Punjab

ਬ੍ਰਮ ਸ਼ੰਕਰ ਜਿੰਪਾ ਵੱਲੋਂ ਰਾਤ ਨੂੰ ਨਹਿਰਾਂ ਦੀ ਜਾਂਚ; ਕਿਸਾਨਾਂ ਨੂੰ ਟੇਲਾਂ ਉਤੇ ਪਾਣੀ ਪਹੁੰਚਣ ਦੀ ਉਮੀਦ ਜਾਗੀ

ਫਾਜ਼ਿਲਕਾ – ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸ਼ੁੱਕਰਵਾਰ ਰਾਤ ਨੂੰ ਨਹਿਰਾਂ ਕੀਤੀ ਜਾਂਚ ਤੋਂ ਬਾਅਦ ਜਲਾਲਾਬਾਦ ਅਤੇ ਫਾਜ਼ਿਲਕਾ ਖੇਤਰ ਦੇ ਨਹਿਰਾਂ ਦੀਆਂ ਟੇਲਾਂ ਉਤੇ ਪੈਂਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲਣ ਦੀ ਆਸ ਬੱਝੀ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਆਖਿਆ ਹੈ ਕਿ ਨਾਜਾਇਜ਼ ਨਹਿਰੀ ਮੋਘੇ ਅਤੇ ਮੋਘਿਆਂ ਦੀ ਭੰਨਤੋੜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਨਾਜਾਇਜ਼ ਮੋਘੇ ਬੰਦ ਕੀਤੇ ਜਾਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਮੂਹ ਹਿੱਸੇਦਾਰਾਂ ਕਿਸਾਨਾਂ ਤੱਕ ਬਰਾਬਰ ਵੰਡ ਯਕੀਨੀ ਬਣਾਈ ਜਾਵੇਗੀ ਅਤੇ ਨਾਜਾਇਜ਼ ਮੋਘੇ ਲਗਾ ਕੇ, ਜਾਂ ਮੋਘੇ ਭੰਨ ਕੇ ਜਾਂ ਗੈਰਕਾਨੂੰਨੀ ਢੰਗ ਨਾਲ ਪਾਈਪਾਂ ਲਗਾ ਕੇ ਪਾਣੀ ਚੋਰੀ ਕਰਨ ਵਾਲਿਆਂ ਖ਼ਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਹ ਬੀਤੀ ਰਾਤ ਜਲਾਲਾਬਾਦ ਅਤੇ ਫਾਜ਼ਿਲਕਾ ਹਲਕੇ ਦੀਆਂ ਨਹਿਰਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਸਮੱਸਿਆਵਾਂ ਸੁਣ ਰਹੇ ਸਨ। ਇਸ ਮੌਕੇ ਉਨਾਂ ਨਾਲ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ, ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਵੀ ਹਾਜਰ ਸਨ।

ਕੈਬਨਿਟ ਮੰਤਰੀ ਨੇ ਇਸ ਮੌਕੇ ਖੁਦ ਨਹਿਰਾਂ ਦੇ ਅੰਦਰ ਵੜ ਕੇ ਨਹਿਰਾਂ ਵਿਚ ਲੱਗੇ ਮੋਘਿਆਂ ਦਾ ਮੁਆਇਨਾ ਕੀਤਾ ਅਤੇ ਮੌਕੇ ਉਤੇ ਹੀ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਰਾਜ ਵਿਚ ਹੁਣ ਨਿਜਾਮ ਬਦਲ ਚੁੱਕਿਆ ਹੈ। ਹੁਣ ਰਾਜ ਦੇ ਆਮ ਲੋਕਾਂ ਦੀ ਸਰਕਾਰ ਹੈ, ਇਸ ਲਈ ਪਾਣੀ ਚੋਰੀ ਕਰਨ ਵਾਲੇ ਪ੍ਰਭਾਵਸਾਲੀ ਲੋਕਾਂ ਉਤੇ ਤੁਰੰਤ ਕਾਰਵਾਈ ਕਰਦਿਆਂ ਅਜਿਹੇ ਸਾਰੇ ਨਾਜਾਇਜ਼ ਮੋਘੇ ਤੁਰੰਤ ਬੰਦ ਕੀਤੇ ਜਾਣ ਤਾਂ ਜੋ ਟੇਲਾਂ ਤੱਕ ਪੂਰਾ ਪਾਣੀ ਪੁੱਜ ਸਕੇ। ਉਨਾਂ ਨੇ ਪਿੰਡ ਖੂੰਡ ਵਾਲਾ ਸੈਣੀਆਂ, ਪਿੰਡ ਬਾਹਮਣੀ ਵਾਲਾ ਕੋਲ, ਅਤੇ ਲਾਧੂਕਾ ਵਿਖੇ ਕਿਸਾਨਾਂ ਦੀਆਂ ਨਹਿਰੀ ਪਾਣੀ ਦੀਆਂ ਮੁਸਕਿਲਾਂ ਸੁਣੀਆਂ ਅਤੇ ਵੱਖ ਵੱਖ ਥਾਂਵਾਂ ‘ਤੇ ਰੁਕ ਕੇ ਨਹਿਰਾਂ ਦਾ ਖੁਦ ਨਿਰੀਖਣ ਕੀਤਾ।

ਇਸ ਮੌਕੇ ਕਿਸਾਨ ਜਿੱਥੇ ਆਪਣੀਆਂ ਮੁਸਕਿਲਾਂ ਕੈਬਨਿਟ ਮੰਤਰੀ ਦੇ ਸਨਮੁੱਖ ਰੱਖ ਰਹੇ ਸਨ ਉਥੇ ਉਹ ਇਸ ਗੱਲੋਂ ਵੀ ਹੈਰਾਨ ਸਨ ਕਿ ਅੱਧੀ ਰਾਤ ਨੂੰ ਵੀ ਕੋਈ ਮੰਤਰੀ ਉਨਾਂ ਦੀਆਂ ਨਹਿਰਾਂ ਉਤੇ ਪੁੱਜ ਕੇ ਉਨਾਂ ਦੇ ਦੁੱਖੜੇ ਸੁਣ ਸਕਦਾ ਹੈ।

ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਸਰਕਾਰ ਲਈ ਆਮ ਲੋਕ ਹੀ ਅਸਲ ਤਾਕਤ ਹਨ ਅਤੇ ਜੇਕਰ ਕਿਸੇ ਨੇ ਵੀ ਲੋਕਾਂ ਨੂੰ ਉਨਾਂ ਦੇ ਬਣਦੇ ਹੱਕ ਦੇਣ ਵਿਚ ਕੁਤਾਹੀ ਕੀਤੀ ਤਾਂ ਉਸ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਨਾਜਾਇਜ ਮੋਘੇ ਬੰਦ ਕਰਕੇ, ਨਹਿਰਾਂ ਦੀ ਸਫਾਈ ਕਰਵਾਕੇ ਨਹਿਰਾਂ ਵਿਚ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ। ਨਾਲ ਹੀ ਉਨਾਂ ਨੇ ਕਿਹਾ ਕਿ ਜਿੱਥੇ ਕਿਤੇ ਨਵੀਆਂ ਨਹਿਰਾਂ ਦੇ ਪ੍ਰੋਜੈਕਟ ਤਿਆਰ ਕਰਨੇ ਪਏ ਸਰਕਾਰ ਉਹ ਵੀ ਕਰੇਗੀ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

admin

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ

admin