Articles Pollywood

ਭਾਰਤੀ ਸਭਿਆਚਾਰ ਨੂੰ ਸ਼ਰਮਸ਼ਾਰ ਕਰ ਰਹੀਆਂ ਵੈਬ-ਸੀਰੀਜ਼਼

ਲੇਖਕ: ਚਾਨਣ ਦੀਪ ਸਿੰਘ, ਔਲਖ

ਸਮੇਂ ਦੇ ਬਦਲਦੇ ਦੌਰ ਅਤੇ ਤਕਨੀਕੀ ਖੇਤਰ ਵਿੱਚ ਤਰੱਕੀ ਦੇ ਨਾਲ ਮਨੋਰੰਜਨ ਦੇ ਸਾਧਨ ਵੀ ਬਦਲਦੇ ਰਹੇ ਹਨ। ਮੰਨੋਰੰਜਨ ਦੇ ਬਿਜਲਈ ਸਾਧਨਾਂ ਦੀ ਸ਼ੁਰੂਆਤ ਸਨੇਮਾ ਨਾਲ ਹੋਈ ਸੀ ਅਤੇ ਉਸ ਤੋਂ ਬਾਅਦ ਰੇਡੀਓ ਅਤੇ ਟੈਲੀਵਿਜ਼ਨ ਨੇ ਜਾਣਕਾਰੀ ਅਤੇ ਮੰਨੋਰੰਜਨ ਸਰੋਤਿਆਂ ਦੇ ਘਰਾਂ ਤੱਕ ਪਹੁੰਚਾਇਆ। ਭਾਰਤ ਵਿੱਚ ਉਦਾਰੀਕਰਨ ਤੋਂ ਬਾਅਦ ਕੇਬਲ ਟੀ ਵੀ ਅਤੇ ਵਪਾਰਕ ਸਿਨੇਮੇ ਦੇ ਆਗਮਨ ਨਾਲ  ਵਧੇਰੇ ਸਰੋਤਿਆਂ ਨੂੰ ਖਿੱਚਣ ਲਈ ਫਿਲਮਾਂ, ਗੀਤਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਸਮੱਗਰੀ ਵਿੱਚ ਵੀ ਵੱਡਾ ਬਦਲਾਅ ਆਇਆ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਇੱਕ ਵਿਧਾਨਿਕ ਫਿਲਮ-ਪ੍ਰਮਾਣੀਕਰਣ ਸੰਸਥਾ ਕੇਂਦਰੀ ਫਿਲਮ ਪ੍ਰਮਾਣੀਕਰਨ ਬੋਰਡ (ਸੀਬੀਐਫਸੀ)  ਨੂੰ “ਸਿਨੇਮਾਟੋਗ੍ਰਾਫ ਐਕਟ 1952 ਦੀਆਂ ਧਾਰਾਵਾਂ ਤਹਿਤ ਫਿਲਮਾਂ ਦੀ ਜਨਤਕ ਪ੍ਰਦਰਸ਼ਨੀ ਨੂੰ ਨਿਯਮਤ ਕਰਨ ਦਾ ਕੰਮ ਸੌਂਪਿਆ ਗਿਆ। ਸਿਨੇਮਾ ਘਰਾਂ ਅਤੇ ਟੈਲੀਵਿਜ਼ਨ ‘ਤੇ ਪ੍ਰਦਰਸ਼ਿਤ ਫਿਲਮਾਂ ਨੂੰ ਬੋਰਡ ਦੁਆਰਾ ਪ੍ਰਮਾਣੀਕਰਣ ਤੋਂ ਬਾਅਦ ਹੀ ਜਨਤਕ ਤੌਰ’ ਤੇ ਪ੍ਰਦਰਸ਼ਤ ਕੀਤਾ ਜਾ ਸਕਦਾ ਹੈ। ਫਿਲਮ ਦੀ ਸਮੱਗਰੀ ਅਤੇ ਸਰੋਤਿਆਂ ਦੀ ਉਮਰ ਦੇ ਹਿਸਾਬ ਨਾਲ ਯੂ/ਏ ਪ੍ਰਮਾਣਪੱਤਰ ਦਿੱਤਾ ਜਾਂਦਾ ਹੈ। ਸਿਨੇਮਾ ਅਤੇ ਟੈਲੀਵਿਜ਼ਨ ਤੱਕ ਤਾਂ ਇਹ ਪ੍ਰਮਾਣਿਕਤਾ ਠੀਕ ਸੀ ਕਿਉਂਕਿ  ਦਰਸ਼ਕ ਜਨਤਕ ਜਾਂ ਪਰਿਵਾਰਕ ਤੌਰ ਤੇ ਸਮੱਗਰੀ ਨੂੰ ਵੇਖਦੇ ਸਨ। ਪਰ ਅੱਜ ਕੱਲ੍ਹ ਇੰਟਰਨੈੱਟ ਅਤੇ ਸਮਾਰਟਫੋਨ ਦੇ ਯੁੱਗ ਵਿੱਚ ਮੰਨੋਰੰਜਨ ਦੇ ਇਹ ਸਾਧਨ ਵਿਅਕਤੀਗਤ ਹੋ ਗਏ ਹਨ ਜਿਥੇ ਉਮਰ ਪ੍ਰਤੀਬਧਤਾ ਦੀ ਉਲੰਘਣਾ ਹੋਣਾ ਆਮ ਗੱਲ ਹੈ।
ਅੱਜ ਕੱਲ੍ਹ ਹਾਟ ਸਟਾਰ, ਨੈਟਫਲਿਕਸ, ਸੋਨੀ ਲਿਵ, ਅਮੇਜ਼ਨ ਪ੍ਰਾਈਮ ਵੀਡੀਓ, ਜੀ5, ਯੂਟਿਊਬ, ਫੇਸਬੁੱਕ ਆਦਿ ਬਹੁਤ ਸਾਰੇ ਓ ਟੀ ਟੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਭਰ ਰਹੇ ਹਨ ਜਿਨ੍ਹਾਂ ਤੇ ਵੱਖ-ਵੱਖ ਵੀਡੀਓ ਅਤੇ ਵੈਬ ਸੀਰੀਜ਼ ਆ ਰਹੀਆਂ ਹਨ। ਕੁਝ ਵੀਡੀਓ ਅਤੇ ਵੈਬ ਸੀਰੀਜ਼ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਸਾਰਥਕ ਮੰਨੋਰੰਜਨ ਕਰਨ ਵਾਲੀਆਂ ਹਨ ਪਰ  ਕੁਝ  ਨਿਰੀ ਅਸ਼ਲੀਲਤਾ , ਹਿੰਸਾ ਅਤੇ ਭੱਦੀ ਸ਼ਬਦਾਵਲੀ (ਗਾਲਾਂ) ਵਾਲੀ ਸਮੱਗਰੀ ਵਾਲੇ ਆ ਰਹੇ ਹਨ।
ਇਸਦਾ ਪ੍ਰਭਾਵ ਵਿਦਿਆਰਥੀਆਂ ਉੱਤੇ ਸਪੱਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ। ਗਾਲਾਂ ਦੀ ਵਰਤੋਂ  ਉਨ੍ਹਾਂ ਦੀ ਰੋਜ਼ਾਨਾ ਦੀ ਗੱਲਬਾਤ ਦਾ ਹਿੱਸਾ ਬਣ ਰਹੀ ਹੈ। ਉਹ ਹਰ ਸੋਸ਼ਲ ਮੀਡੀਆ ਐਪ ‘ਤੇ ਗਾਲਾਂ ਦੀ ਵਰਤੋਂ ਕੀਤੇ ਬਗੈਰ ਗੱਲ ਵੀ ਨਹੀਂ ਕਰਦੇ। ਉਨ੍ਹਾਂ ਨੇ ਇਹ ਸਭ ਅਜਿਹੀਆਂ ਵੈੱਬ ਸੀਰੀਜ਼ ਤੋਂ ਹੀ ਸਿੱਖਿਆ ਹੈ। ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਹ ਵੈੱਬ ਲੜੀਵਾਰ ਉਨ੍ਹਾਂ ਦਾ ਵਿਨਾਸ਼ ਕਰ ਰਹੀਆਂ ਹਨ। ਕੁਝ ਵੀਡੀਓ ਨਿਰਮਾਤਾ ਸੋਚਦੇ ਹਨ ਕਿ ਅਸ਼ਲੀਲਤਾ, ਹਿੰਸਾ, ਗਾਲਾਂ ਸਿਰਫ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਹਨ ਪਰ ਇੱਥੇ ਕੁਝ ਅਜਿਹੀਆਂ ਵੀਡੀਓ ਅਤੇ ਵੈੱਬ ਲੜੀਵਾਰ ਵੀ ਹਨ ਜੋ ਕਿਸੇ ਅਸ਼ਲੀਲਤਾ, ਹਿੰਸਾ ਨੂੰ ਨਹੀਂ ਦਰਸਾਉਂਦੀਆਂ ਅਤੇ ਨਾ ਹੀ ਗਾਲਾਂ ਦੀ ਵਰਤੋਂ ਕਰਦੀਆਂ ਤਾਂ ਵੀ ਉਹ  ਦਰਸ਼ਕਾਂ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਇਸ ਲਈ ਵੀਡੀਓ ਨਿਰਮਾਤਾਵਾਂ ਨੂੰ ਅਜਿਹੀ ਸਮੱਗਰੀ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਇੱਕ ਮਹਾਨ ਕਹਾਣੀ ਵੀ ਦਰਸ਼ਕਾਂ ਨੂੰ ਆਕਰਸ਼ਤ ਕਰ ਸਕਦੀ ਹੈ।  ਜਿਵੇਂ ਕਿ ਇਹ ਸਾਰੀਆਂ ਵੈਬ ਸੀਰੀਜ਼ ਆਨਲਾਈਨ ਸਟ੍ਰੀਮਿੰਗ ਪਲੇਟਫਾਰਮਾਂ ਤੇ ਸਟ੍ਰੀਮ ਹੁੰਦੀਆਂ ਹਨ ਇਸ ਲਈ ਇਹ ਹਰ ਕਿਸੇ ਲਈ ਪਹੁੰਚਯੋਗ ਹੁੰਦੀਆਂ ਹਨ ਅਤੇ ਜਦੋਂ ਬੱਚੇ ਅਜਿਹੀਆਂ ਵੈੱਬ ਸੀਰੀਜ਼ ਨੂੰ ਵੇਖਦੇ ਹਨ,  ਤਾਂ ਉਨ੍ਹਾਂ ਦੇ ਦਿਮਾਗ, ਉਨ੍ਹਾਂ ਦੀ ਸੋਚ ‘ਤੇ ਬੁਰਾ ਅਸਰ ਪੈਂਦਾ ਹੈ, ਅਤੇ ਜੇ ਉਹ ਅਜਿਹੀ ਸੋਚ ਨਾਲ ਵੱਡੇ ਹੋਣਗੇ, ਤਾਂ ਸੰਭਾਵਨਾਵਾਂ ਹਨ ਕਿ ਉਹ ਜੁਰਮ ਕਰਨਗੇ। ਇਨ੍ਹਾਂ ਵਿੱਚ ਭਾਬੀ, ਚਾਚੀ, ਮਾਮੀ, ਨੋਕਰਾਣੀ, ਗਵਾਂਡਣ ਆਦਿ ਅਨੇਕਾਂ ਰਿਸ਼ਤਿਆਂ ਨਾਲ ਨਜਾਇਜ਼ ਸਬੰਧਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਜੋਂ ਕਿ ਭਾਰਤੀ ਸਭਿਆਚਾਰ ਵਿੱਚ ਸਤਿਕਾਰਿਤ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਦਾ ਹੈ। ਇਸ ਤਰ੍ਹਾਂ ਦੀਆਂ ਅਸ਼ਲੀਲ ਵੀਡੀਓ ਲੋਕਾਂ ਵਿੱਚ ਕਾਮ ਇੱਛਾ ਪੈਦਾ ਕਰਦੀ ਹੈ ਅਤੇ ਜਦੋਂ ਇਹ ਸਿਖਰ ਤੇ ਪਹੁੰਚ ਜਾਂਦੀ ਹੈ, ਤਾਂ ਕੁਝ ਲੋਕ ਆਪਣੇ ਆਪ ਤੇ ਕਾਬੂ ਗੁਆ ਲੈਂਦੇ ਹਨ ਅਤੇ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਰਦੇ ਹਨ। ਅੱਜ ਬੱਚੇ ਬੱਚੇ ਦੇ ਹੱਥ ਵਿੱਚ ਸਮਾਰਟ ਫੋਨ ਹੈ ਅਤੇ ਇਸ ਤਰ੍ਹਾਂ ਦੀ ਸਮੱਗਰੀ ਦਾ ਸੌਖਿਆਂ ਪ੍ਰਾਪਤ ਹੋਣਾ ਗੰਭੀਰ ਵਿਸ਼ਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਇਨ੍ਹਾਂ ਤੇ ਤੁਰੰਤ ਲਗਾਮ ਕੱਸਣੀ ਚਾਹੀਦੀ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin