ਅੰਮ੍ਰਿਤਸਰ – ਹਿੰਦੀ ਫਿਲਮਾਂ ਦੇ ਨਾਇਕ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਪ੍ਰੋਡਿਊਸਰ ਕੇ. ਸੀ. ਬੋਕਾਡੀਆ ਤੇ ਚਾਂਦਨੀ ਨੇ ਵੀ ਦਰਸ਼ਨ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜ ਬੱਬਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕਰਨੇ ਉਨ੍ਹਾਂ ਲਈ ਬਹੁਤ ਮਹੱਤਤਾ ਰੱਖਦਾ ਹੈ। ਮੇਰਾ ਬਚਪਨ ਵੀ ਸ੍ਰੀ ਅੰਮ੍ਰਿਤਸਰ ‘ਚ ਗੁਜਰਿਆ ਹੈ ਤੇ ਇਸਦੀ ਮਿੱਟੀ ਦੀ ਖੁਸ਼ਬੂ ਮੇਰੇ ‘ਚ ਸਮੋਈ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਏਥੇ ਆਪਣੀ ਫਿਲਮ ਦੀ ਡਬਿੰਗ ਮੁਕੰਮਲ ਹੋਣ ‘ਤੇ ਆਸ਼ੀਰਵਾਦ ਲੈਣ ਲਈ ਆਏ ਸਨ।
ਕਿਸਾਨਾਂ ਸਬੰਧੀ ਕੀਤੇ ਸਵਾਲ ਦੇ ਜਵਾਬ ‘ਚ ਰਾਜ ਬੱਬਰ ਨੇ ਕਿਹਾ ਕਿ ਜਿਸਦਾ ਖਾਂਦੇ ਹਾਂ ਉਸਦੀ ਇੱਜਤ ਕਰਨੀ ਚਾਹੀਦੀ ਹੈ। ਅਗਰ ਸਾਰੇ ਹਿੰਦੁਸਤਾਨ ਦੇ ਕਿਸਾਨ ਕੁਝ ਕਹਿੰਦੇ ਨੇ ਤਾਂ ਗਲਤ ਨਹੀਂ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਓਡਵਾਇਰ ਨਹੀਂ ਰਿਹਾ ਤਾਂ ਇਹ ਸਰਕਾਰਾਂ ਵੀ ਨਹੀਂ ਰਹਿਣੀਆਂ।
ਕੇ ਸੀ ਬੋਕਾਡੀਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕੀ ਉਨ੍ਹਾਂ ਵੱਲੋਂ ਦੋ ਪੰਜਾਬੀ ਫ਼ਿਲਮਾਂ ਦੇ ਪ੍ਰੋਜੈਕਟ ਤਿਆਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ “ਭੂਤ ਅੰਕਲ ਤੁਸੀਂ ਗਰੇਟ ਹੋ” ਜਿਸ ਵਿੱਚ ਰਾਜ ਬੱਬਰ ਭੂਤ ਅੰਕਲ ਬਣੇ ਹਨ ਅਤੇ ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਪੰਜਾਬੀ ਫ਼ਿਲਮ ਵਿੱਚ ਪਹਿਲੀ ਵਾਰ ਜਯਾ ਪਰਦਾ ਵੀ ਰੋਲ ਨਿਭਾਅ ਰਹੇ ਹਨ। ਬੋਕਾਡੀਆ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਹ ਫ਼ਿਲਮ ਕੰਪਲੀਟ ਕੀਤੀ ਹੈ ਅਤੇ ਅੱਜ ਉਹ ਗੁਰੂ ਨਗਰੀ ਵਿਚ ਨਤਮਸਤਕ ਹੋਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਜੈਨ ਸਮਾਜ ਨਾਲ ਸਬੰਧ ਰੱਖਦੇ ਹਨ ਅਤੇ ਟੋਡਰ ਮੱਲ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਮਹਾਰਾਜ ਦੇ ਸਾਹਿਬਜ਼ਾਦਿਆਂ ਲਈ ਅੱਜ ਤੱਕ ਦੀ ਰਿਕਾਰਡ ਸਭ ਤੋਂ ਮਹਿੰਗੀ ਜ਼ਮੀਨ ਮੁਗ਼ਲਾਂ ਕੋਲੋਂ ਖਰੀਦੀ ਸੀ, ਉਹ ਵੀ ਜੈਨ ਸਮਾਜ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਕਿਹਾ ਕਿ ਜੈਨ ਸਮਾਜ ਅਤੇ ਸਿੱਖ ਸਮਾਜ ਦਾ ਬਹੁਤ ਗਹਿਰਾ ਸਬੰਧ ਰਿਹਾ ਹੈ ਸ਼ਾਇਦ ਇਸ ਕਰਕੇ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਪੰਜਾਬੀ ਫ਼ਿਲਮ ਬਣਾ ਸਕੇ ਹਨ। ਉਨ੍ਹਾਂ ਨੇ ਆਪਣੀ ਭਾਵਨਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਫਿਲਮ ਦੀ ਕਮਾਈ ਦੇ ਨਾਲ ਉਹ ਟੋਡਰ ਮੱਲ ਜੀ ਦੇ ਨਾਮ ‘ਤੇ ਹਸਪਤਾਲ ਬਣਾਉਣਗੇ।
ਬੋਕਾਡੀਆ ਨੇ ਕਿਹਾ ਕਿ ਅੱਜਕੱਲ੍ਹ ਜਿਸ ਤਰ੍ਹਾਂ ਗਲੈਮਰ ਦੇ ਨਾਮ ਤੇ ਟੀ ਵੀ ਸੀਰੀਅਲ ਅਤੇ ਓ ਟੀ ਟੀ ਦੇ ਰਾਹੀਂ ਜਨਤਾ ਦੇ ਅੱਗੇ ਜੋ ਪਰੋਸਿਆਂ ਜਾ ਰਿਹਾ ਹੈ ਉਹ ਬਹੁਤ ਹੀ ਗਲਤ ਟ੍ਰੈਂਡ ਹੈ lਉਨ੍ਹਾਂ ਕਿਹਾ ਕਿ ਇੱਕ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਆਮ ਇਨਸਾਨ ਤੋਂ ਵੱਧ ਹੁੰਦੀ ਹੈ ਅਤੇ ਉਸ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੋ ਉਹ ਜਨਤਾ ਦੇ ਸਾਹਮਣੇ ਪੇਸ਼ ਕਰ ਰਿਹਾ ਹੈ ਉਸ ਦਾ ਸਮਾਜ ‘ਤੇ ਕੀ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਉਹ ਗੁਰੂ ਨਗਰੀ ਵਿੱਚ ਆ ਕੇ ਬਹੁਤ ਖੁਸ਼ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਾਫ਼ ਸੁਥਰੀਆਂ ਹੋਰ ਪੰਜਾਬੀ ਫ਼ਿਲਮਾਂ ਬਣਾਉਣ ਬਾਰੇ ਵਿਚਾਰ ਕਰਨਗੇl