Punjab

ਭਾਰਤ ਦਾ ਨਵਾਂ ਨਾਮ ‘ਸਿੱਖ ਰਾਸ਼ਟਰ’ ਰੱਖਿਆ ਜਾਵੇ: ਰਾਸ਼ਟਰਪਤੀ ਨੂੰ ਸੁਝਾਅ

ਸਰਬਜੀਤ ਸਿੰਘ ਵਕੀਲ।

ਦਿੱਲੀ ਦੇ ਸਿੱਖ ਵਕੀਲ ਸਰਬਜੀਤ ਸਿੰਘ ਨੇ ਇਥੇ ਜਾਰੀ ਇਕ ਪ੍ਰੈਸ ਰਿਲੀਜ਼ ਰਾਹੀਂ ਜਾਣਕਾਰੀ ਦਿੱਤੀ ਕਿ ਦੇਸ਼ ਵਿੱਚ ਪਿਛਲੇ ਕਾਫੀ ਸਮੇਂ ਤੋਂ ‘ਹਿੰਦੂ ਰਾਸ਼ਟਰ’ ਦੇ ਪੱਖ ਵਿੱਚ ਕੀਤੇ ਜਾ ਰਹੇ ਪ੍ਰਚਾਰ ਅਤੇ ਕੁਝ ਸਮੇਂ ਪਹਿਲਾਂ ਹੋਏ ਮਹਾਂਕੁੰਭ ਮੇਲੇ ਦੌਰਾਨ ਬਸੰਤ ਪੰਚਮੀ ਵਾਲੇ ਦਿਨ ‘ਅਖੰਡ ਹਿੰਦੂ ਰਾਸ਼ਟਰ’ ਦੇ ਸੰਵਿਧਾਨ ਦੇ ਖਰੜੇ ਨੂੰ ਜਨਤੱਕ ਤੌਰ ’ਤੇ ਜਾਰੀ ਕੀਤੇ ਜਾਣ ਦੇ ਘਟਨਾਕ੍ਰਮ ਕਾਰਨ, ਉਨ੍ਹਾਂ ਦੇਸ਼ ਦੀ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦਰੌਪਦੀ ਮੁਰਮੂ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਕਾਨੂੰਨ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਕਿ ਮਨੂੰ ਸੰਮ੍ਰਿਤੀ ਦੇ ਅਧਾਰ ’ਤੇ ਜਾਰੀ ਉਕਤ ਨਵੇਂ  ਸੰਵਿਧਾਨ ਦੇ ਖਰੜੇ ਨੂੰ ਰੱਦ ਕਰਵਾਕੇ, ਭਾਰਤ ਦਾ ਨਵਾਂ ਨਾਮ ‘ਸਿੱਖ ਰਾਸ਼ਟਰ’ ਰੱਖਿਆ ਜਾਵੇ।

ਆਪਣੇ ਇਸ ਸੁਝਾਅ ਪਿੱਛੇ ਉਨ੍ਹਾਂ ਦਲੀਲ ਦਿੱਤੀ ਕਿ ਮਨੂੰ ਸੰਮ੍ਰਿਤੀ ਰਚਨਾ ’ਤੇ ਭਾਰਤ ਵਿੱਚ ਜਾਤ-ਪਾਤ ਅਧਾਰਿਤ ਵਿਤਕਰਾ ਫੈਲਾਉਣ ਦਾ ਆਰੋਪ ਲਗਦਾ ਹੈ ਜਦਕਿ ਅਰਥ-ਸ਼ਾਸਤਰ ਜਿਹੀਆਂ ਰਚਨਾਵਾਂ ਵਿੱਚ ਰਾਜਾ ਵੱਲੋਂ ਜਨਤਾ ਦੀ ਜਸੂਸੀ ਕਰਨ ਅਤੇ ਉਨ੍ਹਾਂ ਦਾ ਕਤਲ ਤੱਕ ਕਰਵਾ ਦੇਣ ਦੀ ਨੀਤੀ ਨੂੰ ਪ੍ਰਚਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦੇ ਉਲਟ, ਗੁਰੂ ਗ੍ਰੰਥ ਸਾਹਿਬ ਵਿੱਚ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਨਿਰਵੈਰਤਾ ਦੇ ਸਿਧਾਂਤ ਨੂੰ ਪ੍ਰਚਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਭਾਰਤ ਦੇ ਮੌਜੂਦਾ ਸੰਵਿਧਾਨ ਮੁਤਾਬਿਕ ਅਤੇ ਬਹੁਤ ਸਾਰੇ ਹਿੰਦੂ ਸੰਗਠਨਾਂ ਮੁਤਾਬਿਕ ਵੀ, ਸਿੱਖਾਂ ਨੂੰ ਹਿੰਦੂ ਸਮਾਜ ਦਾ ਹੀ ਭਾਗ ਮੰਨਿਆ ਗਿਆ ਹੈ, ਤਾਂ ਫਿਰ ਹਿੰਦੂ ਰਾਸ਼ਟਰ ਦੀ ਬਜਾਏ ਸਿੱਖ ਰਾਸ਼ਟਰ ਨਾਂ ਉਪਯੋਗ ਕਰ ਲੈਣ ਵਿੱਚ ਵੀ ਕਿਸੇ ਹਿੰਦੂ ਸੰਗਠਨ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹਿੰਦੂ ਲਫ਼ਜ਼, ਹਿੰਦੂ ਗ੍ਰੰਥਾਂ ਦੀ ਉਪਜ ਨਹੀਂ ਬਲਕਿ ਵਿਦੇਸ਼ੀਆਂ ਦੀ ਦੇਣ ਅਤੇ ਇਸਦੇ ਜ਼ਿਆਦਾਤਰ ਅਰਥ ਨਾਂਹ-ਪੱਖੀ ਹੀ ਹਨ। ਉਨ੍ਹਾਂ ਕਿਹਾ ‘ਹਿੰਦੂ’ ਦੀ ਕੋਈ ਸਰਬ-ਪ੍ਰਵਾਨਿਤ ਪਰਿਭਾਸ਼ਾ ਵੀ ਨਹੀਂ ਅਤੇ ਅਦਾਲਤਾਂ ਨੇ ਹਿੰਦੂਵਾਦ ਨੂੰ ਧਰਮ ਦੀ ਬਜਾਏ ਇਕ ਜੀਵਨ-ਸ਼ੈਲੀ ਮੰਨਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਲਈ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਦੇ ਨਾਂ ਤੇ ਭਾਰਤ ਦਾ ਨਵਾਂ ਨਾਂ ‘ਸਿੱਖ ਰਾਸ਼ਟਰ’ ਰੱਖਿਆ ਜਾਣਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਨ ਦੇ ਨਾਲ-ਨਾਲ ਦੂਜੇ ਧਰਮਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਆਪਣੇ-ਆਪਣੇ ਵਿਚ ਸਮੋਏ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਅਧਾਰ ’ਤੇ ਨਵੇਂ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਕਾਨੂੰਨੀ ਮਾਹਿਰਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin