ਈਲੋਨ ਮਸਕ ਦੇ ਨਿਊਰਾਲਿੰਕ ਨੇ ਇੱਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ। ਕੰਪਨੀ ਨੇ ਹੁਣ ਇੱਕ ਦਿਨ ਵਿੱਚ ਦੋ ਲੋਕਾਂ ਵਿੱਚ ਨਿਊਰਾਲਿੰਕ ਚਿੱਪ ਲਗਾਈ ਹੈ ਅਤੇ ਇਸ ਤੋਂ ਬਾਅਦ ਉਹ ਹੁਣ ਆਪਣੀ ਸੋਚ ਸ਼ਕਤੀ ਦੇ ਨਾਲ ਹੀ ਕੰਪਿਊਟਰ ਦੇ ਕਰਸਰ ਨੂੰ ਹਿਲਾ ਸਕਦੇ ਹਨ। ਇਹਨਾਂ ਵਿੱਚ ਇੱਕ ਔਰਤ ਵੀ ਹੈ ਜਿਸਦਾ ਦਾਅਵਾ ਹੈ ਕਿ ਉਹ ਦੁਨੀਆਂ ਦੀ ਪਹਿਲੀ ਔਰਤ ਹੈ ਜਿਸ ਦੇ ਦਿਮਾਗ ਵਿੱਚ ਨਿਊਰਾਲਿੰਕ ਚਿੱਪ ਲਗਾਈ ਗਈ ਹੈ।
ਈਲੋਨ ਮਸਕ ਦੀ ਨਿਊਰਾਲਿੰਕ ਕੰਪਨੀ ਨੇ ਇੱਕ ਹੋਰ ਮਾਅਰਕਾ ਮਾਰਿਆ ਅਤੇ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਸਨੇ ਪਹਿਲੀ ਵਾਰ ਇੱਕ ਦਿਨ ਵਿੱਚ ਦੋ ਵਲੰਟੀਅਰਾਂ ਦੇ ਦਿਮਾਗ ਵਿੱਚ ਬ੍ਰੇਨ ਕੰਪਿਊਟਰ ਇੰਟਰਫੇਸ ਲਗਾਇਆ ਹੈ। ਹੁਣ ਦੋਵੇਂ ਮਰੀਜ਼ ਠੀਕ ਹੋ ਰਹੇ ਹਨ, ਜਿਨ੍ਹਾਂ ਨੂੰ ਕੰਪਨੀ ਨੇ P8 ਅਤੇ P9 ਦਾ ਨਾਮ ਦਿੱਤਾ ਹੈ। ਕੰਪਨੀ ਨੇ ਇਸ ਸਫ਼ਲਤਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਨੇ ਇੱਕ ਦਿਨ ਵਿੱਚ P8 ਅਤੇ P9 ਦੀਆਂ ਦੋ ਸਰਜਰੀਆਂ ਸਫਲਤਾਪੂਰਵਕ ਪੂਰੀਆਂ ਕੀਤੀਆਂ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਨਿਊਰਾਲਿੰਕ ਦੀ ਮਦਦ ਨਾਲ ਕੋਮਾ ਜਾਂ ਬੇਹੋਸ਼ ਪਏ ਮਰੀਜ਼ਾਂ ਨੂੰ ਫਾਇਦਾ ਹੋਵੇਗਾ, ਅਤੇ ਉਹ ਸਿਰਫ ਆਪਣੀ ਸੋਚ ਦੀ ਸ਼ਕਤੀ ਨਾਲ ਕੰਪਿਊਟਰ ਦੇ ਕਰਸਰ ਨੂੰ ਹਿਲਾ ਸਕਦੇ ਹਨ।
ਕੰਪਨੀ ਦੇ ਇਸ ਐਲਾਨ ਤੋਂ ਬਾਅਦ Audrey Crews ਨੇ ਇਸ ਸਬੰਧੀ ਦੱਸਿਆ ਹੈ ਕਿ ਉਹ P9 ਹੈ ਜਿਸ ਦੇ ਸਿਰ ਵਿੱਚ ਨਿਊਰਾਲਿੰਕ ਚਿੱਪ ਲਗਾਇਆ ਗਿਆ ਹੈ। ਇਸ ਦੇ ਨਾਲ ਹੀ Audrey Crews ਨੇ ਦੱਸਿਆ ਕਿ ਉਹ ਦੁਨੀਆਂ ਦੀ ਪਹਿਲੀ ਔਰਤ ਹੈ ਜਿਸ ਵਿੱਚ ਨਿਊਰਾਲਿੰਕ ਬ੍ਰੇਨ ਕੰਪਿਊਟਰ ਚਿੱਪ ਲਗਾਇਆ ਗਿਆ ਹੈ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਨਾਮ ‘ਤੇ ਕਈ ਪੋਸਟਾਂ ਵੀ ਕੀਤੀਆਂ ਹਨ ਅਤੇ ਦੱਸਿਆ ਹੈ ਕਿ ਇਸ ਆਪ੍ਰੇਸ਼ਨ ਤੋਂ ਬਾਅਦ ਉਸਦਾ ਸਫ਼ਰ ਕਿਵੇਂ ਰਿਹਾ ਹੈ। Audrey Crews ਨੇ ਜਾਣਕਾਰੀ ਦਿੰਦਿਆਂ ਅੱਗੇ ਹੋਰ ਦੱਸਿਆ ਹੈ ਕਿ ਹੁਣ 20 ਸਾਲਾਂ ਵਿੱਚ ਪਹਿਲੀ ਵਾਰ ਉਹ ਕੰਪਿਊਟਰ ‘ਤੇ ਆਪਣਾ ਨਾਮ ਲਿਖ ਸਕਦੀ ਹੈ ਅਤੇ ਗੇਮਾਂ ਖੇਡ ਸਕਦੀ ਹੈ। ਹੁਣ ਉਸਨੇ ਉਪਰੇਸ਼ਨ ਤੋਂ ਬਾਅਦ ਆਪਣੀ ਪ੍ਰਗਤੀ ਨੂੰ ਬਾਕੀ ਦੁਨੀਆਂ ਦੇ ਨਾਲ ਸਾਂਝਾ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਨੇ ਈਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਮਦਦ ਲਈ ਹੈ।
Audrey Crews ਨੇ ਇਸ ਸਬੰਧੀ ਹੋਰ ਦੱਸਿਆ ਹੈ ਕਿ ਯੂਨੀਵਰਸਿਟੀ ਆਫ਼ ਮਿਆਮੀ ਹੈਲਥ ਸੈਂਟਰ ਦੇ ਅੰਦਰ ਇੱਕ ਉਪਰੇਸ਼ਨ ਦੇ ਦੌਰਾਨ ਉਸਦੇ ਦਿਮਾਗ ਵਿੱਚ ਨਿਊਰਾਲਿੰਕ ਚਿੱਪਸੈੱਟ ਲਗਾਇਆ ਗਿਆ ਹੈ। ਇਸ ਆਪ੍ਰੇਸ਼ਨ ਦੇ ਤਹਿਤ ਦਿਮਾਗ ਦੇ ਵਿੱਚ ਇੱਕ ਛੋਟਾ ਜਿਹਾ ਛੇਕ ਬਣਾਇਆ ਜਾਂਦਾ ਹੈ ਅਤੇ ਬਹੁਤ ਹੀ ਸਾਵਧਾਨੀ ਦੇ ਨਾਲ 128 ਧਾਗਿਆਂ ਨੂੰ ਮੋਟਰ ਕਾਰਟੈਕਸ ‘ਤੇ ਲਗਾਇਆ ਜਾਂਦਾ ਹੈ। ਮੋਟਰ ਕਾਰਟੈਕਸ ਅਸਲ ਵਿੱਚ ਦਿਮਾਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੀ ਗਤੀਵਿਧੀ ਨੂੰ ਕੰਟਰੋਲ ਕਰਦਾ ਹੈ। ਡਾਕਟਰਾਂ ਨੇ ਇਸ ਲਈ ਰੋਬੋਟਿਕਸ ਸਹਾਇਕ ਦੀ ਮਦਦ ਲਈ ਤਾਂ ਜੋ ਇਸ ਅਪਰੇਸ਼ਨ ਨੂੰ ਹੋਰ ਬਿਹਤਰ ਅਤੇ ਸਟੀਕ ਢੰਗ ਨਾਲ ਕੀਤਾ ਜਾ ਸਕੇ। ਇਸ ਆਪ੍ਰੇਸ਼ਨ ਦੇ ਤਹਿਤ ਲਗਾਏ ਜਾਣ ਵਾਲੇ ਚਿੱਪ ਦਾ ਸਾਈਜ਼ ਲਗਭਗ ਇੱਕ ਛੋਟੇ ਸਿੱਕੇ ਦੇ ਬਰਾਬਰ ਹੈ।