ਕਾਠਮੰਡੂ – ਭਾਰਤ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੇ 2015 ਦੇ ਵਿਨਾਸ਼ਕਾਰੀ ਭੂਚਾਲ ’ਚ ਨੇਪਾਲ ਦੇ ਦੋ ਜ਼ਿਲ੍ਹਿਆਂ ’ਚ ਨੁਕਸਾਨੇ ਗਏ 50,000 ਮਕਾਨਾਂ ਦਾ ਮੁੜ ਨਿਰਮਾਣ ਕਰਵਾਇਆ ਹੈ। ਇਸ ਸਬੰਧੀ ਭਾਰਤੀ ਅੰਬੈਸੀ ਨੇ ਰਾਸ਼ਟਰੀ ਪੁਨਰ ਨਿਰਮਾਣ (ਐੱਨਆਰਏ), ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੀ ਮਦਦ ਨਾਲ ਗੋਰਖਾ ਤੇ ਨੁਵਾਕੋਟ ਜ਼ਿਲ੍ਹਿਆਂ ’ਚ ਮਕਾਨਾਂ ਦਾ ਕੰਮ ਕਾਮਯਾਬੀ ਨਾਲ ਪੂਰਾ ਹੋਣ ’ਤੇ ਇਕ ਪ੍ਰੋਗਰਾਮ ਕੀਤਾ।
ਭਾਰਤੀ ਅੰਬੈਸੀ ਦੇ ਉਪ ਮੁਖੀ ਨਾਮਗਿਆ ਸੀ. ਖੰਪਾ ਨੇ ਦੱਸਿਆ ਕਿ 50,000 ਨਿੱਜੀ ਮਕਾਨਾਂ ਦੇ ਪੁਨਰ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਪ੍ਰੋਗਰਾਮ ਲਈ ਮਾਰਚ 2018 ’ਚ ਭਾਰਤ ਸਰਕਾਰ ਨੇ ਯੂਐੱਨਡੀਪੀ ਤੇ ਯੂਐੱਨਓਪੀਐੱਸ ਨੂੰ ਵੀ ਸ਼ਾਮਲ ਕੀਤਾ ਸੀ। ਭੂਚਾਲ ਤੋਂ ਬਾਅਦ ਰਿਹਾਇਸ਼ੀ ਖੇਤਰ ’ਤੇ ਸਹਾਇਤਾ ਦੇ ਰੂਪ ’ਚ ਭਾਰਤ ਸਰਕਰਾ ਨੇ 15 ਕਰੋੜ ਡਾਲਰ (1100 ਕਰੋੜ ਰੁਪਏ ਤੋਂ ਵੱਧ) ਦੇਣ ਦੀ ਪ੍ਰਤੀਬੱਧਤਾ ਪ੍ਰਗਟਾਈ ਸੀ। ਇਸ ’ਚੋਂ 100 ਕਰੋੜ ਡਾਲਰ ਗ੍ਰਾਂਟ ਦੇ ਰੂਪ ’ਚ ਤੇ ਪੰਜ ਕਰੋੜ ਡਾਲਰ ਫੋਰਥ ਲਾਈਨ ਆਫ ਕ੍ਰੈਡਿਟ ਤਹਿਤ ਦਿੱਤੇ ਗਏ। ਜ਼ਿਕਰਯੋਗ ਹੈ ਕਿ ਅਪ੍ਰੈਲ 2015 ’ਚ ਨੇਪਾਲ ’ਚ ਆਏ ਵਿਨਾਸ਼ਕਾਰੀ ਭੂਚਾਲ ’ਚ ਨੌਂ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।