ਵਾਸ਼ਿੰਗਟਨ – ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ’ਚ ਸਟਾਰਟ-ਅਪ ਲਈ ਅਨੋਖਾ ਈਕੋਸਿਸਟਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਸਰਕਾਰ ਇਸ ਨੂੰ ਜ਼ਿਆਦਾ ਉਤਸ਼ਾਹਤ ਕਰ ਰਹੀ ਹੈ ਤਾਂ ਜੋ ‘ਸਟਾਰਟ-ਅਪ ਇੰਡੀਆ’ ਤੇ ‘ਡਿਜੀਟਲ ਇੰਡੀਆ’ ਜ਼ਰੀਏ ਉੱਦਮ ਨੂੰ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕੀ ਭਾਈਵਾਲੀ ’ਚ ਸਟਾਰਟ-ਅਪ ਅਹਿਮ ਭੂਮਿਕਾ ਨਿਭਾ ਰਹੇ ਹਨ।
ਸੰਧੂ ਨੇ ਭਾਰਤ-ਅਮਰੀਕੀ ਭਾਈਵਾਲੀ ਤੇ ਭਾਰਤੀ ਸਟਾਰਟ-ਅਪ ਈਕੋਸਿਸਟਮ ਮੌਕੇ ਇਕ ਵੈਬੀਨਾਰ ’ਚ ਕਿਹਾ ਕਿ ਇਹ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੀ ਸੋਚ ਦੀ ਤਾਕਤ ਹੈ। ਉਨ੍ਹਾਂ ਵੈਬੀਨਾਰ ਤੋਂ ਬਾਅਦ ਟਵੀਟ ਕਰ ਕੇ ਕਿਹਾ ਕਿ ਵੈਕਸੀਨਾਂ ਦੀ ਖੋਜ ਕਰਨ ਵਾਲੀਆਂ ਸਿਹਤ ਸਬੰਧੀ ਕੰਪਨੀਆਂ, ਅਕਸ਼ੈ ਊਰਜਾ ਨਾਲ ਜੁੜੀਆਂ ਕੰਪਨੀਆਂ, ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੀ ਸਹੂਲਤ ਦੇਣ ਵਾਲੇ ਸਿੱਖਿਆ ਨਾਲ ਜੁੜੇ ਸਟਾਰਟ-ਅਪ, ਡਰੋਨ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਸਟਾਰਟ-ਅਪ ਆਦਿ ਦੋਵਾਂ ਹੀ ਦੇਸ਼ਾਂ ਲਈ ਆਰਥਿਕ ਖੁਸ਼ਹਾਲੀ ਦੇ ਨਵੇਂ ਮੌਕੇ ਖੋਲ੍ਹ ਰਹੇ ਹਨ। ਸਾਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਕੁਝ ਸਟਾਰਟ-ਅਪ ਅਰਥਚਾਰੇ ਦੇ ਰਵਾਇਤੀ ਖੇਤਰਾਂ ਜਿਵੇਂ ਖੇਤੀ ’ਚ ਬਹੁਤ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਹੁਣ ਦੁਨੀਆ ਦਾ ਸਟਾਰਟ-ਅਪ ਈਕੋਸਿਸਟਮ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇਸ ਵਿਚ ਸੌ ਯੂਨੀਕਾਰਨ ਹਨ ਜਿਨ੍ਹਾਂ ਦੀ ਕੀਮਤ 90 ਅਰਬ ਡਾਲਰ ਹੈ। ਇਹ ਯੂਨੀਕਾਰਨ ਕਿਸੇ ਇਕ ਇੰਡਸਟਰੀ ਤਕ ਸੀਮਤ ਨਹੀਂ ਹੈ। ਇਹ ਸਾਫਟਵੇਅਰ ਸਰਵਿਸ ਤੇ ਗੇਮਿੰਗ ਆਦਿ ਦੇ ਖੇਤਰਾਂ ’ਚ ਬਹੁਤ ਵਧਦੇ ਜਾ ਰਹੇ ਹਨ।