Articles

ਬੇ-ਘਰੇ ਤੇ ਲਾਵਾਰਸ ਮਰੀਜ਼ਾਂ ਦੀ ਸੇਵਾ-ਸੰਭਾਲ ਕਰਨ ਵਾਲਾ – ਡਾ: ਮਾਂਗਟ

ਫੋਟੋ: ਆਸ਼ਰਮ ਵਿੱਚ ਮਰੀਜ਼ ਦੇ ਪਿੱਛੇ ਵੀਲ ਚੇਅਰ ਫੜੀ ਖੜ੍ਹੇ ਡਾ: ਮਾਂਗਟ

ਡਾ: ਨੌਰੰਗ ਸਿੰਘ ਮਾਂਗਟ ਨੇ ਸਮਾਜ ਸੇਵਾ ਅਰੰਭ ਕਰਦਿਆਂ ਪਹਿਲੇ ਚਾਰ ਸਾਲ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਪਏ ਬੇਘਰ-ਮਰੀਜ਼ਾਂ ਦਾ ਇਲਾਜ ਕਰਾਇਆ। ਹੁਣ ਸਰਾਭਾ ਪਿੰਡ ਦੇ ਨਜ਼ਦੀਕ ਆਸ਼ਰਮ ਵਿੱਚ ਡੇਢ ਸੌ ਦੇ ਕਰੀਬ ਅਜਿਹੇ ਲਾਵਾਰਸ-ਮਰੀਜ਼ਾਂ ਦੀ ਸੰਭਾਲ ਕਰ ਰਹੇ ਹਨ ਜਿਹਨਾਂ ਨੂੰ ਵੇਖ ਕੇ ਹੰਝੂ ਕਿਰਦੇ ਹਨ, ਜਿਹਨਾਂ ਦੀ ਮੌਤ ਸਮੇਂ ਕੋਈ ਕੱਫਣ ਪਾਉਣ ਵਾਲਾ ਵੀ ਨਹੀਂ। ਹੁਣ ਤੱਕ ਸੌ ਦੇ ਕਰੀਬ ਲਾਵਾਰਸ ਲਾਸ਼ਾਂ ਦੇ ਅੰਤਮ ਸੰਸਕਾਰ ਵੀ ਕਰ ਚੁੱਕੇ ਹਨ। ਨਿਰਸਵਾਰਥ ਸੇਵਾ ਕਰਨੀ ਔਖੀ ਹੈ ਉਹ ਵੀ ਫ਼ਕੀਰ ਬਣਕੇ। 29 ਸਾਲ ਪ੍ਰੋਫ਼ੈਸਰ ਅਤੇ ਸਾਇੰਸਦਾਨ ਦੀ ਨੌਕਰੀ ਕਰਨ ਉਪਰੰਤ ਕੈਨੇਡਾ ਦੇ ਸੁੱਖ-ਅਰਾਮ ਤਿਆਗ ਕੇ ਪੰਜਾਬ ਵਿੱਚ ਲਾਵਾਰਸਾਂ-ਅਪਾਹਜਾਂ ਦੀ ਸੇਵਾ-ਸੰਭਾਲ ਕਰਨ ਲਈ ਆਪਣੇ ਆਪ ਨੂੰ ਗਰਮੀ-ਸਰਦੀ, ਮਿੱਟੀ-ਘੱਟੇ ਵਿੱਚ ਝੋਕ ਦੇਣ ਵਾਲੀ ਸ਼ਖਸੀਅਤ ਹੈ ਡਾ:ਨੌਰੰਗ ਸਿੰਘ ਮਾਂਗਟ। ਕੁੱਝ ਹਫ਼ਤੇ ਪਹਿਲਾਂ ਪੀ ਏ ਯੂ ਲੁਧਿਆਣਾ ਦੇ ਬੇਸਿਕ ਸਾਇੰਸਜ਼ ਕਾਲਜ ਵੱਲੋਂ ਡਾ: ਮਾਂਗਟ ਨੂੰ ਸਨਮਾਨਿਤ ਕਰਨ ਸਮੇਂ ਡਾ:ਐਸ਼ ਐਸ਼ ਹੁੰਦਲ ਨੇ ਦੱਸਿਆ ਕਿ ਜਿਸ ਗ਼ਰੀਬ ਦਾ ਕੋਈ ਨਹੀਂ ਉਸ ਨੂੰ ਇਹ ਸੰਭਾਲਦੇ ਹਨ। ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਿਤ ਹੋ ਚੁੱਕੇ ਡਾ:ਮਾਂਗਟ ਨੇ ਸਹੀ ਮਾਅਨਿਆਂ ‘ਚ ਆਪਣਾ ਜੀਵਨ ਸਮਾਜ ਦੇ ਠੁਕਰਾਏ ਹੋਏ ਲੋਕਾਂ ਦੀ ਸੇਵਾ ਚ ਲਗਾਇਆ ਹੋਇਆ ਹੈ। ਪੀ ਏ ਯੂ ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ), ਮੌਰੀਸਨ ਸਾਇੰਟਿਫਿਕ ਕੈਲਗਰੀ (ਕੈਨੇਡਾ) ਦੇ ਸਾਬਕਾ ਪ੍ਰੋਫ਼ੈਸਰ-ਸਾਇੰਸਦਾਨ, ਰਾਇਲ ਸਟੈਟਿਸਟੀਕਲ ਸੋਸਾਇਟੀ ਲੰਡਨ (ਇੰਗਲੈਂਡ) ਦੇ ਸਾਬਕਾ ਫ਼ੈਲੋ ਅਤੇ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਜਾਂਦੀ “ਐਲੀਮੈਂਟਸ ਆਫ਼ ਸਰਵੇ ਸੈਂਪਲਿੰਗ” ਕਿਤਾਬ ਦੇ ਲੇਖਕ ਡਾ: ਮਾਂਗਟ ਨੇ ਸਾਲ 2005 ਵਿੱਚ ਕੈਨੇਡਾ ਤੋਂ ਵਾਪਸ ਆ ਕੇ ਲੁਧਿਆਣਾ ਸ਼ਹਿਰ ਵਿੱਚ ਪਹਿਲੇ ਚਾਰ ਸਾਲ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਪਏ ਲਾਵਾਰਸਾਂ, ਅਪਾਹਜਾਂ ਅਤੇ ਗ਼ਰੀਬ ਬਿਮਾਰ ਲੋਕਾਂ ਦੇ ਇਲਾਜ ਕਰਾਏ। ਗਰਮੀ-ਸਰਦੀ, ਮਿੱਟੀ-ਘੱਟੇ ਵਿੱਚ ਇਹ ਸੇਵਾ ਕਰਦਿਆਂ ਮਨ ਵਿੱਚ ਦ੍ਰਿੜ ਕਰ ਲਿਆ “ਤੁਰਿਆ ਚੱਲ ਫ਼ਕੀਰਾ, ਹੁਣ ਪਿੱਛੇ ਮੁੜਕੇ ਵੇਖੀਂ ਨਾ”। ਹੌਲੀ-ਹੌਲੀ ਅਜਿਹੇ ਲਾਵਾਰਸ-ਬੇਘਰ ਮਰੀਜ਼ਾਂ ਦੀ ਬਿਹਤਰ ਸੇਵਾ ਸੰਭਾਲ ਲਈ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਨਜ਼ਦੀਕ ਤਿੰਨ ਮੰਜਲਾ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਬਣਵਾਇਆ। ਆਸ਼ਰਮ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਡੇਢ ਸੌ ਦੇ ਕਰੀਬ ਲਾਵਾਰਸ, ਬੇਘਰ, ਅਪਾਹਜ, ਨੇਤਰਹੀਣ, ਟੀ ਬੀ ਦੇ ਮਰੀਜ਼, ਅਧਰੰਗ ਦੀ ਬਿਮਾਰੀ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਲੋੜਵੰਦ ਰਹਿੰਦੇ ਹਨ। ਇਹਨਾਂ ਵਿੱਚੋਂ 75 ਦੇ ਕਰੀਬ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੇ ਵਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਹਨ ਅਤੇ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦੇ ਹਨ। ਆਸ਼ਰਮ ਵਿੱਚ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਭੋਜਨ, ਕੱਪੜੇ ਆਦਿ ਹਰ ਵਸਤੂ ਮੁਫ਼ਤ ਮਿਲਦੀ ਹੈ। ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਵੱਖ ਵੱਖ ਸਮੇਂ ਤੇ ਆਸ਼ਰਮ ਦੇ ਅੰਦਰ ਹੀ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਵੀ ਲਗਾਏ ਜਾਂਦੇ ਹਨ। ਇਹਨਾਂ ਕੈਂਪਾਂ ਚ ਮਾਹਿਰ ਡਾਕਟਰ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਦੇ ਹਨ।

ਡਾ: ਨੌਰੰਗ ਸਿੰਘ ਮਾਂਗਟ ਨਾਲ ਹੋਈ ਵਿਸ਼ੇਸ਼ ਮੁਲਾਕਾਤ ਮੈਂ ਪਾਠਕਾਂ ਦੇ ਰੂਬਰੂ ਕਰਦਾ ਹਾਂ-

ਸੁਆਲ: ਇਹ ਲੋੜਵੰਦ ਮਰੀਜ਼ ਆਸ਼ਰਮ ਵਿੱਚ ਕਿਸ ਤਰ੍ਹਾਂ ਆਉਂਦੇ ਹਨ ?
ਜੁਆਬ: ਅਜਿਹੇ ਲਾਵਾਰਸ ਮਰੀਜ਼ ਸ਼ਹਿਰਾਂ ਵਿੱਚੋਂ ਕਾਊਂਸਲਰਾਂ, ਪਿੰਡਾਂ ਵਿੱਚੋਂ ਪੰਚਾਇਤਾਂ, ਵੱਖ-ਵੱਖ ਸੰਸਥਾਵਾਂ, ਸਰਕਾਰੀ ਹਸਪਤਾਲਾਂ ਅਤੇ ਪੁਲੀਸ ਰਾਹੀਂ ਆਉਂਦੇ ਰਹਿੰਦੇ ਹਨ। ਆਮ ਲੋਕਾਂ ਨੂੰ ਵੀ ਜੇ ਅਜਿਹਾ ਮਰੀਜ਼ ਮਿਲ ਜਾਵੇ ਤਾਂ ਆਸ਼ਰਮ ਵਿੱਚ ਛੱਡ ਜਾਂਦੇ ਹਨ।

ਸੁਆਲ: ਇਹਨਾਂ ਅਪਾਹਜਾਂ ਦੀ ਸੇਵਾ-ਸੰਭਾਲ ਕਰਨ ਲਈ ਕੀ ਤੁਸੀਂ ਸੇਵਾਦਾਰ ਰੱਖੇ ਹੋਏ ਹਨ?
ਜੁਆਬ: ਇਹਨਾਂ ਦੀ ਸੰਭਾਲ ਵਾਸਤੇ 15 -16 ਸੇਵਾਦਾਰ ਅਤੇ ਇੱਕ ਡਾਕਟਰ ਤਨਖਾਹ ਤੇ ਰੱਖੇ ਹੋਏ ਹਨ।

ਸੁਆਲ: ਆਸ਼ਰਮ ਦਾ ਮਾਲਕ ਕੌਣ ਹੈ ਅਤੇ ਇਹਨਾਂ ਮਰੀਜ਼ਾਂ ਤੇ ਆਉਣ ਵਾਲਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਕੌਣ ਦਿੰਦਾ ਹੈ ।
ਜੁਆਬ: ਇਸ ਰਜ਼ਿ ਚੈਰੀਟੇਬਲ ਆਸ਼ਰਮ ਦੇ ਮਾਲਕ ਸ੍ਰੀ ਗੁਰੂ ਅਮਰ ਦਾਸ ਜੀ ਹਨ । ਜਮੀਨ-ਜਾਇਦਾਦ ਆਸ਼ਰਮ ਦੇ ਨਾਉਂ ਹੈ । ਮੇਰੇ ਤਾਂ ਇੱਥੇ ਦੋ-ਚਾਰ ਪਾਉਣ ਵਾਲੇ ਕੱਪੜੇ ਹੀ ਹਨ । ਗੁਰੂ ਦੀ ਸੰਗਤ ਲੋੜੀਂਦਾ ਸਮਾਨ ਅਤੇ ਮਾਇਆ ਭੇਜਦੀ ਰਹਿੰਦੀ ਹੈ।

ਸੁਆਲ: ਪੰਜਾਬ ਵਿੱਚ ਰਹਿੰਦਿਆਂ ਸੇਵਾ ਕਰਨ ਸਮੇਂ ਰਿਹਾਇਸ਼ ਕਿੱਥੇ ਰੱਖਦੇ ਹੋ ?
ਜੁਆਬ: ਆਸ਼ਰਮ ਵਿੱਚ ਹੀ ਰਹਿੰਦਾ ਹਾਂ । ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲੈਂਦਾ ਹਾਂ। ਰਾਤ ਨੂੰ ਦਫ਼ਤਰ ਵਿੱਚ ਹੀ ਸੋਂ ਜਾਂਦਾ ਹਾਂ ।

ਸੁਆਲ: ਪਿਛਲੇ ਚੌਦਾਂ ਸਾਲਾਂ ਤੋਂ ਲਾਵਾਰਸਾਂ-ਅਪਾਹਜਾਂ ਦੀ ਸੇਵਾ ਕਰਕੇ ਤੁਹਾਨੂੰ ਕਿਸ ਤਰਾਂ ਮਹਿਸੂਸ ਹੁੰਦਾ ਹੈ ।
ਜੁਆਬ: ਮੈਂ ਆਪਣਾ ਜੀਵਨ ਇਹਨਾਂ ਲੋੜਵੰਦਾਂ ਦੀ ਸੇਵਾ ਚ ਲਗਾ ਕੇ ਬਹੁਤ ਖੁਸ਼ ਹਾਂ। ਮੇਰੇ ਧੰਨ ਭਾਗ ਹਨ ਕਿ ਮੈਨੂੰ ਗ਼ਰੀਬ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਦਰ ਤੇ ਇਹ ਸੇਵਾ ਬਖਸ਼ੀ ਹੈ। ਗੁਰੂ ਚਰਨਾਂ ਵਿੱਚ ਸਦਾ ਇਹੋ ਅਰਦਾਸ ਕਰਦਾ ਹਾਂ: “ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ॥

ਇਹ ਨਿਸ਼ਕਾਮ ਸੇਵਾ ਦਾ ਮਹੱਤਵ ਪੂਰਨ ਕਾਰਜ ਹੈ ਜਿਸ ਵਿੱਚ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਡਾ: ਮਾਂਗਟ ਦਾ ਸੰਪਰਕ:  ਮੋਬਾਇਲ 95018 42505, ਈਮੇਲ: nsmangat14@hotmail.com.

ਮੁਲਾਕਾਤੀ: ਮਨਦੀਪ ਸਰੋਏ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin