Articles Pollywood

‘ਮਰਜਾਣੇ’ ਮੇਰੀ ਜ਼ਿੰਦਗੀ ਦੀ ਅਹਿਮ ਫ਼ਿਲਮ – ਸਿੱਪੀ ਗਿੱਲ

ਲੇਖਕ: ਸੁਰਜੀਤ ਜੱਸਲ

ਗਾਇਕੀ ਤੋਂ ਫ਼ਿਲਮਾਂ ਵਿੱਚ ਸਰਗਰਮ ਹੋਏ ਸਿੱਪੀ ਗਿੱਲ ਦੇ ਦਰਸ਼ਕਾਂ ਚਿਰਕੋਣੀ ਮੰਗ ਸੀ ਕਿ ਉਹ ਆਪਣੇ ਗੀਤਾਂ ਵਾਂਗ ਫ਼ਿਲਮੀ ਪਰਦੇ ’ਤੇ ਵੀ ‘ਖੜਕੇ ਦੜਕੇ’ ਵਾਲੇ ਜਬਰਦਸਤ ਕਿਰਦਾਰਾਂ ’ਚ ਨਜ਼ਰ ਆਵੇ। ਸਿੱਪੀ ਗਿੱਲ ਦੇ ਚਹੇਤਿਆਂ ਦੀ ਇਹ ਖ਼ਾਹਿਸ ਹੁਣ ਉਸਦੀ ਆ ਰਹੀ ਨਵੀਂ ਫ਼ਿਲਮ ‘ਮਰਜਾਣੇ’ ਨਾਲ ਪੂਰੀ ਹੋ ਜਾਵੇਗੀ। 10 ਦਸੰਬਰ ਨੂੰ ਰਿਲੀਜ਼ ਹੋ ਰਹੀ ਲੇਖਕ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਇਸ ਫਿਲਮ ਵਿੱਚ ਉਸਨੇ ਪਹਿਲਾਂ ਆਈਆਂ ਫ਼ਿਲਮਾਂ ਤੋਂ ਹਟਕ ਇੱਕ ਐਸੇ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਹਾਲਾਤਾਂ ਦਾ ਸ਼ਿਕਾਰ ਹੋ ਗਲਤ ਰਹੀ ਤੁਰ ਪੈਂਦਾ ਹੈ।
ਓਹਰੀ ਪ੍ਰੋਡਕਸ਼ਨ ਅਤੇ ਜੀਤ ਸੰਨਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਬਣੀ ਇਸ ਨਵੀਂ ਫ਼ਿਲਮ ‘ਮਰਜਾਣੇ’ ਬਾਰੇ ਸਿਪੀ ਗਿੱਲ ਨੇ ਕਿਹਾ ਕਿ ਮੇਰੇ ਪ੍ਰਸ਼ੰਸ਼ਕ ਮੈਨੂੰ ਅਕਸਰ ਕਹਿੰਦੇ ਸੀ ਕਿ ਮੈਂ ਆਪਣੇ ਗੀਤਾਂ ਵਾਂਗ ਐਕਸ਼ਨ ਕਿਰਦਾਰਾਂ ਵਾਲੀਆਂ ਫ਼ਿਲਮਾਂ ਕਰਾਂ। ਮੇਰੀ ਵੀ ਨਿੱਜੀ ਕੋਸ਼ਿਸ਼ ਸੀ। ਫਿਰ ਜਦ ਅਮਰਦੀਪ ਸਿੰਘ ਗਿੱਲ ਨੇ ਮੈਨੂੰ ‘ਮਰਜਾਣੇ ’ ਫ਼ਿਲਮ ਦੀ ਕਹਾਣੀ ਸੁਣਾਈ ਤਾਂ ਮੈਨੂੰ ਬਹੁਤ ਪਸੰਦ ਆਈ। ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਕਹਾਣੀ ਹੈ। ਅਕਸਰ ਮਾਵਾਂ ਆਪਣੇ ਨਿੱਕੇ ਹੁੰਦਿਆਂ ਪੁੱਤਰਾਂ ਨੂੰ ‘ਮਰਜਾਣੇ ਕਹਿ ਕੇ ਬੁਲਾੳਂੁਦੀਆਂ ਨੇ.. ਪਰ ਜਦ ਉਨ੍ਹਾਂ ਦੇ ਇਹ ‘ਮਰਜਾਣੇ’ ਪੁੱਤ ਵੱਡੇ ਹੋ ਕੇ ਗ਼ਲਤ ਰਾਹ ਤੁਰ ਪੈਂਦੇ ਹਨ ਤਾਂ ਜਿੰਦਗੀ ਇੱਕ ਹਊਂਕਾ ਬਣ ਕੇ ਰਹਿ ਜਾਂਦੀ ਹੈ। ਉਨ੍ਹਾਂ ਮਾਵਾਂ ਦੀ ਦਰਦਭਰੀ ਗਾਥਾ ਹੈ ਜੋ ਆਪਣੇ ਪੁੱਤਾਂ ਦਾ ਰਾਹ ਵੇਖਦੀਆਂ ਜਹਾਨੋਂ ਤੁਰ ਗਈਆ। ਇਹ ਫ਼ਿਲਮ ਸਮੇਂ ਦਾ ਸੱਚ ਪੇਸ਼ ਕਰਦੀ ਅੱਜ ਦੇ ਨੌਜਵਾਨਾਂ ਨੂੰ ਗ਼ਲਤ ਰਾਹਾਂ ’ਤੇ ਤੁਰਨ ਦੇ ਭੈੜੇ ਨਤੀਜਿਆਂ ਤੋਂ ਜਾਣੂ ਕਰਵਾਉਂਦੀ, ਜ਼ਿੰਦਗੀ ਪ੍ਰਤੀ, ਮਾਂ-ਬਾਪ ਦੇ ਫ਼ਰਜਾਂ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੰਦੀ ਹੈ। ਇਸ ਫ਼ਿਲਮ ਵਿੱਚ ਉਸਨੇ ਗਗਨ ਉਰਫ ਗੁੱਗੂ ਗਿੱਲ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੇ ਡਾਇਲਾਗ ਤੇ ਸਕਰੀਨ ਪਲੇਅ ਬਹੁਤ ਜਬਰਦਸਤ ਹੈ। ਦਰਸ਼ਕ ਇਸ ਫਿਲਮ ਵਿੱਚ ਬਾਲੀਵੁੱਡ ਫ਼ਿਲਮਾਂ ਵਾਲਾ ਐਕਸ਼ਨ ਵੇਖਣਗੇ। ਫ਼ਿਲਮ ਵਿੱਚ ਉਸਦੀ ਨਾਇਕਾ ਪ੍ਰੀਤ ਕਮਲ ਹੈ ਜੋ ਕਾਲਜ ਦਿਨਾਂ ਵਿੱਚ ਉਸਦੀ ਜ਼ਿੰਦਗੀ ਵਿੱਚ ਆਉਂਦੀ ਹੈ ਤੇ ਹਮੇਸ਼ਾ ਉਸਨੂੰ ਮਾੜੇ ਕੰਮਾਂ ਤੋਂ ਰੋਕਦੀ ਹੈ।
ਪੰਜਾਬ ਦੇ ਸ਼ਹਿਰ ਮੋਗਾ ਦੇ ਪਿੰਡ ਰੌਲੀ ਦਾ ਜੰਮਪਲ ਸਿੱਪੀ ਗਿੱਲ ਨੇ ਬਾਰਵੀਂ ਜਮਾਤ ਪਾਸ ਕਰਦਿਆਂ ਹੀ ਗਾਇਕੀ ਨੂੰ ਆਪਣਾ ਕੈਰੀਅਰ ਬਣਾ ਲਿਆ ਸੀ। ਗ੍ਰੈਜੂਏਸ਼ਨ ਤੋਂ ਬਾਅਦ ਉਹ ਪੱਕੇ ਪੈਰੀਂ ਇਸ ਖ਼ੇਤਰ ਨਾਲ ਜੁੜ ਗਿਆ। ਗਾਇਕੀ ਦੀ ਬਕਾਇਦਾ ਤਾਲੀਮ ਹਾਸਲ ਕਰਨ ਤੋਂ ਬਾਅਦ ਇਸ ਖੇਤਰ ਨਾਲ ਜੁੜੇ ਸਿੱਪੀ ਦਾ ਪਹਿਲਾ ਗੀਤ ‘ਯਾਦ’ ਸੀ। 10 ਮਿੰਟ ਗੀਤ ਨਾਲ ਸਿੱਪੀ ਗਿੱਲ ਸੁਰਖੀਆਂ ਵਿੱਚ ਆਇਆ। ਦਰਜਨ ਤੋਂ ਵੱਧ ਹਿੱਟ ਗੀਤ ਦੇਣ ਵਾਲਾ ਸਿੱਪੀ ਗਿੱਲ ਦਾ ਕੁਝ ਦਿਨ ਪਹਿਲਾਂ ਲਾਭ ਹੀਰੇ ਨਾਲ ਆਇਆ ਗੀਤ ‘ਤਿੱਤਰ ਖੰਭੀਆਂ’ ਵੀ ਕਾਫ਼ੀ ਚਰਚਾ ਵਿੱਚ ਹੈ।
ਸਾਲ 2013 ਵਿੱਚ ਪੰਜਾਬੀ ਫ਼ਿਲਮ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਨਾਲ ਬਤੌਰ ਹੀਰੋ ਪੰਜਾਬੀ ਸਿਨੇਮੇ ਨਾਲ ਜੁੜਿਆ ਸਿੱਪੀ ਗਿੱਲ ਪੰਜਾਬੀ ਫ਼ਿਲਮ ‘ਟਾਈਗਰ’ ਜ਼ਰੀਏ ਵੀ ਪੰਜਾਬੀ ਪਰਦੇ ਦਾ ਸ਼ਿੰਗਾਰ ਹੈ। ਉਸਦੀ ਹੋਮ ਪ੍ਰੋਡਕਸ਼ਨ ਦੀ ਫਿਲਮ ‘ਗਦਰੀ ਯੋਧੇ’ ਵੀ ਤਿਆਰ ਹੈ ਜੋ ਹੁਣ ਜਲਦ ਹੀ ਰਿਲੀਜ਼ ਹੋਵੇਗੀ।
ਲੇਖਕ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਇਸ ਫ਼ਿਲਮ ‘ਮਰਜਾਣੇ’ ਵਿੱਚ ਸਿੱਪੀ ਗਿੱਲ, ਪ੍ਰੀਤ ਕਮਲ, ਕੁਲ ਸਿੱਧੂ, ਆਸ਼ੀਸ਼ ਦੁੱਗਲ, ਤਰਸੇਮ ਪੌਲ, ਹਰਿੰਦਰ ਭੁੱਲਰ, ਸਤਵਿੰਦਰ ਕੌਰ, ਪ੍ਰੀਤ ਭੁੱਲਰ, ਰਮਨ ਢਿੱਲੋਂ, ਬਲਵਿੰਦਰ ਧਾਲੀਵਾਲ, ਸੋਨਪ੍ਰੀਤ ਜੰਵਧਾ, ਜੀਤ ਸਿੰਘ, ਹਰਪ੍ਰੀਤ ਬੈਂਸ ਤੇ ਬਖ਼ਤਾਵਰ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਗੀਤ ਅਮਰਦੀਪ ਸਿੰਘ ਗਿੱਲ, ਨਰਿੰਦਰ ਬਾਠ ਤੇ ਸੁਲੱਖਣ ਚੀਮਾ ਨੇ ਲਿਖੇ ਹਨ। ਸੰਗੀਤ ਸਚਿਨ ਆਹੂਜਾ, ਗੁਰਮੀਤ ਸਿੰਘ, ਲਾਡੀ ਗਿੱਲ ਤੇ ਦੀਪ ਜੰਡੂ ਨੇ ਦਿੱਤਾ ਹੈ। ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਸਰਬਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਨ ਜਦਕਿ ਜਸਪ੍ਰੀਤ ਕੌਰ ਤੇ ਪ੍ਰੀਤ ਮੋਹਨ (ਕੈਂਡੀ) ਸਹਿ ਨਿਰਮਾਤਾ ਹਨ।
‘ਮਰਜਾਣੇ’ ਬਾਰੇ ਹੋਰ ਗੱਲ ਕਰਦਿਆਂ ਸਿੱਪੀ ਗਿੱਲ ਨੇ ਕਿਹਾ ਕਿ ਇਹ ਉਸਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ। ਆਪਣੇ ਕਿਰਦਾਰ ਨੂੰ ਉਸਨੇ ਰੂਹ ਨਾਲ ਨਿਭਾਇਆ ਹੈ। ਫ਼ਿਲਮ ਦਾ ਕਲਾਈਮੈਕਸ ਵੀ ਬਹੁਤ ਜਬਰਦਸਤ ਹੈ ਜੋ ਰਾਜਸਥਾਨ ਦੇ ਵੀਰਾਨ ਟਿੱਬਿਆਂ ‘ਚ ਫ਼ਿਲਮਾਇਆ ਗਿਆ ਹੈ। ਉਸਨੂੰ ਆਸ ਹੈ ਕਿ ਦਰਸ਼ਕ ਉਸਦੀ ਇਸ ਫ਼ਿਲਮ ਨੂੰ ਵੀ ਜਰੂਰ ਪਸੰਦ ਕਰਨਗੇ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin