਾਂਤਰੀ ਸੰਚਾਲਨ ਕਰਨ ਵਾਲੀ ਟੀਮ ਦੇ ਨਾਲ ਸਿੱਧਾ ਸੰਪਰਕ ਕਰਨ ਦੀ ਸਹੂਲਤ ਹਾਸਲ ਹੈ। ਫੇਸਬੁੱਕ ਦੇ ਖੇਤਰੀ ਲੋਕ ਨੀਤੀ ਨਿਰਦੇਸ਼ਕ ਜਾਰਜ ਚੇਨ ਨੇ ਇਕ ਬਿਆਨ ’ਚ ਕਿਹਾ, ‘ਸਾਨੂੰ ਉਮੀਦ ਹੈ ਕਿ ਇਸ ਨਾਲ ਸਰਕਾਰ ਨੂੰ ਨੁਕਸਾਨਦੇਹ ਸਮੱਗਰੀ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ’ਚ ਮਦਦ ਮਿਲੇਗੀ।’