Articles

ਭਗਵੰਤ ਮਾਨ, ਨਾਇਕ ਏ, ਸਹਿਵਾਗ ਏ, ਜਾਂ ਕਾਹਲਾ ਏ ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (ਫੋਟੋ: ਏ ਐਨ ਆਈ)
ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਭਗਵੰਤ ਮਾਨ ਨੇ, ਪਹਿਲੇ ਈ ਦਿਨ ਅਨਿਲ ਕਪੂਰ ਦੀ ਨਾਇਕ ਫਿਲਮ ਆਂਗੂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ,,, 23 ਮਾਰਚ ਨੂੰ ਇੱਕ ਖਾਸ ਵਟਸਐਪ ਨੰਬਰ ਜਾਰੀ ਕਰਨ ਦਾ ਫੈਸਲਾ ਲਿਆ ਏ, ਜਿਸ ‘ਤੇ ਪੰਜਾਬ ਦਾ ਕੋਈ ਵੀ ਆਮ ਨਾਗਰਿਕ ਵੱਡੇ ਤੋਂ ਵੱਡੇ ਅਫਸਰ, ਮੁਲਾਜ਼ਮ ਜਾਂ ਰਾਜਨੀਤਕ ਨੇਤਾ ਦੇ ਭ੍ਰਿਸ਼ਟਾਚਾਰ ਖਿਲਾਫ ਆਡਿਓ-ਵੀਡਿਓ ਸ਼ਿਕਾਇਤ ਕਰ ਸਕਣਗੇ ਤੇ ਇੰਨਾਂ ਸ਼ਿਕਾਇਤਾਂ ਦਾ ਫੈਸਲਾ ਤੁਰੰਤ ਭਗਵੰਤ ਮਾਨ ਆਪ ਆਪਣੀ ਨਿਗਰਾਨੀ ਹੇਠ ਕਰਨਗੇ ਤੇ ਨਾਲ ਈ ਭਗਵੰਤ ਮਾਨ ਦਾ ਐਲਾਨ ਏ ਕਿ ਕੋਈ ਵੀ ਇਮਾਨਦਾਰ ਮੁਲਾਜ਼ਮ-ਅਫਸਰ ਬਿਨਾਂ ਕਿਸੇ ਡਰ ਤੋਂ ਇਮਾਨਦਾਰੀ ਨਾਲ ਕੰਮ ਕਰਨ ਹੁਣ ਰਾਜਨੀਤਕ ਦਬਾਅ ਹੇਠ ਕਿਸੇ ਮੁਲਾਜ਼ਮ ‘ਤੇ ਗਲਤ ਕਾਰਵਾਈ ਨਹੀਂ ਹੋਵੇਗੀ, ਜੇਕਰ ਇਹ ਸਾਰੀਆਂ ਗੱਲਾਂ ਇਮਾਨਦਾਰੀ ਨਾਲ ਲਾਗੂ ਹੋ ਜਾਣ ਤਾਂ ਵਾਕਈ ਇਹ ਇੱਕ ਇਤਿਹਾਸਕ ਫੈਸਲਾ ਏ।

ਸੰਨ 2000 ਦੇ ਲਾਗੇ-ਬੰਨੇ ਦੀ ਗੱਲ ਏ, ਭਾਰਤ ਦੀ ਕ੍ਰਿਕਟ ਟੀਮ ‘ਚ ਆਏ ਸਹਿਵਾਗ ਨੇ, ਤਾਬੜਤੋੜ ਓਪਨਿੰਗ ਕਰਨ ਦੇ ਨਾਲ ਹੀ ,,, ਵਨਡੇ-ਟੇਸਟ ਹਰੇਕ ਪੱਧਰ ਤੇ ਅਟੈਕਿੰਗ ਖੇਡ ਦੀ ਅਜਿਹੀ ਨਵੀਂ ਪਿਰਤ ਸ਼ੁਰੂ ਕੀਤੀ ਕਿ ਦੁਨੀਆ ਦੀਆਂ ਸਾਰੀਆਂ ਟੀਮਾਂ ਨੂੰ ਆਪਣੀਆਂ ਨੀਤੀਆਂ ‘ਚ ਵੱਡੇ ਬਦਲਾਅ ਕਰਨੇ ਪਏ, ਸਹਿਵਾਗ ਵੀ ਅਕਸਰ ਈ ਪਹਿਲੀ ਬਾਲ ਦੀ ਸ਼ੁਰੂਆਤ ਚੌਕੇ-ਛੱਕੇ ਤੋਂ ਈ ਕਰਦਾ ਹੁੰਦਾ ਸੀ ,,,!

ਭਗਵੰਤ ਮਾਨ ਸਮਾਜਿਕ ਮੁੱਦਿਆਂ, ਖਾਸਕਰ ਸਿਸਟਮ ਦੇ ਧੁਰ-ਅੰਦਰ ਤੱਕ ਫੈਲੇ ਭ੍ਰਿਸ਼ਟਾਚਾਰ ‘ਤੇ ਕਰਾਰੀ ਚੋਟ ਕਰਦੀ ਸਾਫ-ਸੁਥਰੀ ਪਰ ਬੇਹੱਦ ਪ੍ਰਭਾਵਸ਼ਾਲੀ ਕਾਮੇਡੀ ਕਾਰਨ ਮਕਬੂਲ ਚੇਹਰਾ, ਰਾਜਨੀਤੀ ‘ਚ ਪੀਪੀਪੀ ਤੇ ਫੇਰ ਆਮ ਆਦਮੀ ਪਾਰਟੀ ‘ਚ ਅਟੈਕਿੰਗ ਮੋਡ ‘ਤੇ ਇੰਟਰੀ, ਸੰਸਦ ‘ਚ ਇਕੱਲੇ ਦਾ ਈ ਸੰਵੇਦਨਸ਼ੀਲ ਮੁੱਦਿਆਂ ‘ਤੇ ਬੇਬਾਕ ਸੰਬੋਧਨ, ਮਜ਼ਬੂਤ ਹਾਕਮਾਂ ਦੇ ਸੰਸਦ ‘ਚ 300 ਤੋਂ ਵੱਧ ਕਹਿੰਦੇ-ਕਹਾਉਂਦੇ ਕਾਰਕੁੰਨਾਂ ਦੀ ਬੋਲਤੀ ਬੰਦ ਕਰਵਾ ਦਿੰਦਾ। ਹਾਲਾਂਕਿ ਵੱਡੇ ਵਿਵਾਦ ਵੀ ਹੋਏ, ਉਸਨੇ ਬਹੁਤ ਗਲਤੀਆਂ ਸ਼ਰੇਆਮ ਵੀ ਕੀਤੀਆਂ, ਕਈ ਤਰਾਂ ਦੇ ਹੋਰ ਦੋਸ਼ ਵੀ ਲੱਗੇ ਪਰ ਉਸਦੇ ਬਾਰੇ ਇੱਕ ਗੱਲ ਦੀ ਗਵਾਹੀ, ਉਸਦੇ ਸਾਥੀ, ਸਮਰਥਕ, ਪੂਰਾ ਪੰਜਾਬ ਤੇ ਦੇਸ਼ ਈ ਨਹੀਂ, ਉਸਦੇ ਕੱਟੜ ਵਿਰੋਧੀ ਵੀ ਭਰਦੇ ਨੇ ਕਿ ਉਹ ਇਮਾਨਦਾਰ ਹੈ।

ਅਖੀਰ ਲੰਬੇ ਉਤਾਰ-ਚੜਾਅ ਤੋਂ ਬਾਅਦ ਭਗਵੰਤ ਮਾਨ ਪੰਜਾਬ ਦਾ ਮੁੱਖਮੰਤਰੀ ਬਣਿਆ, ਬਤੌਰ ਮੁੱਖ ਮੰਤਰੀ ਅੱਜ ਪਹਿਲਾ ਦਿਨ ਤੇ ਭਗਵੰਤ ਮਾਨ ਨੇ ਅਨਿਲ ਕਪੂਰ ਦੀ ਫਿਲਮ ਨਾਇਕ ਵਾਂਗ ਪਹਿਲੀ ਬਾਲ ‘ਤੇ ਈ ਛੱਕਾ ਮਾਰਦੇ ਹੋਏ, ਭ੍ਰਿਸ਼ਟਾਚਾਰ ਖਿਲਾਫ ਵੱਡੇ ਫੈਸਲਾ ਲਏ ਹਨ। ਦਰਅਸਲ  ਲੋਕਾਂ ਨੇ ਭਗਵੰਤ ਮਾਨ- ਕੇਜਰੀਵਾਲ ਦੇ ਇਹਨਾਂ ਵਾਅਦਿਆਂ ਤੇ ਯਕੀਨ ਕਰਕੇ ਈ ਪਾਸਾ ਪਲਟਿਆ ਸੀ ਤੇ ਸਰਕਾਰ ਦਾ ਪਹਿਲਾ ਕਦਮ ਬਹੁਤ ਹੀ ਸ਼ਲਾਘਾਯੋਗ ਏ,,, ਹਾਲਾਂਕਿ ਭਗਵੰਤ ਮਾਨ ਦੇ ਸਪੋਰਟਰਾਂ ਨੂੰ ਇੱਕ ਵੱਡਾ ਗਿਲਾ ਹੈ ਕਿ ਲੋਕ ਭਗਵੰਤ ਮਾਨ ਦੀ ਆਪ ਸਰਕਾਰ ਦੀ ਛੋਟੀ ਜਿਹੀ ਗਲਤੀ ਦੀ ਵੀ ਇੰਨੀ ਜਲਦੀ ਤੇ ਸਖਤ ਆਲੋਚਨਾ ਕਰਦੇ ਨੇ,,, ਸਾਥਿਓ ਇਸ ਦਾ ਕਾਰਨ ਇਹ ਏ ਕਿ ਲੋਕਾਂ ਨੇ ਦ੍ਰਾਵਿੜ ਨੂੰ ਨਹੀਂ, ਸਹਿਵਾਗ ਨੂੰ  ਬੇਟਿੰਗ ‘ਤੇ ਭੇਜਿਆ ਏ, ਨਾਲੇ ਭਗਵੰਤ ਮਾਨ ਦਾ ਆਪ ਦਾ ਕਹਿਣਾ ਏ,, ਆਪਾਂ ਪਹਿਲਾਂ ਈ ਬਹੁਤ ਲੇਟ ਹੋ ਚੁਕੇ ਆਂ, ਸਿਰਫ 70 ਸਾਲ ,,,।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin