News Breaking News Latest News Punjab

ਬੇਅਦਬੀ ਮਾਮਲੇ ‘ਚ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਨੂੰ 25 ਤੱਕ ਦਾ ਅਲਟੀਮੇਟਮ

ਸ੍ਰੀ ਅਨੰਦਪੁਰ ਸਾਹਿਬ – ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ‘ਤੇ ਬੀਤੇ ਕੱਲ੍ਹ ਹੈੱਡ ਗ੍ਰੰਥੀ ਅਤੇ ਮੈਨੇਜਰ ਦੇ ਤਬਾਦਲੇ ਤੋਂ ਬਾਅਦ ਵੀ ਸੰਗਤਾਂ ਦਾ ਰੋਹ ਠੰਢਾ ਨਹੀਂ ਹੋ ਰਿਹਾ, ਜਿਸ ਕਰਕੇ ਬੇਅਦਬੀ ਮਾਮਲੇ ‘ਤੇ ਬਣੀ ਕਿਰਤੀ ਸਿੱਖ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ 25 ਸਤੰਬਰ ਤੱਕ ਪ੍ਰਬੰਧਕਾਂ ਦੇ ਅਸਤੀਫੇ ਨਾ ਲਏ ਤਾਂ 26 ਸਤੰਬਰ ਨੂੰ ਇੱਕ ਵੱਡਾ ਇਕੱਠ ਕਰਕੇ ਸੰਗਤ ਦੀ ਰਾਇ ਨਾਲ ਕੋਈ ਅਗਲਾ ਸਖ਼ਤ ਤੇ ਵੱਡਾ ਐਕਸ਼ਨ ਲਿਆ ਜਾਵੇਗਾ।

ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿਚ ਇਕੱਤਰ ਹੋਈਆਂ ਸੰਗਤਾਂ ਦੌਰਾਨ ਸੰਘਰਸ਼ ਕਮੇਟੀ ਦੇ ਆਗੂ ਬਾਬਾ ਸਾਹਿਬ ਸਿੰਘ ਡੇਰਾ ਬਾਬਾ ਸ੍ਰੀਚੰਦ ਜੀ ਨਵੀਂ ਆਬਾਦੀ, ਬਾਬਾ ਸਤਨਾਮ ਸਿੰਘ ਗੁਰਦੁਆਰਾ 34 ਸਿੰਘ ਸ਼ਹੀਦਾਂ, ਬਾਬਾ ਸੁੱਚਾ ਸਿੰਘ ਕਲਮਾ, ਅਮਨਦੀਪ ਸਿੰਘ ਅਬਿਆਣਾ, ਜਸਵਿੰਦਰ ਸਿੰਘ ਲਾਡੀ, ਸੰਤੋਖ ਸਿੰਘ ਬੱਬਰ, ਹਰਪ੍ਰੀਤ ਸਿੰਘ ਅਤੇ ਜਵਾਹਰ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ 25 ਸਤੰਬਰ ਤੱਕ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਵਲੋਂ ਬੇਅਦਬੀ ਘਟਨਾ ਦੀ ਪੜਤਾਲ ਕਰਕੇ ਪ੍ਰਬੰਧਕੀ ਪੱਧਰ ‘ਤੇ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਹੈੱਡ ਗ੍ਰੰਥੀ, ਮੈਨੇਜਰ ਅਤੇ ਦੋਵੇਂ ਲੋਕਲ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਅਸਤੀਫੇ ਜਾਂ ਬਰਖਾਸਤੀ ਤੋਂ ਘੱਟ ਕੋਈ ਕਾਰਵਾਈ ਮਨਜ਼ੂਰ ਨਹੀਂ ਹੋਵੇਗੀ। ਜੇਕਰ ਸ਼੍ਰੋਮਣੀ ਕਮੇਟੀ ਨੇ ਅਜਿਹਾ ਨਾ ਕੀਤਾ ਤਾਂ 26 ਸਤੰਬਰ ਨੂੰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਸੰਗਤਾਂ ਦੀ ਰਾਇ ਲੈ ਕੇ ਬੇਅਦਬੀ ਦੇ ਇਨਸਾਫ ਲਈ ਵੱਡਾ ਤੇ ਠੋਸ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਹੋਵੇਗੀ। ਉਨ੍ਹਾਂ ਨੇ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸੇ ਦੌਰਾਨ ਇੱਥੇ ਪੁੱਜੇ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਕਿਰਤੀ ਸਿੱਖ ਸੰਘਰਸ਼ ਕਮੇਟੀ ਦੇ ਐਲਾਨ ਦਾ ਸਮਰਥਨ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਦੀ ਘਟਨਾ ਲਈ ਸਥਾਨਕ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ।

Related posts

ਪੰਜਾਬ ਵਿੱਚ ਹੜ੍ਹਾਂ ਨੇ 37 ਸਾਲਾਂ ਬਾਅਦ ਵੱਡੀ ਤਬਾਹੀ ਮਚਾਈ ਹੈ !

admin

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin