Breaking NewsLatest NewsPunjab

ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ 65 ਦੀ ਜੰਗ ’ਤੇ ਰਿਹਾ ਕੇਂਦਰਿਤ

ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਲੈਫਟੀਨੈਂਟ ਜਨਰਲ ਟੀ. ਐੱਸ. ਸ਼ੇਰਗਿੱਲ, ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਬ੍ਰਿਗੇਡੀਅਰ ਸਤਿੰਦਰ ਸਿੰਘ ਤੇ ਹੋਰ ਸਖ਼ਸ਼ੀਅਤਾਂ ਅਤੇ ਵਿਦਿਆਰਥੀਆਂ ਸਮੇਤ ਖੜ੍ਹੇ ਵਿਖਾਈ ਦੇ ਰਹੇ ਹਨ।

ਅੰਮ੍ਰਿਤਸਰ – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਇਤਿਹਾਸ, ਜੰਗ ਦੌਰਾਨ ਅੰਮ੍ਰਿਤਸਰ ਅਤੇ ਸਰਹੱਦੀ ਖੇਤਰਾਂ ਦੀ ਰਣਨੀਤਿਕ ਮਹੱਤਤਾ ਅਤੇ ਸਥਾਨਕ ਲੋਕਾਂ ਵੱਲੋਂ ਨਿਭਾਈ ਭੂਮਿਕਾ ’ਤੇ ਬ੍ਰਿਗੇਡੀਅਰ ਸਤਿੰਦਰ ਸਿੰਘ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਫ਼ੈਸਟੀਵਲ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਸੁਰੱਖਿਆ, ਸੈਨਿਕ ਇਤਿਹਾਸ ਅਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੀਆਂ ਕੁਰਬਾਨੀਆਂ ਨਾਲ ਜਾਣੂ ਕਰਵਾਇਆ।

ਇਸ ਮੌਕੇ ਬ੍ਰਿਗੇਡੀਅਰ ਸਤਿੰਦਰ ਸਿੰਘ ਨੇ ਕਿਹਾ ਕਿ ਸਾਡੀ ਅਸਲ ਤਾਕਤ ਸਿਰਫ਼ ਹਥਿਆਰਾਂ ’ਚ ਨਹੀਂ, ਸਗੋਂ ਸੈਨਿਕਾਂ ਦੇ ਹੌਸਲੇ, ਲੋਕਾਂ ਦੀ ਏਕਤਾ ਅਤੇ ਦੇਸ਼ ਪ੍ਰਤੀ ਅਟੁੱਟ ਵਿਸ਼ਵਾਸ ’ਚ ਹੈ। ਉਨ੍ਹਾਂ ਕਿਹਾ ਕਿ 1965 ਦੀ ਜੰਗ ਦੀਆਂ ਯਾਦਾਂ ਸਾਨੂੰ ਇਹ ਸੰਦੇਸ਼ ਦਿੰਦੀਆਂ ਹਨ ਕਿ ਜਦੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਗੱਲ ਆਵੇ ਤਾਂ ਪੰਜਾਬ ਦੀ ਧਰਤੀ ਹਮੇਸ਼ਾ ਮੋਹਰੀ ਰਹੀ ਹੈ ਅਤੇ ਰਹੇਗੀ। ਉਨ੍ਹਾਂ 1965 ਦੀ ਜੰਗ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਦੌਰਾਨ ਪੰਜਾਬ ਦਾ ਸਰਹੱਦੀ ਖੇਤਰ ਜੰਗ ਦਾ ਇੱਕ ਮਹੱਤਵਪੂਰਨ ਮੋਰਚਾ ਬਣ ਗਿਆ ਸੀ। ਉਨ੍ਹਾਂ ਕਿਹਾ ਕਿ 6 ਸਤੰਬਰ 1965 ਨੂੰ ਭਾਰਤੀ ਫੌਜ ਨੇ ਪੰਜਾਬ ਦੇ ਰਸਤੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਲਾਹੌਰ ਸੈਕਟਰ ’ਚ ਕਾਰਵਾਈ ਕੀਤੀ। ਇਸ ਦਾ ਇੱਕ ਅਹਿਮ ਰਣਨੀਤਿਕ ਮਕਸਦ ਪਾਕਿਸਤਾਨੀ ਫੌਜ ਨੂੰ ਪੰਜਾਬ ਮੋਰਚੇ ’ਤੇ ਰੁਝਾਉਣਾ ਅਤੇ ਜੰਮੂ-ਕਸ਼ਮੀਰ ’ਚ ਉਸ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨਾ ਸੀ। ਉਨ੍ਹਾਂ ਅੰਮ੍ਰਿਤਸਰ ਦੀ ਭੂਗੋਲਿਕ ਅਤੇ ਰਣਨੀਤਿਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹੋਣ ਕਾਰਨ 1965 ਦੀ ਜੰਗ ਦੌਰਾਨ ਇੱਕ ਸੰਵੇਦਨਸ਼ੀਲ ਖੇਤਰ ਸੀ। ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਸਰਹੱਦੀ ਪਿੰਡਾਂ ਅਤੇ ਇਲਾਕਿਆਂ ’ਚ ਜੰਗ ਦਾ ਸਿੱਧਾ ਪ੍ਰਭਾਵ ਮਹਿਸੂਸ ਕੀਤਾ ਗਿਆ। ਸਰਹੱਦ ਦੇ ਨੇੜੇ ਹੋਣ ਕਾਰਨ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਪਰਿਵਾਰਾਂ ਨੂੰ ਅਸਥਾਈ ਤੌਰ ’ਤੇ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ।

ਇਸ ਮੌਕੇ ਲੈਫਟੀਨੈਂਟ ਜਨਰਲ ਟੀ. ਐੱਸ. ਸ਼ੇਰਗਿੱਲ ਨੇ ਖੇਮਕਰਨ ਅਤੇ ਅਸਲ ਉੱਤਰ ਦੀ ਲੜਾਈ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕਰਦਿਆਂ ਕਿਹਾ ਕਿ 8 ਤੋਂ 10 ਸਤੰਬਰ ਦਰਮਿਆਨ ਹੋਈ ਅਸਲ ਉੱਤਰ ਦੀ ਲੜਾਈ ਨੇ ਪੰਜਾਬ ਦੇ ਮੋਰਚੇ ’ਤੇ ਭਾਰਤੀ ਫੌਜ ਦੀ ਰਣਨੀਤਿਕ ਸਮਰੱਥਾ ਅਤੇ ਬਹਾਦਰੀ ਦਾ ਇਤਿਹਾਸਕ ਉਦਾਹਰਨ ਪੇਸ਼ ਕੀਤਾ। ਇਸ ਲੜਾਈ ’ਚ ਪਾਕਿਸਤਾਨੀ ਫੌਜ ਦੇ ਵੱਡੀ ਗਿਣਤੀ ’ਚ ਪੈਟਨ ਟੈਂਕ ਤਬਾਹ ਹੋਏ ਅਤੇ ਭਾਰਤੀ ਰੱਖਿਆ ਨੇ ਉਸ ਦੇ ਅੱਗੇ ਵੱਧਣ ਨੂੰ ਰੋਕ ਦਿੱਤਾ। ਇਸੇ ਜੰਗ ਦੌਰਾਨ ਕੰਪਨੀ ਕੁਆਰਟਰ ਮਾਸਟਰ ਹਵਾਲਦਾਰ ਅਬਦੁਲ ਹਮੀਦ ਨੇ ਅਸਾਧਾਰਣ ਬਹਾਦਰੀ ਦਿਖਾਉਂਦਿਆਂ ਪਰਮਵੀਰ ਚੱਕਰ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਉਕਤ ਜੰਗ ਸਿਰਫ਼ ਫੌਜੀ ਟਕਰਾਅ ਦੀ ਕਹਾਣੀ ਨਹੀਂ, ਸਗੋਂ ਪੰਜਾਬ ਦੇ ਲੋਕਾਂ, ਕਿਸਾਨਾਂ ਅਤੇ ਸਰਹੱਦੀ ਪਿੰਡਾਂ ਦੇ ਹੌਸਲੇ ਦੀ ਵੀ ਗਾਥਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਸੁਰੱਖਿਆ ਬਲਾਂ ਨਾਲ ਸਹਿਯੋਗ ਕੀਤਾ ਅਤੇ ਦੇਸ਼ ਦੀ ਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ।

ਇਸ ਲੈਫਟੀਨੈਂਟ ਜਨਰਲ ਜੇ. ਐੱਸ. ਚੀਮਾ ਪੀ. ਵੀ. ਐੱਸ. ਐੱਮ. ਏ. ਵੀ. ਐੱਸ. ਐੱਮ. ਵੀ. ਐੱਸ. ਐੱਮ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ‘ਚ 65 ਯੁੱਧ ਤੋਂ ਪਹਿਲਾਂ ਦੀਆਂ ਲੜਾਈਆਂ ਦੇ ਸਮੁੱਚੇ ਦ੍ਰਿਸ਼ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 1965 ਦੀ ਜੰਗ ਸਿਰਫ਼ ਇਤਿਹਾਸ ਦਾ ਇੱਕ ਅਧਿਆਇ ਨਹੀਂ, ਸਗੋਂ ਪੰਜਾਬ ਦੀ ਧਰਤੀ, ਇਸ ਦੇ ਬਹਾਦਰ ਲੋਕਾਂ ਅਤੇ ਭਾਰਤੀ ਸੈਨਿਕਾਂ ਦੇ ਅਦਮਯ ਹੌਸਲੇ ਦੀ ਜਿਉਂਦੀ-ਜਾਗਦੀ ਗਾਥਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਸਰਹੱਦ ਨਾਲ ਲੱਗਦੇ ਪਿੰਡਾਂ ਨੇ ਉਸ ਸਮੇਂ ਜਿਸ ਹਿੰਮਤ, ਸੰਜਮ ਅਤੇ ਦੇਸ਼ਭਗਤੀ ਦਾ ਪ੍ਰਦਰਸ਼ਨ ਕੀਤਾ, ਉਹ ਅੱਜ ਦੀ ਪੀੜ੍ਹੀ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਖੜ੍ਹਾ ਸੈਨਿਕ ਜਿੱਥੇ ਦੇਸ਼ ਦੀ ਰੱਖਿਆ ਕਰਦਾ ਹੈ, ਉੱਥੇ ਸਰਹੱਦੀ ਖੇਤਰਾਂ ਦਾ ਹਰੇਕ ਨਾਗਰਿਕ ਵੀ ਆਪਣੀ ਜ਼ਿੰਮੇਵਾਰੀ ਨਿਭਾ ਕੇ ਰਾਸ਼ਟਰੀ ਸੁਰੱਖਿਆ ’ਚ ਯੋਗਦਾਨ ਪਾਉਂਦਾ ਹੈ।

ਇਸ ਦੌਰਾਨ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਉਕਤ ਫੈਸਟੀਵਲ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਸੈਨਿਕ ਇਤਿਹਾਸ, ਸੈਨਿਕਾਂ ਦੀ ਬਹਾਦਰੀ ਅਤੇ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ 1965 ਦੀ ਜੰਗ ਨਾਲ ਸਬੰਧਿਤ ਵਿਚਾਰ-ਵਟਾਂਦਰੇ ’ਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸੈਨਿਕ ਇਤਿਹਾਸ ਨੂੰ ਸਮਝਣ ਵਿੱਚ ਗਹਿਰੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਉਕਤ ਫੈਸਟੀਵਲ ਰਾਹੀਂ ਨੌਜਵਾਨਾਂ ਨੂੰ ਸਿਰਫ਼ ਜੰਗਾਂ ਦੀਆਂ ਕਹਾਣੀਆਂ ਨਹੀਂ, ਬਲਕਿ ਕੁਰਬਾਨੀ, ਜ਼ਿੰਮੇਵਾਰੀ, ਹਿੰਮਤ ਅਤੇ ਰਾਸ਼ਟਰੀ ਏਕਤਾ ਦਾ ਅਰਥ ਸਮਝਾਉਣਾ ਹੀ ਇਸ ਸਮਾਗਮ ਦਾ ਮਕਸਦ ਸੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਰਾਹੀਂ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸੂਰਬੀਰਾਂ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।

Related posts

ਭਾਜਪਾ ਨੇ ਇਕਬਾਲ ਸਿੰਘ ਲਾਲਪੁਰਾ, ਵਿਜੇ ਸਾਂਪਲਾ, ਫਤਿਹਜੰਗ ਬਾਜਵਾ ਨੂੰ ਚੋਣ ਮੈਦਾਨ ‘ਚ ਉਤਾਰਿਆ

admin

ਚਿੱਟੀਸਿੰਘਪੁਰਾ ’ਚ ਸ਼ਹੀਦ ਹੋਏ 35 ਸਿੱਖਾਂ ਦੇ ਪ੍ਰੀਵਾਰ ਅੱਜ ਵੀ ਇਨਸਾਫ਼ ਦੀ ਉਡੀਕ ਵਿੱਚ . . . !

admin

ਕਾਂਗਰਸ ਚੰਡੀਗੜ੍ਹ ‘ਤੇ ਪੰਜਾਬ ਦੇ ਅਧਿਕਾਰ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ – ਰੰਧਾਵਾ

admin