ਅੰਮਿ੍ਤਸਰ – ਲੰਡਨ ‘ਚ ਅੰਗਰੇਜ਼ ਅਧਿਕਾਰੀ ਸਰ ਕਰਜ਼ਨ ਵਿੱਲੀ ਦੀ ਹੱਤਿਆ ਕਰ ਕੇ ਗੋਰਿਆਂ ਨੂੰ ਉਨ੍ਹਾਂ ਦੀ ਧਰਤੀ ‘ਤੇ ਵੰਗਾਰਨ ਵਾਲੇ ਪਹਿਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੀਵਨ ਨੂੰ ਬਾਲੀਵੁੱਡ ਹੁਣ ਫਿਲਮੀ ਪਰਦੇ ‘ਤੇ ਉਤਾਰੇਗਾ। ਇਹ ਫਿਲਮ ‘ਆਲ ਮਾਈਟੀ ਮੋਸ਼ਨ ਪਿਕਚਰਜ਼’ ਨਾਂ ਦੀ ਕੰਪਨੀ ਵੱਲੋਂ ਬਣਾਈ ਜਾਵੇਗੀ। ਭਾਵੇਂਕਿ ਮਦਨ ਲਾਲ ਢੀਂਗਰਾ ‘ਤੇ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਪਰ ਜੇਕਰ ਕਿਸੇ ਦੀ ਕਿਤਾਬ ਦੇ ਆਧਾਰ ‘ਤੇ ਇਸ ਅਲਬੇਲੇ ਸ਼ਹੀਦ ਦੀ ਜ਼ਿੰਦਗੀ ‘ਤੇ ਫਿਲਮ ਬਣਨ ਜਾ ਰਹੀ ਹੈ ਤਾਂ ਇਹ ਮਾਣ ਡਾ. ਵਿਸ਼ਵਬੰਧੂ ਨੂੰ ਹਾਸਲ ਹੋਇਆ ਹੈ।ਇਹ ਫਿਲਮ ਡਾ. ਵਿਸ਼ਵਬੰਧੂ ਵੱਲੋਂ ਲਿਖੀ ਗਈ ਪੁਸਤਕ ‘ਦਿ ਲਾਈਫ ਐਂਡ ਟਾਈਮਜ਼ ਆਫ ਮਦਨ ਲਾਲ ਢੀਂਗਰਾ’ ‘ਤੇ ਆਧਾਰਤ ਹੋਵੇਗੀ, ਜਿਸ ਨੂੰ ਓਸ਼ਨ ਬੁੱਕਸ ਪ੍ਰਰਾਈਵੇਟ ਲਿਮਟਿਡ ਨੇ ਪ੍ਰਕਾਸ਼ਿਤ ਕੀਤਾ ਹੈ। ਡਾ. ਵਿਸ਼ਵਬੰਧੂ ਡੀਏਵੀ ਕਾਲਜ ਫਿਲੌਰ ਦੇ ਸੇਵਾਮੁਕਤ ਪਿ੍ਰੰਸੀਪਲ ਤੇ ਡੀਏਵੀ ਕਾਲਜ ਅੰਮਿ੍ਤਸਰ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਹਨ।ਸ਼ਹੀਦ ਢੀਂਗਰਾ ਦਾ ਜਨਮ ਅੰਮਿ੍ਤਸਰ ਸ਼ਹਿਰ ਦੇ ਬਹੁਤ ਹੀ ਧਨਾਢ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਡਾ. ਸਾਹਿਬ ਦਿੱਤਾ ਮੱਲ ਸੇਵਾਮੁਕਤ ਸਿਵਲ ਸਰਜਨ ਸਨ, ਜਦੋਂਕਿ ਸੱਤ ਭਰਾਵਾਂ ‘ਚੋਂ ਕੋਈ ਡਾਕਟਰ, ਵਪਾਰੀ, ਵਕੀਲ ਤੇ ਜੱਜ ਸੀ। ਠਾਠ-ਬਾਠ ਦੀ ਜ਼ਿੰਦਗੀ ਜਿਊਣ ਦੀ ਬਜਾਏ ਢੀਂਗਰਾ ਨੇ ਪਰਿਵਾਰ ਦੇ ਉਲਟ ਦੇਸ਼ ਭਗਤੀ ਦਾ ਰਾਹ ਚੁਣਿਆ। 1906 ‘ਚ ਉਹ ਇੰਗਲੈਂਡ ‘ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗਏ ਜਿਥੇ ਉਹ ਮਹਾਨ ਇਨਕਲਾਬੀ ਸ਼ਿਆਮ ਜੀ ਕਿ੍ਸ਼ਨਾ ਵਰਮਾ ਤੇ ਵੀਰ ਸਾਵਰਕਰ ਦੇ ਪ੍ਰਭਾਵ ਹੇਠ ਆ ਕੇ ਦੇਸ਼ ਭਗਤੀ ਦੇ ਰੰਗ ‘ਚ ਰੰਗੇ ਗਏ। ਪਹਿਲੀ ਜੁਲਾਈ 1909 ਨੂੰ ਉਨ੍ਹਾਂ ਨੇ ਸਰ ਕਰਜ਼ਨ ਵਿੱਲੀ (ਇੰਗਲੈਂਡ ‘ਚ ਭਾਰਤੀ ਮਾਮਲਿਆਂ ਦੇ ਸਿਆਸੀ ਸਲਾਹਕਾਰ) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਸਰ ਕਰਜ਼ਨ ਵਿੱਲੀ ਨੂੰ ਗੋਲ਼ੀਆਂ ਮਾਰਨ ਸਮੇਂ ਢੀਂਗਰਾ ਨੇ ਸਿਰ ‘ਤੇ ਹਲਕੇ ਨੀਲੇ ਰੰਗ ਦੀ ਪੱਗੜੀ ਬੰਨ੍ਹੀ ਹੋਈ ਸੀ। ਅਸਲ ‘ਚ ਅਜਿਹਾ ਦਲੇਰੀ ਭਰਿਆ ਕਾਰਨਾਮਾ ਕਰਦੇ ਸਮੇਂ ਉਹ ਆਪਣੀ ਪਛਾਣ ਬਤੌਰ ਪੰਜਾਬੀ ਦਰਜ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਉਸ ਸਮੇਂ ਜ਼ਿਆਦਾਤਰ ਸ਼ਹੀਦ ਬੰਗਾਲ ਸੂਬੇ ਨਾਲ ਸਬੰਧਤ ਸਨ। ਢੀਂਗਰਾ ਨੇ ਕਰਜ਼ਨ ਵਿੱਲੀ ਨੂੰ ਮਾਰਨ ਤੋਂ ਪਹਿਲਾਂ ਬਕਾਇਦਾ ਤਿੰਨ ਮਹੀਨੇ ਪੈਸੇ ਖ਼ਰਚ ਕੇ ਸ਼ੂਟਿੰਗ ਦੀ ਸਿਖਲਾਈ ਪ੍ਰਰਾਪਤ ਕੀਤੀ। ਸਰ ਕਰਜ਼ਨ ਵਿੱਲੀ ਦੀ ਹੱਤਿਆ ਭਾਰਤ ਤੋਂ ਬਾਹਰ ਕਿਸੇ ਵਿਦੇਸ਼ੀ ਧਰਤੀ ‘ਤੇ ਪਹਿਲੀ ਵੱਡੀ ਸਿਆਸੀ ਘਟਨਾ ਸੀ।
ਕਰਜ਼ਨ ਵਿੱਲੀ ਦੀ ਹੱਤਿਆ ਨੂੰ ਅੰਗਰੇਜ਼ ਹਕੂਮਤ ਕਿਸੇ ਵੀ ਤਰ੍ਹਾਂ ਸਿਆਸੀ ਕਤਲ ਨਹੀਂ ਦਰਸਾਉਣਾ ਚਾਹੁੰਦੀ ਸੀ। ਇਸ ਲਈ ਢੀਂਗਰਾ ‘ਤੇ ਸਾਜਿਸ਼ ਤਹਿਤ ਦੋਸ਼ ਲਗਾਇਆ ਗਿਆ ਕਿ ਉਸ ਨੇ ਇਹ ਕਾਰਵਾਈ ਭੰਗ ਦੇ ਨਸ਼ੇ ‘ਚ ਕੀਤੀ ਹੈ। ਆਪਣੀ ਪੁਸਤਕ ‘ਚ ਡਾ. ਵਿਸ਼ਵਬੰਧੂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਸ਼ ਬਿਲਕੁੱਲ ਗਲਤ ਸਨ, ਕਿਉਂਕਿ ਭੰਗ ਦਾ ਨਸ਼ਾ ਵਿਅਕਤੀ ਨੂੰ ਡਰਾਕਲ ਬਣਾਉਂਦਾ ਹੈ। ਢੀਂਗਰਾ ਦੇ ਪਰਿਵਾਰ ਨੇ ਅਜਿਹੇ ਸਮੇਂ ‘ਚ ਮਦਨ ਲਾਲ ਦਾ ਸਾਥ ਦੇਣ ਦੀ ਬਜਾਏ ਅੰਗਰੇਜ਼ਾਂ ਪ੍ਰਤੀ ਆਪਣੀ ਵਫ਼ਾਦਾਰੀ ਸਿੱਧ ਕਰਨ ਦਾ ਯਤਨ ਕੀਤਾ। ਸਾਹਿਬ ਦਿੱਤਾ ਮੱਲ ਨੇ ਬਰਤਾਨਵੀ ਹਕੂਮਤ ਨੂੰ ਪੱਤਰ ਲਿਖ ਕੇ ਇਸ ਘਟਨਾ ਦੀ ਆਲੋਚਨਾ ਕੀਤੀ। ਉਨ੍ਹਾਂ ਆਪਣੇ ਪੁੱਤਰ ਨੂੰ ਪਾਗਲ ਕਰਾਰ ਦਿੰਦੇ ਹੋਏ ਉਸ ਨਾਲੋਂ ਰਿਸ਼ਤਾ ਤੋੜ ਲਿਆ।
5 ਜੁਲਾਈ 1909 ਨੂੰ ਲੰਡਨ ‘ਚ ਅੰਗਰੇਜ਼ਾਂ ਦੇ ਪਿੱਠੂ ਭਾਰਤੀਆਂ ਨੇ ਬੈਠਕ ਸੱਦੀ ਤੇ ਕਰਜ਼ਨ ਵਿੱਲੀ ਦੀ ਹੱਤਿਆ ਦੀ ਨਿਖੇਧੀ ਕੀਤੀ। ਮਦਨ ਲਾਲ ਢੀਂਗਰਾ ਦੇ ਛੋਟੇ ਭਰਾ ਭਜਨ ਲਾਲ ਜੋ ਲੰਡਨ ‘ਚ ਵਕਾਲਤ ਕਰ ਰਿਹਾ ਸੀ, ਬੈਠਕ ‘ਚ ਪੁੱਜੇ ਅਤੇ ਆਪਣੇ ਭਰਾ ਦੀ ਮਾਨਸਿਕ ਹਾਲਤ ਨੂੰ ਖ਼ਰਾਬ ਦੱਸਦੇ ਹੋਏ ਘਟਨਾ ਦੀ ਪਰਿਵਾਰ ਵੱਲੋਂ ਨਿੰਦਾ ਕੀਤੀ ਗਈ।
23 ਜੁਲਾਈ 1909 ਨੂੰ ਮਦਨ ਲਾਲ ਢੀਂਗਰਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਡੇਢ ਮਹੀਨੇ ਦੀ ਅਦਾਲਤੀ ਕਾਰਵਾਈ ਦੌਰਾਨ ਢੀਂਗਰਾ ਨੇ ਨਾ ਤਾਂ ਕੋਈ ਵਕੀਲ ਕੀਤਾ ਤੇ ਨਾ ਹੀ ਸਰਕਾਰ ਕੋਲੋਂ ਸਜ਼ਾ ਦੀ ਮੁਆਫ਼ੀ ਮੰਗੀ ਸਗੋਂ ਢੀਂਗਰਾ ਨੇ ਜੋਸ਼ ਨਾਲ ਕਿਹਾ, ‘ਮੈਂ ਇਸ ਅਦਾਲਤ ਦੇ ਫੁਰਮਾਨ ਨੂੰ ਨਹੀਂ ਮੰਨਦਾ’।
ਉਨ੍ਹਾਂ ਭਰੀ ਅਦਾਲਤ ‘ਚ ਜੱਜ ਨੂੰ ਵੰਗਾਰਦੇ ਹੋਏ ਕਿਹਾ ‘ਤੁਸੀਂ ਮੈਨੂੰ ਸਜ਼ਾ-ਏ-ਮੌਤ ਦੇ ਸਕਦੇ ਹੋ, ਮੈਂ ਮੌਤ ਦੀ ਪਰਵਾਹ ਨਹੀਂ ਕਰਦਾ ਪਰ ਇਕ ਦਿਨ ਅਜਿਹਾ ਆਏਗਾ ਜਦੋਂ ਮੇਰਾ ਦੇਸ਼ ਆਜ਼ਾਦ ਹੋਵੇਗਾ। ਅਸੀਂ ਇੰਨੇ ਤਾਕਤਵਰ ਹੋ ਜਾਵਾਂਗੇ ਜੋ ਚਾਹਾਂਗੇ, ਕਰ ਸਕਾਂਗੇ। 17 ਅਗਸਤ 1909 ਨੂੰ ਪੈਂਟਾਵਿਲਾ ਜੇਲ੍ਹ ‘ਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਲਈ। ਢੀਂਗਰਾ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਆਇਰੀਸ਼ ਅਖ਼ਬਾਰਾਂ ਨੇ ਉਨ੍ਹਾਂ ਨੂੰ ਬਹਾਦਰ ਵਿਅਕਤੀ ਕਰਾਰ ਦਿੱਤਾ।