ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਪੈਗਾਸਸ ਜਾਸੂਸੀ ਮਾਮਲੇ ’ਚ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਤੇ ਦਾਅਵਾ ਕੀਤਾ ਕਿ ਪੈਗਾਸਸ ਸਪਾਈਵੇਅਰ ਨੂੰ ਤਾਂ ਭਾਰਤ ਸਰਕਾਰ ਹੀ ਖ਼ਰੀਦਿਆ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਰਾਜਦੂਤ ਦੇ ਬਿਆਨ ਤੋਂ ਇਹ ਹੋਰ ਸਾਫ਼ ਹੋ ਗਿਆ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਵੀ ਬੁੱਧਵਾਰ ਨੂੰ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੇ ਜਾਣ ਦਾ ਆਦੇਸ਼ ਦਿੱਤਾ ਸੀ।ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਨੇ ਟਵੀਟ ਕੀਤਾ, ‘ਪੈਗਾਸਸ ਜਾਸੂਸੀ ਮਾਮਲੇ ’ਚ ਸੁਪਰੀਮ ਕੋਰਟ ਦੇ ਸਮਝ ਵਾਲੇ ਤੇ ਸਾਹਸਿਕ ਆਦੇਸ਼ ਤੋਂ ਬਾਅਦ ਪਰਦਾ ਹੱਟ ਗਿਆ ਹੈ। ਬੀਤੇ ਕੱਲ੍ਹ ਇਜ਼ਰਾਈਲ ਦੇ ਰਾਜਦੂਤ ਨੇ ਵੀ ਜਨਤਕ ਰੂਪ ਨਾਲ ਕਹਿ ਦੱਤਾ ਕਿ ਪੈਗਾਸਸ ਸਪਾਈਵੇਅਰ ਸਿਰਫ਼ ਸਰਕਾਰ ਨੂੰ ਵੇਚਿਆ ਗਿਆ ਸੀ। ਇਸ ਦਾ ਮਤਲਬ ਇਹ ਹੈ ਕਿ ਇਸ ਨੂੰ ਭਾਰਤ ਸਰਕਾਰ ਹੀ ਖਰੀਦ ਰਹੀ ਸੀ। ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਕੀ ਦੂਰਸੰਚਾਰ ਮੰਤਰੀ ਕਹਿਣਗੇ ਕਿ ਪੈਗਾਸਸ ਦੀ ਖ਼ਰੀਦ ਭਾਰਤ ਸਰਕਾਰ ਨੇ ਕੀਤੀ? ਜੇਕਰ ਉਹ ਚੁੱਪ ਰਹੇ ਤਾਂ ਇਹ ਉਨ੍ਹਾਂ ਦੇ ਰਿਪੋਰਟ ਕਾਰਡ ’ਤੇ ਧੱਬਾ ਹੋਵੇਗਾ।ਦੱਸਣਯੋਗ ਹੈ ਕਿ ਭਾਰਤ ’ਚ ਇਜ਼ਰਾਈਲ ਦੇ ਨਵੇਂ ਨਿਯੁਕਤ ਰਾਜਦੂਤ ਨਾਓਰ ਗਿਲੋਨ ਨੇ ਵੀਰਵਾਰ ਨੂੰ ਇਸ ਮਾਮਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਸੀ। ਨਾਲ ਹੀ ਕਿਹਾ ਸੀ ਕਿ ਐੱਨਐੱਸਓ ਵਰਗੀਆਂ ਕੰਪਨੀਆਂ ਆਪਣੇ ਉਤਪਾਦ ਗ਼ੈਰ-ਸਰਕਾਰੀ ਸੰਸਥਾਵਾਂ, ਸੰਗਠਨਾਂ ਜਾਂ ਵਿਅਕਤੀਆਂ ਨੂੰ ਨਹੀਂ ਵੇਚਦੀਆਂ। ਹਾਲਾਂਕਿ ਉਨ੍ਹਾਂ ਕਿਹਾ ਸੀ ਕਿ ਮੈਂ ਇਹ ਨਹੀਂ ਦੱਸ ਸਕਦਾ ਕਿ ਇਸ ਲਈ ਭਾਰਤ ਸਰਕਾਰ ਨੇ ਸੰਪਰਕ ਕੀਤਾ ਜਾਂ ਨਹੀਂ।