Articles

ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਹੀ ਦਾਖਲ ਕਰਵਾਓ !

ਸਿੱਖਿਆ ਨੂੰ ਕਿਸੇ ਵੀ ਦੇਸ਼, ਸੂਬੇ ਅਤੇ ਸਮਾਜ ਦੇ ਵਿਕਾਸ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਇਸ ਕਰਕੇ ਦੇਸ਼ ਦੇ ਸਾਰੇ ਲੋਕਾਂ ਦਾ ਸਿੱਖਿਅਤ ਹੋਣਾ ਜਰੂਰੀ ਹੈ। ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਜਰੂਰੀ ਹੈ ਕਿ ਸਿੱਖਿਆ ਸਾਰੇ ਲੋਕਾਂ ਦੀ ਪਹੁੰਚ ਵਿੱਚ ਹੋਵੇ ਕਿਉਂਕਿ ਸਿੱਖਿਆ ਦੇ ਨਾਲ ਹੀ ਅਜਿਹੇ ਨਾਗਰਿਕ ਤਿਆਰ ਹੋਣਗੇ ਜੋ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾ ਕੇ ਆਪਣੇ ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਵਸੀਲਾ ਬਨਣਗੇ। ਪੁਰਾਤਣ ਸਮੇਂ ਵਿੱਚ ਵਿੱਦਿਆ ਦੇਣਾ ਇੱਕ ਸਰਵ-ਉੱਤਮ ਦਾਨ ਮੰਨਿਆ ਜਾਂਦਾ ਸੀ ਪਰ ਅੱਜ ਵਿੱਦਿਆ ਦਾਨ ਨਾ ਹੋ ਕੇ, ਇੱਕ ਵਪਾਰ ਬਣ ਕੇ ਰਹਿ ਗਈ ਹੈ। ਅੱਜ ਜਿੱਥੇ ਸਰਕਾਰੀ ਵਿਦਿਅਕ ਸੰਸਥਾਵਾਂ ਸਰਕਾਰ ਦੀ ਦੇਖ-ਰੇਖ ਹੇਠ ਮਿਹਨਤੀ ਅਧਿਆਪਕਾਂ ਦੇ ਉਦੱਮ ਸਦਕਾ ਦਿਨ-ਬ-ਦਿਨ ਤਰੱਕੀ ਕਰਕੇ ਸਫਲਤਾ ਦੀਆਂ ਬੁਲੰਦੀਆਂ ਤੱਕ ਪੁਹੰਚ ਰਹੀਆਂ ਹਨ। ਸਿੱਖਿਆ ਵਿਭਾਗ ਦੀ ਹੱਲਾਂ-ਸ਼ੇਰੀ ਨਾਲ ਅਧਿਆਪਕਾਂ ਨੇ ਦਿਨ-ਰਾਤ ਮਿਹਨਤ ਕਰਕੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਇਸ ਕਦਰ ਸਜ਼ਾਇਆ ਹੈ ਕਿ ਆਮ ਵਿਅਕਤੀ ਇਨ੍ਹਾਂ ਨੂੰ ਹੁਣ ਢਾਬਿਆਂ ਦੇ ਸਥਾਨ ਤੇ ਫਾਇਵ ਸਟਾਰ ਹੋਟਲ ਸਮਝਣ ਲੱਗ ਪਿਆ ਹੈ ਜਿੱਥੇ ਬੱਚੇ ਮੁਫਤ ਵਿੱਚ ਅੰਗਰੇਜੀ ਮਾਧਿਅਮ ਵਿੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਸਰਕਾਰ ਦੀਆਂ ਹੋਰ ਵਿਦਿਆਰਥੀ ਪੱਖੀ ਸਕੀਮਾਂ ਦਾ ਵੀ ਲਾਭ ਪ੍ਰਾਪਤ ਕਰ ਰਹੇ ਹਨ ਜਿਵੇਂ ਕਿ ਮੁਫਤ ਕਿਤਾਬਾਂ, ਸਲਾਨਾ ਅਤੇ ਮਹੀਨਾਵਾਰ ਕੋਈ ਫੀਸ ਨਹੀਂ, ਬੱਚਿਆਂ ਦੇ ਫੁਟਕਲ ਖਰਚਿਆਂ ਲਈ ਵਜੀਫਿਆਂ ਦਾ ਪ੍ਰਬੰਧ, ਵਿਭਾਗ ਵੱਲੋਂ ਸਮੇਂ-ਸਮਂੇ ਤੇ ਲਗਵਾਏ ਜਾਂਦੇ ਮੁਫਤ ਵਿਦਿਅਕ ਟੂਰ ਆਦਿ ਸਹੂਲਤਾਂ ਦਾ ਲਾਭ ਇਨ੍ਹਾਂ ਸਕੂਲਾਂ ‘ਚ ਪੜ੍ਹਣ ਵਾਲੇ ਬੱਚੇ ਸਹਿਜੇ ਹੀ ਉੱਠਾ ਰਹਿ ਹਨ ਨਾਲ ਹੀ ਬੱਚਿਆਂ ਨੂੰ ਆਧੁਨਿਕ ਤਕਨੀਕਾਂ ਜਿਵੇਂ ਐਜੂਸੈਟ, ਕੰਪਿਊਟਰ, ਈ ਕੋਨਟੈਂਟ ਆਦਿ ਰਾਹੀ ਆਸਾਨ ਢੰਗਾਂ ਨਾਲ ਪੜ੍ਹਾਇਆ ਜਾਂਦਾ ਹੈ।। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮ ਨੂੰ ਧਿਆਨ ‘ਚ ਰੱਖਦੇ ਹੋਏ ਮਾਰਚ 2020 ਤੋਂ ਸਰਕਾਰੀ ਅਤੇ ਨਿੱਜੀ ਸਕੂਲ ਸਰਕਾਰੀ ਹੁਕਮਾਂ ਨਾਲ ਬੰਦ ਕੀਤੇ ਹੋਏ ਹਨ। ਇਸ ਕਰਕੇ ਸੈਸ਼ਨ 2020/21 ਦੀ ਪੜ੍ਹਾਈ ਸਰਕਾਰੀ ਅਤੇ ਨਿੱਜੀ ਸਕੂਲਾਂ ਵੱਲੋਂ ਵੱਖ-ਵੱਖ ਸਾਧਨਾਂ ਨਾਲ ਆਨ-ਲਾਇਨ ਕਰਵਾਈ ਜਾ ਰਹੀ ਹੈ। ਆਨ ਲਾਇਨ ਪੜ੍ਹਾਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੀਆਂ ਆਰਥਿਕ ਅਤੇ ਹੋਰ ਸਮੱਸਿਆਵਾਂ ਦੇ ਬਾਵਜੂਦ ਬਹੁਤ ਸੁੱਚਜੇ ਤਰੀਕੇ ਨਾਲ ਮੁਫਤ ਕਰਵਾਈ ਜਾ ਰਹੀ ਹੈ ਪਰ ਨਿੱਜੀ ਸਕੂਲਾਂ ਵੱਲੋਂ ਕਰਵਾਈ ਜਾ ਰਹੀ ਆਨ ਲਾਈਨ ਪੜ੍ਹਾਈ ਦੇ ਬਦਲ ਵਿੱਚ ਨਿੱਜੀ ਸਕੂਲਾਂ ਦੇ ਮਾਲਕ ਬੱਚਿਆਂ ਨੂੰ ਬਹੁਤ ਮਹਿੰਗੀਆਂ ਕਿਤਾਬਾਂ ਦੇ ਕੇ ਪਹਿਲਾਂ ਹੀ ਮੋਟੀਆਂ ਕਮਾਈਆਂ ਕਰ ਚੁੱਕੇ ਹਨ ਤੇ ਹੁਣ ਬੱਚਿਆਂ ਦੇ ਮਾਪਿਆਂ ਤੋਂ  ਪੂਰੀਆਂ ਫੀਸਾਂ ਵਸੂਲਣ ਲਈ ਨਾਦਰਸ਼ਾਹੀ ਫਰਮਾਨ ਜਾਰੀ ਕਰ ਰਹਿ ਹਨ ਜਿਸ ਨੂੰ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਿਨ੍ਹਾਂ ਬੱਚਿਆਂ ਦੇ ਸਹਾਰੇ ਨਿੱਜੀ ਸਕੂਲਾਂ ਦੇ ਮਾਲਕਾਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜ੍ਹੀਆਂ ਕਿਤੀਆਂ ਹਨ ਤੇ ਹਰ ਤਰ੍ਹਾਂ ਦੀਆਂ ਪਦਾਰਥਕ ਸੁੱਖ ਸਹੂਲਤਾਂ ਦਾ ਆਨੰਦ ਮਾਨ ਰਹੇ ਹਨ ਜੇਕਰ ਕਰਫਿਊ/ਤਾਲਾਬੰਦੀ ਦੀ ਸਥਿਤੀ ਕਾਰਨ ਉਪਜੀ ਬੇਰੁਜਗਾਰੀ ਅਤੇ ਲੋਕਾਂ ਦੀ ਬਿਗੜੀ ਆਰਥਿਕ ਸਥਿਤੀ ਦੇ ਦੌਰਾਨ ਇੱਕ ਸਾਲ ਬੱਚਿਆਂ ਤੋਂ ਫੀਸ ਨਹੀਂ ਲੈਣਗੇ ਜਾਂ ਨਾ-ਮਾਤਰ ਲੈ ਕੇ ਇੱਕ ਸਾਲ ਲਾਭ ਨਹੀਂ ਕਮਾਉਣਗੇ ਤਾਂ ਇਸ ਨਾਲ ਉਨ੍ਹਾਂ ਨੂੰ ਕੋਈ ਬਹੁਤ ਫਰਕ ਨਹੀਂ ਪਵੇਗਾ। ਕਈ ਨਿੱਜੀ ਸਕੂਲਾਂ ਵੱਲੋਂ ਫੀਸ ਨਾ ਲੈਣ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ ਜਿਸ ਨੂੰ ਸਮਾਜ ਅਤੇ ਦੇਸ਼ ਲਈ ਇੱਕ ਚੰਗਾ ਫੈਸਲਾ ਕਿਹਾ ਜਾ ਸਕਦਾ ਹੈ। ਪਰ ਕਈ ਸਕੂਲਾਂ ਵੱਲੋਂ ਦੇਸ਼ ਅਤੇ ਵਿਸ਼ਵ ਪੱਧਰ ਤੇ ਉੱਪਜੀ ਜਬਰਦਸਤ ਆਰਥਿਕ ਮੰਦੀ ਦੇ ਵਿੱਚ ਵੀ ਬੱਚਿਆਂ ਦੇ ਮਾਪਿਆਂ ਨੂੰ ਫੀਸ਼ਾਂ ਲਈ ਬਹੁਤ ਤੰਗ ਪਰੇਸ਼ਨ ਕੀਤਾ ਜਾ ਰਿਹਾ ਹੈ। ਇੱਥੇ ਮੈ ਨਿੱਜੀ ਸਕੂਲਾਂ ਵਿੱਚ ਪੜ੍ਹਾ ਰਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਸਲਾਹ ਜਰੂਰ ਦੇਣਾ ਚਹੁੰਗਾਂ ਕਿ ਝੂਠੇ ਸਟੇਟਸ ਸਿੰਬਲ ਦੇ ਵਹਿਮ ਚੋਂ ਨਿਕਲ ਕੇ ਆਪਣੇ ਬੱਚਿਆਂ ਨੂੰ ਹਰ ਪੱਖ ਤੋਂ ਅਧੁਨਿਕ ਸਹੂਲਤਾਂ ਨਾਲ ਲੈਸ ਅੰਗਰੇਜ਼ੀ ਮੀਡੀਅਮ ਵਾਲੇ ਸਾਰਕਾਰੀ ਸਕੂਲਾਂ ‘ਚ ਦਾਖਲ ਕਰਵਾਓ। ਇਸ ਨਾਲ ਤੁਸੀਂ ਇਸ ਔਖੀ ਘੜੀ ‘ਚ ਆਪਣੇ ਬੱਚੇ ਦੇ ਉਜਵਲ ਭਵਿੱਖ ਦਾ ਧਿਆਨ ਵੀ ਰੱਖ ਪਾਓਗੇ ਤੇ ਤੁਹਾਡੇ ਤੇ ਕੋਈ ਆਰਥਿਕ ਬੋਝ ਵੀ ਨਹੀਂ ਪਵੇਗਾ ਸਗੋਂ ਸਰਕਾਰੀ ਸਹੂਲਤਾਂ ਦਾ ਲਾਭ ਵੀ ਉਠਾ ਪਾਉਂਗੇ।

ਇਸ ਨਾਲ ਨਿਰੋਲ ਰੂਪ ਵਿੱਚ ਇੱਕ ਦੁਕਾਨਦਾਰੀ ਦੇ ਰੂਪ ‘ਚ ਚਲਾਏ ਜਾ ਰਹੇ ਪ੍ਰਾਈਵੇਟ ਸਕੂਲ ਦੇ ਮਾਲਕਾਂ ਨੂੰ ਵੀ ਸਬਕ ਮਿਲੇਗਾ। ਸਿਰਫ ਇੱਕ ਸਾਲ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਤਾਂ ਕਰਵਾਕੇ ਦੇਖੋ ਫਿਰ ਤੁਸੀਂ ਖੁਦ ਇਨ੍ਹਾਂ ਨਿੱਜੀ ਸਕੂਲਾਂ ਵੱਲ ਕਦੇ ਮੂੰਹ ਨਹੀ ਕਰੋਗੇ ਤੇ ਇਹ ਨਿੱਜੀ ਸਕੂਲ ਤੁਹਾਡੇ ਪਿੱਛੇ-ਪਿੱਛੇ ਘੁੰਮਣਗੇ।

ਇਸ ਗੱਲ ਨੂੰ ਵੀ ਤੁਸੀਂ ਸਾਰੇ ਭਲੀ-ਭਾਂਤੀ ਜਾਣਦੇ ਹੋ ਕਿ ਕਿਸ ਤਰ੍ਹਾਂ ਨਿੱਜੀ ਸਕੂਲੀ ਸੰਸਥਾਵਾਂ ਵੱਲੋਂ ਨਿੱਜੀ ਪ੍ਰਕਾਸ਼ਕਾਂ ਨਾਲ ਮਿਲੀ ਭੁਗਤ ਕਰਕੇ ਅੰਦਰੋਂ ਖਾਤੇ ਪੁਸਤਕਾਂ ਦੀਆਂ ਕੀਮਤਾਂ ‘ਚ ਉਤਾਰ-ਚੜਾਓ ਕਰਦਿਆਂ ਮੋਟੇ ਕਮੀਸ਼ਨ ਵਸੂਲਣਾ, ਵਿਦਿਆਰਥੀਆਂ ਦੀ ਟਰਾਂਸਪੋਰਟੇਸ਼ਨ ਫੀਸ ‘ਚ ਵਾਧਾ ਕਰਨਾ,  ਵਿੱਦਿਅਕ ਟੂਰ ਦੇ ਨਾਮ ਤੇ ਰੂਪਏ ਵਸੂਲਣ ਤੋਂ ਇਲਾਵਾ ਵੱਖ-ਵੱਖ ਢੰਗਵੰਝਾਂ ਰਾਹੀਂ ਸਹੂਲਤਾਂ ਦੇਣ ਦੀ ਡਰਾਮੇਬਾਜ਼ੀ ਕਰਦਿਆਂ ਰੂਪਏ ਵਸੂਲਣਾ ਅਤੇ ਸਟੇਸ਼ਨਰੀ ਦਾ ਸਮਾਨ ਸਕੂਲਾਂ ਵਿੱਚ ਹੀ ਜਾ ਕਿਸੇ ਖਾਸ ਵਿਕਰੇਤਾ ਰਾਹੀ ਵੇਚ ਕੇ ਰੂਪਏ ਇੱਕਠੇ ਕਰਦਿਆਂ ਮਾਪਿਆਂ ਦੀਆਂ ਜੇਬਾਂ ਤੇ ਦਿਨ-ਦਿਹਾੜੇ ਡਾਕਾ ਮਾਰੇ ਜਾਂਦੇ ਹਨ। ਇੱਥੋਂ ਤੱਕ ਕਿ ਕਈ ਸਕੂਲਾਂ ‘ਚ ਵਿਦਿਆਰਥੀ ਨੂੰ ਪੜ੍ਹਾਈ ‘ਚ ਕਮਜ਼ੋਰ ਦੱਸਦਿਆਂ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਨੂੰ ਪੜ੍ਹਾਈ ‘ਚ ਹੁਸ਼ਿਆਰ ਬਨਾਉਣ ਲਈ ਵਾਧੂ ਕਲਾਸਾਂ ਲਾਉਣ ਦੇ ਬਹਾਨੇ ਉਹਨਾਂ ਤੋਂ ਮੋਟੇ ਰੂਪਏ ਬਟੋਰੇ ਜਾਂਦੇ ਹਨ। ਜਿਸ ਤੋਂ ਸਹਿਜ ਹੀ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਅਜਿਹੇ ਸਕੂਲਾਂ ‘ਚ ਅਧਿਆਪਕ ਬੱਚਿਆਂ ਪ੍ਰਤੀ ਸੰਜੀਦਾ ਨਜ਼ਰ ਨਹੀਂ ਆਉਂਦੇ। ਹੋਰ ਤਾਂ ਹੋਰ ਨਿੱਜੀ ਸੰਸਥਾਵਾਂ ਵੱਲੋਂ ਮਾਪਿਆਂ ਤੋਂ ਵਸੂਲੇ ਜਾਂਦੇ ਬਿਲਡਿੰਗ ਫੰਡ ਅਤੇ ਡਿਵੈਲਪਮੈਂਟ ਫੰਡ ਤੋਂ ਇਲਾਵਾ ਸਾਲਾਨਾ ਫੰਡ ਵਿੱਚ ਸਕੂਲੀ ਸੰਸਥਾਵਾਂ ਵੱਲੋਂ ਕੁਝ ਵੀ ਨਹੀਂ ਦਰਸਾਇਆ ਜਾਂਦਾ ਕਿ ਮਾਪਿਆਂ ਤੋਂ ਵਸੂਲੀ ਜਾਂਦੀ ਸਾਲਾਨਾ ਮੋਟੀ ਰਕਮ ‘ਚ ਬੱਚਿਆਂ ਨੂੰ ਕਿਹੜੀ ਸਹੂਲਤ ਦਿੱਤੀ ਜਾਵੇਗੀ। ਬੱਚਿਆਂ ਦੇ ਦਾਖਲਿਆਂ ਮੌਕੇ ਅਜਿਹੇ ਨਵੇਕਲੇ ਫੰਡਾਂ ਦੇ ਰੂਪ ‘ਚ ਲਈਆਂ ਜਾਂਦੀਆਂ ਮੋਟੀਆਂ ਰਕਮਾ ਨਾਲ ਨਿੱਜੀ ਸਕੂਲਾਂ ਦੇ ਮਾਲਕਾਂ ਵੱਲੋਂ  ਸਤਿਕਾਰਤ ‘ਵਿੱਦਿਆ ਦੇ ਮੰਦਰਾਂ’ ਨੂੰ ਵੱਡੀਆਂ-ਵੱਡੀਆਂ ਇਮਾਰਤਾਂ ‘ਚ ਤਬਦੀਲ ਕਰਕੇ ਸਰੇਆਮ ਵਿੱਦਿਆ ਦੀ ਆੜ ਵਿੱਚ ਵਿੱਦਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ।

” ਯੇ ਕੈਸਾ ਦੌਰ ਹੈ ਆਜ ਕੇ ਵਿਕਾਸਵਾਦੀ ਜਮਾਨੇ ਕਾ
ਇਨਸਾਨ ਵੀ ਪੱਥਰ ਹੋ ਗਿਆ, ਪੱਥਰ ਕੀ ਆਲੀਸ਼ਾਨ ਇਮਾਰਤੇਂ ਬਣਾਤੇ-ਬਣਾਤੇ।”

ਜੇਕਰ ਅਜਿਹੀ ਹੁੰਦੀ ਆ ਰਹੀ ਲੁੱਟ-ਖਸੁੱਟ ਨੂੰ ਅੱਖੋਂ ਪਰੋਖੇ ਕਰਕੇ ਵਿੱਦਿਆ ਦੇ ਮਿਆਰ ਨੂੰ ਵੀ ਦੇਖਦੇ ਹਾਂ ਤਾਂ ਉਹ ਵੀ ਬਹੁਤਾ ਤਸੱਲੀ ਬਖਸ਼ ਨਹੀਂ ਹੈ। ਅੱਜ ਅਜਿਹੇ ਅਦਾਰੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਾਲੀਆਂ ਸੰਸਥਾਵਾਂ ਘੱਟ ਸਗੋਂ ਵਪਾਰ ਕਰਨ ਦੇ ਅੱਡੇ ਵੱਧ ਜਾਪਦੇ ਹਨ। ਇਹਨਾਂ ਸਕੂਲਾਂ ਵਿੱਚ ਬੱਚਿਆਂ ਦੀ ਸਮਝਣ ਸ਼ਕਤੀ ਵਿਕਸਤ ਕਰਨ ਦੀ ਬਜਾਏ ਰੱਟਾ ਜਾਂ ਘੋਟਾ ਲਗਵਾਉਣ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਸਿਰਫ ਇੱਕ ਹੀ ਭਾਸ਼ਾ (ਇੰਗਲਿਸ਼) ਦੀ ਸ਼ੋਸ਼ੇਬਾਜ਼ੀ ਤੋਂ ਬਿਨ੍ਹਾ ਬਾਕੀ ਵਿੱਦਿਅਕ ਢਾਂਚਾ ਬਹੁਤਾ ਚੰਗਾ ਨਹੀਂ ਹੈ। ਜੇ ਅਸੀਂ ਸਰਕਾਰੀ ਅਹੁਦਿਆਂ ਤੇ ਲੱਗੇ ਲੋਕਾਂ ਦਾ ਅਧਿਐਨ ਕਰੀਏ ਤਾਂ ਉਹ ਵੀ ਬਹੁਤੇ ਸਰਕਾਰੀ ਸਕੂਲਾਂ ਦੀ ਹੀ ਦੇਣ ਹਨ। ਇਸ ਵਾਰ ਤਾਂ ੧੦ਵੀਂ ਜਮਾਤ ਦਾ ਨਤੀਜਾ ਕਰੋਨਾ ਮਹਾਂਮਾਰੀ ਕਾਰਨ ਗਰੇਡ ਪ੍ਰਣਾਲੀ ਰਾਹੀ ਘੋਸ਼ਿਤ ਕੀਤਾ ਗਿਆ ਹੈ ਪਰ ਮਈ 2019 ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਦੇ ਨਤੀਜੇ ‘ਚ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪਾਸ ਪ੍ਰਤਿਸ਼ਤਤਾ 88.21 ਰਹੀ ਸੀ ਜੋ ਕਿ ਭੌਤਿਕ ਸਹੂਲਤਾਂ ਨਾਲ ਲਬਰੇਜ ਨਿੱਜੀ ਸਕੂਲਾਂ ਦੇ ਨਾਲੋਂ 8.7 % ਵੱਧ ਸੀ ਇਸੀ ਤਰ੍ਹਾਂ ਬਾਰਵੀਂ ਜਮਾਤ ਦਾ ਨਤੀਜਾ ਪ੍ਰਾਇਵੇਟ ਸਕੂਲਾਂ ਨਾਲੋਂ ਲਗਭਗ ੫% ਵੱਧ ਸੀ। ਸੋਚਣ ਵਾਲੀ ਗੱਲ ਹੈ ਕਿ ਬਿਨ੍ਹਾਂ ਸਹੂਲਤਾਂ ਦੇ ਸਰਕਾਰੀ ਸਕੂਲਾਂ ਦਾ ਕੇਵਲ ਅਧਿਆਪਕਾਂ (ਜਿਨ੍ਹਾਂ ਨੂੰ ਸਰਕਾਰ ਦੇ ਪ੍ਰਤੀਨਿਧੀ ਅਤੇ ਉੱਚ ਅਹੁਦਿਆਂ ਤੇ ਬੈਠੇ ਅਫਸਰ ਅਕਸਰ ਵਿਹਲੇ ਕਹਿੰਦੇ ਹਨ) ਦੀ ਮਿਹਨਤ ਨਾਲ ਜੇਕਰ ਇੰਨ੍ਹਾਂ ਵਧੀਆ ਨਤੀਜਾ ਆ ਸਕਦਾ ਹੈ ਤਾਂ ਜੇਕਰ ਸਰਕਾਰ  ਦੀ ਥੋੜੀ ਹੋਰ ਸਵੱਲੀ ਨਜ਼ਰ ਇਨ੍ਹਾਂ ਸਕੂਲਾਂ ਤੇ ਪੈ ਜਾਵੇ ਤਾਂ ਕੀ ਹੋਵੇਗਾ। ਸੋ ਇਸ ਕਰਕੇ ਮੇਰੀ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਬੇਨਤੀ ਹੈ ਕਿ ਨਕਲੀ ਚਮਕ-ਦਮਕ ‘ਚੋਂ ਨਿਕਲੋਂ, ਆਪਣੀ ਹੋ ਰਹੀ ਲੁੱਟ-ਖਸੁੱਟ ਤੋਂ ਬਚੋਂ ਤੇ ਆਪਣੇ ਬੱਚਿਆਂ ਨੂੰ ਮੇਰੇ ਪੂਰੇ ਲੇਖ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਰਕਾਰੀ ਸਕੂਲਾਂ ‘ਚ ਦਾਖਲ ਕਰਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਵਿੱਦਿਆ ਦੀ ਸਹੂਲਤ ਦਾ ਲਾਭ ਪ੍ਰਾਪਤ ਕਰਕੇ ਆਪਣੇ ਬੱਚਿਆਂ ਦਾ ਸੁਨਹਿਰਾ ਭਵਿੱਖ ਬਣਾਓ।

-ਲੇਖਕ: ਮੁਹੰਮਦ ਬਸ਼ੀਰ, ਮਾਲੇਰਕੋਟਲਾ

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin