ਮੁਜ਼ੱਫਰਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਨੀਮ ਫੌਜੀ ਰੇਂਜਰਾਂ ਨਾਲ ਝੜਪ ਦੌਰਾਨ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲ਼ੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ 3 ਜਣਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਮੰਗਲਵਾਰ ਨੂੰ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ।
ਪੀ.ਓ.ਕੇ. ’ਚ ਕਣਕ ਦੇ ਆਟੇ ਦੀਆਂ ਉੱਚੀਆਂ ਕੀਮਤਾਂ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਵਿਰੁਧ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ‘‘ਡਾਅਨ’ ਅਖਬਾਰ ਦੀ ਖ਼ਬਰ ਮੁਤਾਬਕ ਵਿਵਾਦਿਤ ਇਲਾਕੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਨੀਮ ਫੌਜੀ ਰੇਂਜਰਾਂ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਇਲਾਕਾ ਛੱਡ ਰਹੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜ ਟਰੱਕਾਂ ਸਮੇਤ 19 ਗੱਡੀਆਂ ਦੇ ਕਾਫਲੇ ਨੇ ਖੈਬਰ ਪਖਤੂਨਖਵਾ ਦੀ ਸਰਹੱਦ ਨਾਲ ਲਗਦੇ ਪਿੰਡ ਬੈਰਕੋਟ ਤੋਂ ਰਵਾਨਾ ਹੋਣ ਦੀ ਬਜਾਏ ਕੋਹਾਲਾ ਤੋਂ ਇਲਾਕੇ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਦੋਂ ਕਾਫਲਾ ਗੁੱਸੇ ਦੇ ਮਾਹੌਲ ’ਚ ਮੁਜ਼ੱਫਰਾਬਾਦ ਪਹੁੰਚਿਆ ਤਾਂ ਸ਼ੋਰਾਨ ਦਾ ਨੱਕਾ ਪਿੰਡ ਨੇੜੇ ਉਸ ’ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦਾ ਜਵਾਬ ਉਨ੍ਹਾਂ ਨੇ ਅੱਥਰੂ ਗੈਸ ਅਤੇ ਫਾਇਰਿੰਗ ਨਾਲ ਦਿਤਾ।
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਪਛਮੀ ਬਾਈਪਾਸ ਰਾਹੀਂ ਸ਼ਹਿਰ ਵਿਚ ਦਾਖਲ ਹੋਣ ਤੋਂ ਬਾਅਦ ਰੇਂਜਰਾਂ ’ਤੇ ਫਿਰ ਪੱਥਰਬਾਜ਼ੀ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਅੱਥਰੂ ਗੈਸ ਅਤੇ ਗੋਲੀਆਂ ਦੀ ਵਰਤੋਂ ਕਰਨੀ ਪਈ। ਗੋਲੀਬਾਰੀ ਇੰਨੀ ਜ਼ਬਰਦਸਤ ਸੀ ਕਿ ਪੂਰਾ ਇਲਾਕਾ ਹਿੱਲ ਗਿਆ। ਖ਼ਬਰ ਅਨੁਸਾਰ 40 ਕਿਲੋ ਆਟੇ ਦੀ ਸਬਸਿਡੀ ਦੀ ਦਰ 3,100 ਪਾਕਿਸਤਾਨੀ ਰੁਪਏ ਤੋਂ ਘਟਾ ਕੇ 2,000 ਪਾਕਿਸਤਾਨੀ ਰੁਪਏ ਕਰ ਦਿਤੀ ਗਈ ਹੈ। 100, 300 ਅਤੇ 300 ਯੂਨਿਟ ਤੋਂ ਵੱਧ ਬਿਜਲੀ ਲਈ ਦਰਾਂ ਲੜੀਵਾਰ 3 ਰੁਪਏ, 5 ਰੁਪਏ ਅਤੇ 6 ਰੁਪਏ ਪ੍ਰਤੀ ਯੂਨਿਟ ਵਧਾ ਦਿਤੀਆਂ ਗਈਆਂ ਹਨ।