Sport

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ !

ਭਾਰਤ ਦੇ ਜਸਪ੍ਰੀਤ ਬੁਮਰਾਹ ਅਤੇ ਟੀਮ ਦੇ ਸਾਥੀ ਵੀਰਵਾਰ ਨੂੰ ਮੈਲਬੌਰਨ ਦੇ ਮੈਲਬੌਰਨ ਕ੍ਰਿਕਟ ਗਰਾਊਂਡ ਵਿਖੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਆਸਟ੍ਰੇਲੀਆ ਦੇ ਉਸਮਾਨ ਖਵਾਜਾ ਦੀ ਵਿਕਟ ਦਾ ਜਸ਼ਨ ਮਨਾਉਂਦੇ ਹੋਏ। (ਫੋਟੋ: ਏ ਐਨ ਆਈ)

ਮੈਲਬੌਰਨ – ਕੌਮਾਂਤਰੀ ਕ੍ਰਿਕਟ ਕੌਂਸਲ ਨੇ ਵੀਰਵਾਰ  ਨੂੰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ’ਤੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਇੱਥੇ ਮੇਜ਼ਬਾਨ ਟੀਮ ਦੇ ਸਲਾਮੀ ਬੱਲੇਬਾਜ਼ ਸੈਮ ਕੋਨਸਟਾਸ ਨਾਲ ਭਿੜਨ ਕਾਰਨ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਤੇ ਉਸ ਦੇ ਖਾਤੇ ’ਚ ਡੀਮੈਰਿਟ ਅੰਕ ਵੀ ਜੋੜਿਆ ਹੈ।

ਮੈਲਬੌਰਨ ਕ੍ਰਿਕਟ ਗਰਾਊਂਡ ’ਚ ਖੇਡੇ ਜਾ ਰਹੇ ਇਸ ਟੈਸਟ ਮੈਚ ਦੇ 10ਵੇਂ ਓਵਰ ’ਚ ਇਹ ਘਟਨਾ ਵਾਪਰੀ ਜਦੋਂ ਕੋਹਲੀ ਤੇ ਕੋਨਸਟਾਸ ਨੇ ਇੱਕ ਦੂਜੇ ਨੂੰ ਮੋਢਾ ਮਾਰਿਆ, ਜਿਸ ਮਗਰੋਂ ਦੋਵਾਂ ਵਿਚਾਲੇ ਮਾਮੂਲੀ ਬਹਿਸ ਵੀ ਹੋਈ। ਉਂਝ ਬਾਅਦ ਵਿਚ ਕੋਨਸਟਾਸ, ਜਿਸ ਦਾ ਇਹ ਪਹਿਲਾ ਟੈਸਟ ਮੈਚ ਸੀ, ਨੇ ਇਸ ਨੂੰ ਇਕ ਅਚਨਚੇਤੀ ਵਾਪਰੀ ਘਟਨਾ ਕਰਾਰ ਦਿੱਤਾ।
ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਜਾਰੀ ਬਿਆਨ ’ਚ ਕਿਹਾ, ‘‘ਆਈਸੀਸੀ ਜ਼ਾਬਤੇ ਦੀ ਧਾਰਾ 2.12 ਕਿਸੇ ਖਿਡਾਰੀ, ਖਿਡਾਰੀ ਦੇ ਸਹਿਯੋਗੀ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ (ਕੌਮਾਂਤਰੀ ਮੈਚ ਦੌਰਾਨ ਇੱਕ ਦਰਸ਼ਕ ਸਣੇ) ਨਾਲ ਅਢੁੱਕਵੇਂ ਸਰੀਰਕ ਸੰਪਰਕ ਨਾਲ ਸਬੰਧਤ ਹੈ।’’ ਇਸ ਵਿੱਚ ਕਿਹਾ ਗਿਆ, ‘‘ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ ਕਿਉਂਕਿ ਕੋਹਲੀ ਨੇ ਮੈਚ ਰੈਫਰੀ ਐਂਡੀ ਪਾਈਕਰਾਫਟ ਵੱਲੋਂ ਲਾਈ ਗਈ ਸਜ਼ਾ ਸਵੀਕਾਰ ਕਰ ਲਈ ਹੈ। ਇਹ ਦੋਸ਼ ਮੈਦਾਨੀ ਅੰਪਾਇਰ ਜੋਏਲ ਵਿਲਸਨ ਤੇ ਮਾਈਕਲ ਗਫ, ਥਰਡ ਅੰਪਾਇਰ ਸ਼ਰਫਉਦਦੌਲਾ ਇਬਨੇ, ਸ਼ਾਹਿਦ ਤੇ ਫੋਰਥ ਅੰਪਾਇਰ ਸ਼ਾਨ ਕਰੇਗ ਵੱਲੋਂ ਲਾਏ ਗਏ।’’
ਹਾਲਾਂਕਿ ਕੋਨਸਟਾਸ ਨੇ ਇਸ ਘਟਨਾ ਨੂੰ  ਬਹੁਤੀ ਤਵੱਜੋ ਨਹੀਂ ਦਿੱਤੀ ਅਤੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਮਗਰੋਂ ਕਿਹਾ, ‘‘ਵਿਰਾਟ ਕੋਹਲੀ ਗਲਤੀ ਨਾਲ ਮੇਰੇ ਨਾਲ ਟਕਰਾ ਗਏ ਸਨ। ਇਹ ਕ੍ਰਿਕਟ ਹੈ ਅਤੇ ਤਣਾਅ ਭਰੇ ਸਮੇਂ ’ਚ ਅਜਿਹਾ ਹੋ ਜਾਂਦਾ ਹੈ।’’

Related posts

ਖਾਲਸਾ ਕਾਲਜ ਦੀ ਬੇਸਬਾਲ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

admin

ਸ਼੍ਰੋਮਣੀ ਕਮੇਟੀ ਦੀ 2025 ਲਈ ਕਬੱਡੀ ਟੀਮ ਦਾ ਐਲਾਨ !

admin

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin