ਨਵੀਂ ਦਿੱਲੀ – ਭਾਰਤ ਨੇ ਐਮਰਜੈਂਸੀ ਖਰੀਦ ਦੇ ਤਹਿਤ ਰੂਸ ਤੋਂ 70 ਹਜ਼ਾਰ ਏ ਕੇ -103 ਰਾਈਫਲਾਂ ਖਰੀਦਣ ਲਈ ਸਮਝੌਤਾ ਕੀਤਾ ਹੈ। ਇਹ ਸਮਝੌਤਾ ਰੱਖਿਆ ਮੰਤਰਾਲਾ ਨੇ ਦੇਸ਼ ਦੀ ਹਥਿਆਰਬੰਦ ਬਲਾਂ ਲਈ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਜ਼ਿਆਦਾਤਰ ਰਾਈਫਲ ਭਾਰਤੀ ਹਵਾਈ ਫੌਜ ਨੂੰ ਦਿੱਤੇ ਜਾਣਗੇ।
ਸਮਝੌਤੇ ਬਾਰੇ ਰੱਖਿਆ ਮੰਤਰਾਲਾ ਜਾਂ ਫਿਰ ਰੂਸ ਵੱਲੋਂ ਅਧਿਕਾਰਕ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸੂਤਰਾਂ ਨੇ ਦੱਸਿਆ ਕਿ ਇਹ ਸੌਦਾ ਕੈਪਿਟਲ-ਬਜਟ ਨਾਲ ਨਹੀਂ ਸਗੋਂ ਸਰਕਾਰ ਦੁਆਰਾ ਰੱਖਿਆ ਬਜਟ ਵਿੱਚ ਸ਼ਾਮਲ ਕੀਤੇ ਗਏ ਐਮਰਜੈਂਸੀ ਫੰਡ ਨਾਲ ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਤੋਂ ਰੱਖਿਆ ਬਜਟ ਵਿੱਚ ਐਮਰਜੈਂਸੀ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਸ ਰੂਸੀ ਏ ਕੇ-103 ਰਾਈਫਲਾਂ ਦੀ ਡਿਲੀਵਰੀ ਕਦੋਂ ਤੱਕ ਭਾਰਤ ਨੂੰ ਮਿਲ ਸਕੇਗੀ ਪਰ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਕਿਉਂਕਿ ਇਹ ਐਮਰਜੈਂਸੀ ਵਿੱਚ ਸਿੱਧੇ ਖਰੀਦੇ ਜਾਣਗੇ ਤਾਂ ਡਿਲੀਵਰੀ ਯਕੀਨੀ ਤੌਰ ‘ਤੇ ਜਲਦੀ ਹੋ ਸਕੇਗੀ।
ਦਰਅਸਲ, ਭਾਰਤ ਨੇ ਸਾਲ 2019 ਵਿੱਚ ਰੂਸ ਦੇ ਨਾਲ ਅਮੇਠੀ ਵਿੱਚ ਆਰਡਿਨੈਂਸ ਫੈਕਟਰੀ ਬੋਰਡ ਯਾਨੀ ਓ.ਐੱਫ.ਬੀ. ਦੇ ਕੋਰਬਾ ਪਲਾਂਟ ਵਿੱਚ ਸਾਢੇ ਸੱਤ ਲੱਖ (7.50 ਲੱਖ) ਏ.ਕੇ.-203 ਰਾਈਫਲ ਬਣਾਉਣ ਦਾ ਸਮਝੌਤਾ ਕੀਤਾ ਸੀ ਪਰ ਪਲਾਂਟ ਵਿੱਚ ਅੱਜ ਤੱਕ ਰਾਈਫਲ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤੀਨ ਦੀ ਮੌਜੂਦਗੀ ਵਿੱਚ ਇਸ ਪਲਾਂਟ ਦਾ ਉਦਘਾਟਨ ਕੀਤਾ ਸੀ।