ArticlesPunjab

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ।

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਦੋ ‘ਆਪ` ਆਗੂਆਂ ਦੇ ਘਰਾਂ `ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਛਾਪਿਆਂ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 117 ਉਮੀਦਵਾਰ ਭਾਲ ਨਾ ਸਕਣ ਵਾਲੀ ਪਾਰਟੀ ਜਨਤਾ ਦੀ ਹਮਾਇਤ ਹਾਸਲ ਕਰਨ ਦੀ ਬਜਾਏ ਡਰ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ, “ਵਿਰੋਧੀ ਸਰਕਾਰਾਂ ਨੂੰ ਰੋਕੇ ਫੰਡਾਂ, ਰਾਜਪਾਲਾਂ, ਈ.ਡੀ., ਸੀ.ਬੀ.ਆਈ. ਅਤੇ ਚੋਣ ਕਮਿਸ਼ਨ ਰਾਹੀਂ ਤੰਗ ਕੀਤਾ ਜਾ ਰਿਹਾ ਹੈ ਜਦੋਂ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂ ਇਸ ਦੀ ‘ਵਾਸ਼ਿੰਗ ਮਸ਼ੀਨ` ‘ਚੋਂ ਸਾਫ਼ ਨਿਕਲਦੇ ਹਨ। ‘ਆਪ` ਡਰੇਗੀ ਨਹੀਂ, ਪੰਜਾਬੀ ਆਪਣੀ ਗਰਦਨ ਕਟਾ ਸਕਦੇ ਹਨ ਪਰ ਡਰ ਨਾਲ ਕਦੇ ਨਹੀਂ ਝੁਕਣਗੇ। ਭਾਜਪਾ ਨੂੰ ਛਾਪਿਆਂ ਤੇ ਦਬਾਅ ਦੀਆਂ ਚਾਲਾਂ `ਤੇ ਭਰੋਸਾ ਕਰਨ ਦੀ ਬਜਾਏ ਲੋਕਾਂ ਵਿੱਚ ਕੰਮ ਕਰ ਕੇ 2027 ਦੀ ਤਿਆਰੀ ਕਰਨਾ ਚਾਹੀਦਾ ਹੈ। ਸਾਡੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ। ਇੱਥੇ ਲੋਕ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ। ਇਹ ਕੇਂਦਰ ਸਰਕਾਰ ਦਾ ਫ਼ਰਜ਼ ਹੈ ਕਿ ਉਹ ਹਰ ਸੂਬੇ ਨੂੰ ਰਾਜਨੀਤੀ ਅਤੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਉਸ ਦਾ ਹੱਕ ਦੇਵੇ ਪਰ ਪਿਛਲੇ ਕੁੱਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟਿਆ ਜਾ ਰਿਹਾ ਹੈ। ਸਾਰੀਆਂ ਗੈਰ-ਭਾਜਪਾ ਸਰਕਾਰਾਂ ਨੂੰ ਜਾਂ ਤਾਂ ਸਿੱਧੇ ਤੌਰ `ਤੇ ਕੇਂਦਰ ਦੇ ਫੰਡ ਰੋਕ ਜਾ ਰਹੇ ਹਨ ਜਾਂ ਰਾਜਪਾਲਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਪ ਨੂੰ ਖ਼ਾਸ ਤੌਰ `ਤੇ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਇਹ ਇਕ ਅਜਿਹੀ ਪਾਰਟੀ ਹੈ, ਜੋ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਸਿਰਫ਼ ਦਸ ਸਾਲਾਂ ਵਿੱਚ ਕੌਮੀ ਪਾਰਟੀ ਬਣ ਗਈ ਹੈ। ਭਾਜਪਾ ਸੋਚਦੀ ਹੈ ਕਿ ਉਹ ਕਾਂਗਰਸ ਨਾਲ ਸਿੱਝ ਸਕਦੀ ਹੈ ਅਤੇ ਉਹ ਕਈ ਵਾਰ ਕਾਂਗਰਸ ਨਾਲ ਹੱਥ ਵੀ ਮਿਲਾ ਚੁੱਕੀ ਹੈ ਪਰ ਉਹ ਨਹੀਂ ਚਾਹੁੰਦੀ ਕਿ ਕੋਈ ਤੀਜੀ ਤਾਕਤ ਉੱਭਰੇ। ਇਸ ਪ੍ਰਕਿਰਿਆ ਤਹਿਤ ਉਨ੍ਹਾਂ ਨੇ ਦਿੱਲੀ ਵਿੱਚ ਸਾਡੇ ਆਗੂਆਂ ਵਿਰੁੱਧ ਝੂਠੇ ਈ.ਡੀ. ਕੇਸ ਦਾਇਰ ਕੀਤੇ, ਜਿਵੇਂ ਕਿ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਕੇਸ ਦਰਜ ਕਰ ਕੇ ਸਾਡੇ ਸੀਨੀਅਰ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਸਮੇਂ ਦੇ ਮੌਜੂਦਾ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਜੇਲ੍ਹ ਭੇਜ ਦਿੱਤਾ ਗਿਆ। ਸਾਡੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿਸ ਕਿਸੇ ਨੇ ਵੀ ਕੰਮ ਕਰ ਕੇ ਦਿਖਾਇਆ ਭਾਵੇਂ ਉਹ ਵਰਕਰ ਹੋਵੇ ਜਾਂ ਨੀਤੀਘਾੜਾ, ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਧਮਕੀਆਂ ਦਿੱਤੀਆਂ ਗਈਆਂ, ਡਰਾਇਆ ਗਿਆ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਜਾਂ ਨਤੀਜੇ ਭੁਗਤਣ ਦਾ ਡਰ ਦਿਖਾਇਆ ਗਿਆ। ਡਰਾਵੇ ਅਤੇ ਧਮਕਾਉਣ ਦੀ ਇਹ ਰਾਜਨੀਤੀ ਜਾਰੀ ਹੈ। ਕੁੱਝ ਦਿਨ ਪਹਿਲਾਂ ਈ.ਡੀ. ਨੇ ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਛਾਪਾ ਮਾਰਿਆ, ਜੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚਲਾਉਂਦੇ ਹਨ, ਜਿੱਥੇ ਲਗਪਗ ਚਾਰ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ। 35 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਉੱਥੇ ਪੜ੍ਹਨ ਲਈ ਆਉਂਦੇ ਹਨ ਪਰ ਉਹ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਹੋਣ ਕਾਰਣ ਅਚਾਨਕ ਦਾਗੀ ਹੋ ਗਿਆ। ਅੱਜ ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ. ਦੀ ਛਾਪੇਮਾਰੀ ਚੱਲ ਰਹੀ ਹੈ। ਉਨ੍ਹਾਂ ਨੇ ਲੁਧਿਆਣਾ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਇਸ ਲਈ ਅੱਜ ਉਹ ਵੀ ਭਾਜਪਾ ਅਨੁਸਾਰ ਦਾਗੀ ਹੋ ਗਏ ਹਨ। ਇਸ ਦਾ ਮਤਲਬ ਹੈ ਕਿ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਈ.ਡੀ. ਭੇਜੋ, ਆਮਦਨ ਕਰ ਵਾਲੇ ਭੇਜੋ, ਨੋਟਿਸ ਭੇਜੋ, ਡਰ ਪੈਦਾ ਕਰੋ ਕਿਉਂਕਿ ਉਨ੍ਹਾਂ ਨੂੰ ਚੋਣਾਂ ਲੜਨ ਲਈ 117 ਲੀਡਰ ਵੀ ਨਹੀਂ ਮਿਲ ਰਹੇ। ਭਾਜਪਾ ਨੂੰ 117 ਉਮੀਦਵਾਰ ਨਹੀਂ ਮਿਲ ਰਹੇ, ਇਸ ਲਈ ਉਹ ਕਹਿ ਰਹੇ ਹਨ ਕਿ ਜਾਂ ਤਾਂ ਡਰ-ਡਰ ਕੇ ਚੋਣ ਲੜੋ ਜਾਂ ਸਾਡੀ ‘ਵਾਸ਼ਿੰਗ ਮਸ਼ੀਨ` ਵਿੱਚੋਂ ਬੇਦਾਗ ਹੋ ਕੇ ਨਿਕਲੋ। ਇਹ ਬਹੁਤ ਹੀ ਖ਼ਤਰਨਾਕ ਰੁਝਾਨ ਹੈ। ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ। ਸਿਰਫ਼ ਗੈਰ-ਭਾਜਪਾ ਸਰਕਾਰਾਂ ਨੂੰ ਹੀ ਤੰਗ ਕੀਤਾ ਜਾ ਰਿਹਾ ਹੈ। ਸਿਰਫ਼ ਵਿਰੋਧੀ ਧਿਰ ਦੇ ਆਗੂਆਂ ਨੂੰ ਈ.ਡੀ. ਦੀ ਲਾਠੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਵਿੱਚੋਂ ਕੁੱਝ ਵੀ ਨਹੀਂ ਨਿਕਲਦਾ। ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਿਰੁੱਧ ਇੰਨਾ ਝੂਠਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਅਦਾਲਤ ਨੇ ਮੰਨਿਆ ਕਿ ਕੇਸ ਚਲਾਉਣਾ ਨਹੀਂ ਬਣਦਾ। ਪਰ ਉਹ ਕਹਿੰਦੇ ਹਨ ਕਿ ਪਹਿਲਾਂ ਇਨ੍ਹਾਂ ਨੂੰ ਜੇਲ੍ਹ ਵਿੱਚ ਸੁੱਟੋ, ਚੋਣਾਂ ਹੋਣ ਦਿਓ, ਫਿਰ ਦੇਖਾਂਗੇ। ਇਹ ਸ਼ਰ੍ਹੇਆਮ ਤਾਨਾਸ਼ਾਹੀ ਹੈ।”

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, “ਭਾਜਪਾ ਦੀ ਬਿਹਾਰ ਲੀਡਰਸ਼ਿਪ ਨੇ ਹੁਣ ਸਮਰਾਟ ਚੌਧਰੀ ਨੂੰ ਬਿਹਾਰ ਦਾ ਮੁੱਖ-ਮੰਤਰੀ ਬਣਾ ਦਿੱਤਾ ਹੈ। ਉਨ੍ਹਾਂ ਵਿਰੁੱਧ ਸੱਤ ਕਤਲਾਂ ਦੇ ਮਾਮਲੇ ਦਰਜ ਹਨ। ਉਹ ਜੇਲ੍ਹ ਵਿੱਚ ਰਹਿ ਚੁੱਕੇ ਹਨ। ਉਨ੍ਹਾਂ ਨੇ ਗਲਤ ਉਮਰ ਲਿਖਵਾਈ ਅਤੇ ਤਿੰਨ ਵਾਰ ਆਪਣੀ ਜਨਮ ਮਿਤੀ ਬਦਲੀ। ਇਹ ਉਹ ਲੋਕ ਹਨ, ਜੋ ‘ਜੰਗਲ ਰਾਜ` ਬਾਰੇ ਗੱਲਾਂ ਕਰਦੇ ਰਹਿੰਦੇ ਸਨ ਪਰ ਹੁਣ ਬਿਹਾਰ ਵਿੱਚ ਕਿਹੜਾ ਰਾਜ ਆ ਗਿਆ ਹੈ? ਹੁਣ ਇਹ ਭਾਜਪਾ ਦੀ ਅਗਵਾਈ ਵਾਲਾ ਜੰਗਲ ਚੰਗਾ ਹੈ, ਜਿਵੇਂ ਉਹ ਇਸ਼ਤਿਹਾਰ ਕਹਿੰਦਾ ਹੈ ਕਿ ਦਾਗ ਚੰਗੇ ਹਨ। ਇਸ ਲਈ ਭਾਜਪਾ ਦੁਆਰਾ ਦਿੱਤੇ ਦਾਗ ਚੰਗੇ ਮੰਨੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ, ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸਿਆਸੀ ਅਸੁਰੱਖਿਆ ਕਾਰਨ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਛਾਪਿਆਂ ਜਾਂ ਧਮਕੀਆਂ ਤੋਂ ਨਹੀਂ ਡਰੇਗੀ ਅਤੇ ਕੋਈ ਵੀ ਦਬਾਅ ‘ਆਪ` ਦੇ ਇਰਾਦੇ ਨੂੰ ਨਹੀਂ ਹਿਲਾ ਸਕਦਾ। ਉਹ ਸਾਨੂੰ ਜਿੰਨਾ ਮਰਜ਼ੀ ਪ੍ਰੇਸ਼ਾਨ ਕਰਨ। ਉਨ੍ਹਾਂ ਨੂੰ ਈ.ਡੀ., ਸੀ.ਬੀ.ਆਈ. ਜਾਂ ਉਨ੍ਹਾਂ ਕੋਲ ਜੋ ਵੀ ਏਜੰਸੀਆਂ ਹਨ, ਭੇਜਣ ਦਿਓ ਪਰ ਅਸੀਂ ਡਰਨ ਵਾਲੇ ਨਹੀਂ ਹਾਂ। ਭਾਜਪਾ ਦਾ ਪੰਜਾਬ ਵਿੱਚ ਕੋਈ ਕੇਡਰ ਨਹੀਂ ਹੈ, ਕੋਈ ਨੇਤਾ ਨਹੀਂ ਹੈ। ਇਸ ਲਈ ਜਿੱਥੇ ਵੀ ਉਨ੍ਹਾਂ ਨੂੰ ਕਾਂਗਰਸ ਜਾਂ ਅਕਾਲੀ ਦਲ ਵਿੱਚੋਂ ਕੋਈ ਲੀਡਰ ਲੱਭਦਾ ਹੈ, ਉਸ ਨੂੰ ਭਾਜਪਾ ਲੈ ਜਾਂਦੀ ਹੈ। ਭਾਜਪਾ ਨੇ ਪੰਜਾਬ ਵਿੱਚ ਕਾਂਗਰਸ ਵਿੰਗ ਬਣਾਇਆ ਹੋਇਆ ਹੈ। ਬਹੁਤੇ ਕਾਂਗਰਸੀਆਂ ਵਿਰੁੱਧ ਕੇਸ ਚੱਲਦੇ ਹਨ, ਜਿਨ੍ਹਾਂ ਨੂੰ ਡਰਾ ਕੇ ਫਾਇਲਾਂ ਦਿਖਾ ਕੇ ਭਾਜਪਾ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਕੀ ਇਹ ਲੋਕਤੰਤਰ ਹੈ? ਪ੍ਰਧਾਨ ਮੰਤਰੀ ਮੋਦੀ ਨੂੰ ਬਦਲੇ ਦੀ ਰਾਜਨੀਤੀ ਦੀ ਬਜਾਏ ਬੇਰੋਜ਼ਗਾਰੀ ਦੂਰ ਕਰਨ, ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਸੁਧਾਰਨ ਅਤੇ ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ, “ਉਨ੍ਹਾਂ ਨੂੰ ਇਸ ਗੱਲ `ਤੇ ਧਿਆਨ ਦੇਣਾ ਚਾਹੀਦਾ ਸੀ ਕਿ ਕਰੋੜਾਂ ਨੌਜਵਾਨਾਂ ਨੂੰ ਨੌਕਰੀਆਂ ਕਿਵੇਂ ਮਿਲਣ, ਚੰਗੇ ਸਕੂਲ ਕਿਵੇਂ ਬਣਾਏ ਜਾ ਸਕਦੇ ਹਨ, ਹਸਪਤਾਲ ਕਿਵੇਂ ਬਿਹਤਰ ਇਲਾਜ ਪ੍ਰਦਾਨ ਕਰ ਸਕਦੇ ਹਨ ਅਤੇ ਲੋਕਾਂ ਨੂੰ ਐਲ.ਪੀ.ਜੀ. ਅਤੇ ਪੈਟਰੋਲੀਅਮ ਦੀਆਂ ਕੀਮਤਾਂ ਦੇ ਬੋਝ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ। ਇਸ ਦੀ ਬਜਾਏ ਮੋਦੀ ਦਾ ਧਿਆਨ ਕਿਸੇ ਦੀ ਸੁਰੱਖਿਆ ਘਟਾਉਣ, ਕਿਸੇ ਦੀ ਸੁਰੱਖਿਆ ਵਧਾਉਣ, ਈ.ਡੀ. ਤੇ ਸੀ.ਬੀ.ਆਈ. ਨੂੰ ਇੱਧਰ-ਉੱਧਰ ਭੇਜਣ ਉੱਤੇ ਹੈ। ਕੀ ਸਰਕਾਰਾਂ ਇਸ ਤਰ੍ਹਾਂ ਚਲਾਈਆਂ ਜਾਂਦੀਆਂ ਹਨ?

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, “ਪਹਿਲਾਂ ਅਸੀਂ ‘ਹਮ ਦੋ, ਹਮਾਰੇ ਦੋ` ਦਾ ਨਾਅਰਾ ਸੁਣਿਆ ਸੀ। ਇਹ ਪਰਿਵਾਰ ਭਲਾਈ ਲਈ ਸੀ ਪਰ ਹੁਣ ਇਹ ਸ਼ਾਸਨ ਦਾ ਮਾਡਲ ਬਣ ਗਿਆ ਹੈ। ਅੱਜ ਵੀ ਇਹ ‘ਹਮ ਦੋ, ਹਮਾਰੇ ਦੋ` ਹੈ। ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਨ੍ਹਾਂ ਤੋਂ ਅੱਗੇ ਉਨ੍ਹਾਂ ਦੇ ਦੋ ਅੰਬਾਨੀ ਤੇ ਅਡਾਨੀ ਹਨ। ਇਹ ਸਰਕਾਰ ਇਸੇ ਫਾਰਮੂਲੇ `ਤੇ ਚੱਲ ਰਹੀ ਹੈ, ਜਦੋਂ ਕਿ 140 ਕਰੋੜ ਲੋਕਾਂ ਨੂੰ ਕਿਸਮਤ ਦੇ ਸਹਾਰੇ ਛੱਡ ਦਿੱਤਾ ਗਿਆ ਹੈ। ਇਹ ਉਹ ਲੋਕਤੰਤਰ ਨਹੀਂ ਹੈ, ਜਿਸ ਦਾ ਸਾਡੇ ਸ਼ਹੀਦਾਂ ਨੇ ਸੁਪਨਾ ਦੇਖਿਆ ਸੀ, ਉਹ ਲੋਕਤੰਤਰ ਜਿਸ ਲਈ ਲਾਲਾ ਲਾਜਪਤ ਰਾਏ ਨੇ ਲਾਠੀਆਂ ਖਾਧੀਆਂ ਅਤੇ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ। ਭਾਜਪਾਈਆਂ ਨੇ ਕੋਈ ਕੁਰਬਾਨੀ ਨਹੀਂ ਦਿੱਤੀ, ਫਿਰ ਵੀ ਹੁਣ ਉਹ ਸੰਵਿਧਾਨ ਨੂੰ ਬਦਲਦੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੂੰ 360 ਸੀਟਾਂ ਦਿਓ ਅਤੇ ਉਹ ਸੰਵਿਧਾਨ ਨਾਲ ਕੁੱਝ ਵੀ ਕਰਨਗੇ। ਅਜਿਹੇ ਬਿੱਲ ਆਉਂਦੇ ਰਹਿੰਦੇ ਹਨ। ਅਜਿਹਾ ਲਗਦਾ ਹੈ ਕਿ ਉਹ ਚੌਵੀ ਘੰਟੇ ਸਿਰਫ਼ ਇਹ ਸੋਚਦੇ ਹਨ ਕਿ ਲੋਕਤੰਤਰ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ।”

Related posts

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

admin

‘ਤੇਲ ਸਪਲਾਈ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ’ : ਪ੍ਰਧਾਨ ਮੰਤਰੀ ਵਲੋਂ ਵੀਵਾ ਰਿਫਾਈਨਰੀ ਦਾ ਦੌਰਾ !

admin

ਭਾਰਤ ਸਰਕਾਰ ਵੱਲੋਂ ਪੰਜਾਬ ਲਈ ਖਰੀਦ ਨਿਯਮਾਂ ਵਿੱਚ ਢਿੱਲ ਨੂੰ ਮਨਜ਼ੂਰੀ

admin