ਫਿਲੀਪੀਂਸ – ਕਪੂਰਥਲਾ ਦੇ ਨੌਜਵਾਨ ਦੀ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿ੍ਰਤਕ ਦੀ ਪਛਾਣ ਵਿਮਲ ਕੁਮਾਰ (38) ਪੁੱਤਰ ਕਮਲਜੀਤ ਕੁਮਾਰ ਵਾਸੀ ਸਿੱਦਵਾਨ ਦੇ ਤੌਰ ‘ਤੇ ਹੋਈ ਹੈ। ਤਿਉਹਾਰ ਮੌਕੇ ਵਿਮਲ ਦੀ ਮੌਤ ਦੀ ਖ਼ਬਰ ਸੁਣਦੇ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਵਿਮਲ ਕੁਝ ਸਾਲਾਂ ਤੋਂ ਰੋਜ਼ੀ-ਰੋਟੀ ਕਮਾਉਣ ਲਈ ਫਿਲੀਪੀਂਸ ਦੇ ਬੁਗੋ ਸ਼ਹਿਰ ਵਿਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹ ਆਪਣੇ ਪਿੰਡ ਸਿੱਦਵਾਨ ਰਹਿਣ ਲਈ ਆਇਆ ਸੀ। ਇਕ ਮਹਿਨਾ ਪਹਿਲਾਂ ਉਹ ਕੰਮ ਲਈ ਵਾਪਸ ਮਨੀਲਾ ਦੇ ਬੁਗੋ ਸ਼ਹਿਰ ਗਿਆ ਸੀ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਰਕੇ ਬੀਤੇ ਦਿਨ ਮੌਤ ਹੋ ਗਈ। ਭਰਾ ਦੇ ਮੁਤਾਬਕ ਜਦੋਂ ਉਹ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਸੀਨੇ ਵਿਚ ਦਰਦ ਹੋਈ ਅਤੇ ਦਰਦ ਹੋਣ ਉਪਰੰਤ ਉਸ ਨੇ ਫੋਨ ਕਰਕੇ ਦੱਸਿਆ ਅਤੇ ਇਸ ਦੇ ਬਾਅਦ ਆਪਣੇ ਦੋਸਤ ਨੂੰ ਵਿਮਲ ਕੁਮਾਰ ਦੇ ਕੋਲ ਭੇਜਿਆ। ਉਸ ਦਾ ਦੋਸਤ ਵਿਮਲ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।