ਇਸਲਾਮਾਬਾਦ – ਪਾਕਿਸਤਾਨ ‘ਚ ਵਿਰੋਧੀ ਗਠਜੋੜ ਵਧਦੀ ਮਹਿੰਗਾਈ ਨੂੰ ਲੈ ਕੇ ਇਮਰਾਨ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਲੱਗ ਗਈ ਹੈ। ਇਸੇ ਕਵਾਇਦ ‘ਚ ਜਮੀਅਤ ਉਲੇਮਾ-ਏ-ਇਸਲਾਮ ਫ਼ਜ਼ਲ (ਜੇਯੂਆਈ-ਐੱਫ) ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੀ ਸੋਮਵਾਰ ਨੂੰ ਹੰਗਾਮੀ ਬੈਠਕ ਬੁਲਾਈ ਹੈ। ਇਸ ‘ਚ ਮਹਿੰਗਾਈ ਖ਼ਿਲਾਫ਼ ਸੂਬਿਆਂ ਦੀਆਂ ਰਾਜਧਾਨੀਆਂ ‘ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਦੀ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ।
ਏਆਰਵਾਈ ਨਿਊਜ਼ ਮੁਤਾਬਕ, ਪੀਡੀਐੱਮ ਦੀ ਵਰਚੂਅਲ ਬੈਠਕ ‘ਚ ਵਧਦੀ ਮਹਿੰਗਾਈ ਦੇ ਖ਼ਿਲਾਫ਼ ਸੂਬਿਆਂ ਦੀਆਂ ਰਾਜਧਾਨੀਆਂ ‘ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਦੀ ਰਣਨੀਤੀ ‘ਤੇ ਵਿਚਾਰ ਕੀਤਾ ਜਾਵੇਗਾ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਤੇ ਵਿਦੇਸ਼ ‘ਚ ਵਸੇ ਪਾਕਿਸਤਾਨੀਆਂ ਨੂੰ ਮਤਦਾਨ ਦਾ ਅਧਿਕਾਰ ਦੇਣ ਦੀ ਮੰਗ ਕਰਨ ਵਾਲੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਬੈਠਕ ਦੀ ਪ੍ਰਧਾਨਗੀ ਮੌਲਾਨਾ ਫਜ਼ਲੁਰ ਰਹਿਮਾਨ ਕਰਨਗੇ। ਵਿਰੋਧੀ ਗਠਜੋੜ ਨੇ ਦੱਸਿਆ ਹੈ ਕਿ ਵਧਦੀ ਮਹਿੰਗਾਈ ‘ਤੇ ਸਰਕਾਰ ਦੇ ਖਿਲਾਫ਼ ਕਰਾਚੀ, ਕੁਏਟਾ, ਲਾਹੌਰ ਤੇ ਪਿਸ਼ਾਵਰ ‘ਚ ਰੈਲੀਆਂ ਹੋਣਗੀਆਂ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ‘ਚ ਮਹਿੰਗਾਈ ਅਸਮਾਨ ਛੂਹ ਰਹੀ ਹੈ।