ਨਵੀਂ ਦਿੱਲੀ – ਭਾਰਤੀ ਹਵਾਬਾਜ਼ੀ ਕੰਪਨੀਆਂ ਨੂੰ ਐਤਵਾਰ ਨੂੰ ਯਾਤਰੀਆਂ ਨੂੰ ਲੈ ਕੇ ਉਡਾਣ ਭਰਨ ਵਾਲੇ ਘੱਟੋ-ਘੱਟ 50 ਜਹਾਜ਼ਾਂ ’ਚ ਬੰਬ ਹੋਣ ਦੀ ਧਮਕੀ ਮਿਲੀ ਹੈ। ਪਿਛਲੇ 14 ਦਿਨਾਂ ’ਚ ਭਾਰਤੀ ਏਅਰਲਾਈਨਜ਼ ਦੁਆਰਾ ਸੰਚਾਲਿਤ 350 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਝੂਠੀ ਧਮਕੀ ਮਿਲੀ ਹੈ। ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਸਨ।
ਅਕਾਸਾ ਏਅਰ ਨੇ ਐਤਵਾਰ ਨੂੰ ਕਿਹਾ ਕਿ ਉਸ ਦੀਆਂ 15 ਉਡਾਣਾਂ ਨੂੰ ਸੁਰੱਖਿਆ ਅਲਰਟ ਮਿਲਿਆ ਹੈ ਅਤੇ ਸਾਰੇ ਜਹਾਜ਼ਾਂ ਨੂੰ ਪੂਰੀ ਜਾਂਚ ਤੋਂ ਬਾਅਦ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇੰਡੀਗੋ ਨੂੰ 18 ਉਡਾਣਾਂ ਅਤੇ ਵਿਸਤਾਰਾ ਨੂੰ 17 ਉਡਾਣਾਂ ਦੌਰਾਨ ਜਹਾਜ਼ ’ਚ ਬੰਬ ਦੀਆਂ ਧਮਕੀਆਂ ਮਿਲੀਆਂ। ਏਅਰਲਾਈਨਾਂ ਨੂੰ ਲਗਾਤਾਰ ਬੰਬ ਦੀਆਂ ਧਮਕੀਆਂ ਦੇ ਮਿਲਣ ਦੇ ਪਿਛੋਕੜ ’ਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਅਤੇ ਸੂਚਨਾ ਤਕਨਾਲੋਜੀ (ਆਈਟੀ) ਨਿਯਮਾਂ ਦੇ ਤਹਿਤ ਸਖ਼ਤੀ ਨਾਲ ਤੈਅ ਸਮੇਂ ਹੱਦ ਅੰਦਰ ਗਲਤ ਜਾਣਕਾਰੀ ਤੱਕ ਪਹੁੰਚ ਨੂੰ ਤੁਰੰਤ ਹਟਾਉਣ ਜਾਂ ਅਸਮਰੱਥ ਕਰਨ ਲਈ ਕਿਹਾ ਹੈ।