
ਜਸਬੀਰ ਨੂੰ ਲਿਖਣ ਤੇ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ, ਕਿਤੇ ਵੀ ਅਖਬਾਰ ਦਾ ਪੱਤਰਾ ਉੱਡਦਾ ਵੇਖਦੀ ਤਾਂ ਝਟ ਦਿਨੀਂ ਫੜ੍ਹ ਝਾੜ ਪੂੰਝ ਕੇ ਪੜ੍ਹਨ ਬਹਿ ਜਾਂਦੀ। ਸੌਦੇ ਪੱਤੇ ਵਿੱਚ ਆਈ ਖੰਡ ਉੱਪਰ ਦੁਕਾਨਦਾਰ ਇੱਕ ਅਖਬਾਰ ਦਾ ਟੋਟਾ ਰੱਖ ਦਿੰਦਾ, ਉਹ ਉਸ ਟੋਟੇ ਨੂੰ ਵੀ ਸੰਭਾਲ ਲੈਂਦੀ। ਧੀ ਦੀ ਪੜ੍ਹਨ ਵਿੱਚ ਐਨੀ ਰੁਚੀ ਵੇਖ ਬਾਪੂ ਨੇ ਘਰ ਅਖਬਾਰ ਲਗਵਾ ਦਿੱਤੀ, ਹੁਣ ਜਸਬੀਰ ਕੌਰ ਉਤਲੇ ਅਸਮਾਨਾਂ ਤੇ ਸੀ, ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ । ਇਹ ਗੱਲ 1995-96 ਦੀ ਹੈ ਜਦੋਂ ਦੀ ਘਰ ਅਖਬਾਰ ਲੱਗੀ ਐਤਵਾਰ ਜਸਬੀਰ ਲਈ ਸਭ ਤੋਂ ਵਧੀਆ ਹੁੰਦਾ ਸੀ ਉਸ ਦਿਨ ਦੇ ਅਖਬਾਰ ਦੀ ਜਸਬੀਰ ਨੂੰ ਹੋਰ ਵੀ ਬੇਸਬਰੀ ਨਾਲ ਉਡੀਕ ਰਹਿੰਦੀ ਕਿਉਂਕਿ ਉਸ ਦਿਨ ਅਖਬਾਰ ਵਿੱਚ ਕਹਾਣੀਆਂ ਤੇ ਨਾਵਲ ਹੁੰਦੇ ਤੇ ਹਫਤੇ ਦੀ ਤਾਂਘ ਹੁੰਦੀ ਕਿ ਅੱਜ ਕੀ ਬਣਿਆ ਹੋਊ ਅਗਲੇ ਅੰਕ ਵਿੱਚ।
ਜਦੋਂ ਅਖਬਾਰ ਹੱਥ ਆ ਜਾਂਦਾ ਤਾਂ ਉਹ ਥੋੜੇ ਖੜਖੜੇ ਕਿਸੇ ਦੇ ਹੱਥ ਨਾ ਆਉਂਦੀ, ਗਾਲ੍ਹਾਂ ਖਾ ਲੈਂਦੀ ਪਰ ਪੜ੍ਹੇ ਬਿਨਾ ਨਾ ਸਰਦਾ। ਉਸਨੂੰ ਮੈਡਮ ਦਲੀਪ ਕੌਰ ਟਿਵਾਣਾ ਜੀ ਦੇ ਨਾਵਲ ਤੇ ਕਹਾਣੀਆਂ ਪੜ੍ਹ ਪੜ੍ਹ ਜਿਵੇਂ ਉਹਨਾਂ ਨਾਲ ਮੋਹ ਜਿਹਾ ਹੋ ਗਿਆ ਸੀ ਮੈਡਮ ਦਲੀਪ ਕੌਰ ਟਿਵਾਣਾ ਦੀ ਸਰਲ ਭਾਸ਼ਾ ਵਿੱਚ ਲਿਖੀਆਂ ਲਿਖਤਾਂ ਉਹ ਵਾਰ ਵਾਰ ਪੜ੍ਹਦੀ ਤੇ ਦੂਰ ਬੈਠਿਆ ਹੀ ਸਾਂਝ ਜਿਹੀ ਪਾ ਬੈਠੀ ਤੇ ਮੈਡਮ ਦਲੀਪ ਕੌਰ ਜਸਬੀਰ ਦੇ ਮਨਪਸੰਦ ਦੇ ਲੇਖਕ ਬਣ ਗਏ।
ਜਸਬੀਰ ਦਾ ਬਾਪੂ ਸਿੱਧਾ ਸਾਦਾ ਜਿਹਾ ਕਿਰਤੀ ਕਿਸਾਨ ਸੀ, ਉਸਨੇ ਜਸਬੀਰ ਕੁਝ ਜਿਆਦਾ ਨਹੀਂ ਪੜਾਇਆ, ਇਸੇ ਕਰਕੇ ਉਹ ਕਦੇ ਕਦੇ ਬਾਪੂ ਨਾਲ ਖਫਾ ਵੀ ਰਹਿੰਦੀ, ਉਸਦੀ ਇੱਕ ਜਮਾਤਣ ਪਟਿਆਲੇ ਪੜ੍ਹਦੀ ਸੀ, ਉਸਨੂੰ ਵੇਖ ਜਸਬੀਰ ਨੂੰ ਆਪਣੇ ਬਾਪੂ ਤੇ ਗੁੱਸਾ ਆਵੇ ਕਿ ਜੇ ਮੈਂ ਵੀ ਪਟਿਆਲੇ ਪੜ੍ਹਦੀ ਹੁੰਦੀ ਤਾਂ ਮੈਂ ਵੀ ਮੈਡਮ ਦਲੀਪ ਕੌਰ ਟਿਵਾਣਾ ਜੀ ਨੂੰ ਮਿਲਿਆ ਕਰਦੀ…..
ਉਸ ਕੁੜੀ ਨੇ ਜਦੋਂ ਪਿੰਡ ਆਉਣਾ ਜਸਬੀਰ ਨੇ ਉਸਨੂੰ ਮਿਲਣ ਜਰੂਰ ਜਾਣਾ ਤੇ ਸਾਰਾ ਦਿਨ ਮੈਡਮ ਦਲੀਪ ਕੌਰ ਟਿਵਾਣਾ ਦੇ ਰਹਿਣ ਸਹਿਣ ਦੀਆਂ ਗੱਲਾਂ ਕਰਦੇ ਰਹਿਣਾ।
ਉਹਨਾਂ ਸਮਿਆਂ ਵਿੱਚ ਜਸਬੀਰ ਲਈ ਲੇਖਕ ਕੋਈ ਅਰਸ਼ੋ ਉਤਰੇ ਅਵਤਾਰ ਹੁੰਦੇ ਸੀ ਕਿ ਜੋ ਐਨਾ ਸੋਹਣਾ ਲਿਖਦੇ ਨੇ ਖੌਰੇ ਕਿਵੇਂ ਔੜਦੀਆਂ ਨੇ ਐਨੀਆਂ ਸੋਹਣੀਆਂ ਗੱਲਾਂ, ਬਸ ਪਤਾ ਨਹੀਂ ਕੀ ਕੀ ਸੋਚਦੀ ਰਹਿਣਾ
ਉਹਨਾਂ ਸਮਿਆਂ ਵਿੱਚ ਖਤ ਬਹੁਤ ਲਿਖੇ ਜਾਂਦੇ ਸੀ, ਭੈਣਾਂ ਭਰਾਵਾਂ ਦੀ ਸੁੱਖ ਸਾਂਦ ਪੁੱਛਣ ਲਈ ਆ ਸਮਰਾਟ ਫੋਨ (ਸਮਾਰਟ) ਨਹੀ ਸੀ ਹੋਇਆ ਕਰਦੇ ਜਸਬੀਰ ਨੇ ਵੀ ਆਪਣੀ ਮਾਂ ਦੇ ਪਰਦੇਸੀ ਬੈਠੇ ਭੈਣ ਭਰਾਵਾਂ ਨੂੰ ਕਦੇ ਭੈਣ ਬਣ ਕੇ ਕਦੇ ਭਰਾ ਬਨ ਕੇ ਬਹੁਤ ਖਤ ਲਿਖੇ ਸਨ। ਇੱਕ ਦਿਨ ਜਸਬੀਰ ਨੂੰ ਫੁਰਨਾ ਆਇਆ ਕਿਉਂ ਨਾ ਇੱਕ ਖਤ ਮੈਡਮ ਜੀ ਨੂੰ ਵੀ ਲਿਖਿਆ ਜਾਵੇ…. ਫੇਰ ਕੀ ਸੀ ਮੋਹ ਦੀ ਮਾਰੀ ਜਸਬੀਰੋ ਹੋ ਗਈ ਸ਼ੁਰੂ ਮੈਡਮ ਜੀ ਨੂੰ ਖਤ ਲਿਖਣ।
ਸ਼ਾਇਦ ਕੋਈ ਪ੍ਰੇਮਿਕਾ ਵੀ ਆਪਣੇ ਪ੍ਰੇਮੀ ਨੂੰ ਐਡਾ ਖਤ ਨਾ ਲਿਖਦੀ ਜਿੰਨਾ ਵੱਡਾ ਜਸਬੀਰ ਕੌਰ ਨੇ ਲਿਖ ਦਿੱਤਾ ਉਹ ਵੀ ਸਭ ਤੋਂ ਚੋਰੀਓ । ਬੜੀਆਂ ਹੀ ਸਿਫ਼ਤਾ ਲਿਖ ਕਰ ਦਿੱਤਾ ਪੋਸਟ। ਬਸ ਫ਼ੇਰ ਕੀ ਸੀ ਜਸਬੀਰ ਦੇ ਪੈਰ ਭੁੰਜੇ ਨਾ ਲੱਗਣ ਕਿ ਮੈਡਮ ਜੀ ਪੜ੍ਹ ਕੇ ਕਿੰਨੇ ਖੁਸ਼ ਹੋਣਗੇ, ਕੀ ਸੋਚਣਗੇ? ਪਤਾ ਨਹੀਂ ਕਿੰਨੇ ਕਿ ਖਿਆਲ ਆਉਣ ਮਨ ਵਿੱਚ। ਡਾਕੀਆ ਜਦੋਂ ਆਉਂਦਾ ਜਸਬੀਰ ਕੰਨ ਖੜੇ ਕਰ ਸੁਣਨ ਲੱਗਦੀ ਜਿਵੇਂ ਉਸਦੀ ਚਿੱਠੀ ਦਾ ਜਵਾਬ ਆਇਆ ਹੋਊ, ਪਰ ਡਾਕੀਆ ਕਿੰਨੇ ਦਿਨ ਆਉਂਦਾ ਤੇ ਅੱਗੇ ਲੰਘ ਜਾਂਦਾ। ਹਫਤੇ ਤੋਂ ਥੋੜੇ ਦਿਨ ਵੱਧ ਲੱਗੇ ਤੇ ਡਾਕੀਏ ਨੇ ਜਸਬੀਰ ਕੌਰ ਦੇ ਘਰ ਦੇ ਅੱਗੇ ਖੜੋ ਸਾਈਕਲ ਦੀ ਟੱਲੀ ਮਾਰੀ… ਜਸਬੀਰ ਕੌਰ ਭੱਜੀ ਭੱਜੀ ਗਈ ਇਸ ਚਾਅ ਵਿੱਚ ਕਿ ਮੈਡਮ ਜੀ ਦੀ ਚਿੱਠੀ ਆਈ ਹੋਊ…. ਪਰ ਉਸਦੀ ਸਾਰੀ ਖੁਸ਼ੀ ਉਸ ਸਮੇਂ ਉਦਾਸੀ ਵਿੱਚ ਬਦਲ ਗਈ ਜਦੋਂ ਉਸਦੀ ਲਿਖੀ ਚਿੱਠੀ ਉਸ ਕੋਲ ਵਾਪਿਸ ਆ ਗਈ, ਉਦਾਸ ਹੋਈ ਜਸਬੀਰ ਦੀ ਡਾਕੀਏ ਨੂੰ ਚਿੱਠੀ ਵਾਪਿਸ ਆਉਣ ਦਾ ਕਾਰਣ ਪੁੱਛਣ ਦੀ ਵੀ ਹਿੰਮਤ ਨਾ ਹੋਈ
ਫਿਰ ਬਹੁਤ ਦਿਨਾਂ ਬਾਅਦ ਉਸਦੀ ਜਮਾਤਣ ਪਟਿਆਲੇ ਤੋਂ ਵਾਪਿਸ ਆਈ ਤਾਂ ਜਸਬੀਰ ਨੇ ਸਾਰੀ ਗੱਲ ਉਸਨੂੰ ਦੱਸੀ, ਸਹੇਲੀ ਨੇ ਪੁੱਛਿਆ ਪਤਾ ਸਹੀ ਲਿਖਿਆ ਸੀ? ਜਸਬੀਰ ਨੇ ਕਿਹਾ ਹਾਂ ਪਟਿਆਲਾ ਲਿਖਿਆ ਸੀ….. ਜਸਬੀਰ ਦੀ ਗੱਲ ਸੁਣ ਉਸਦੀ ਜਮਾਤਣ ਬੜੀ ਹੱਸੀ ਤੇ ਕਹਿਣ ਲੱਗੀ ਸ਼ਹਿਰਾਂ ਵਿੱਚ ਘਰਾਂ ਦੇ ਨੰਬਰ, ਮੁਹੱਲੇ ਦੇ ਨੰਬਰ ਸਭ ਲਿਖਣੇ ਪੈਂਦੇ ਤਾਂ ਜਾਕੇ ਅੱਪੜਦਿਆਂ ਨੇ ਚਿੱਠੀਆਂ, ਐਨੀ ਗੱਲ ਸੁਣ ਜਸਬੀਰ ਤੇ ਉਸਦੀ ਜਮਾਤਣ ਜਸਬੀਰ ਦੇ ਭੋਲੇਪਣ ਤੇ ਮੈਡਮ ਜੀ ਨਾਲ ਹੋਏ ਅਵੱਲੇ ਇਸ਼ਕ ਤੇ ਹੱਸਣ ਲੱਗੀਆਂ। ਅੱਜ ਵੀ ਜਸਬੀਰ ਨੇ ਉਹ ਬਿਨਾ ਪਤੇ ਵਾਲੀ ਚਿੱਠੀ ਸੰਭਾਲ ਕੇ ਰੱਖੀ ਏ, ਜਦੋਂ ਵੀ ਕਿਤੇ ਖੋਲ੍ਹਦੀ ਏ ਤੇ ਅੱਜ ਵੀ ਖਿੜਖੜਾ ਹੱਸ ਪੈਂਦੀ, ਜਸਬੀਰ ਅੱਜ ਬਹੁਤ ਸੋਹਣੀਆਂ ਕਵਿਤਾਵਾਂ ਲਿਖਦੀ ਹੈ।