ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵਿਸ਼ਵ ਪੱਧਰ ’ਤੇ ਬਦਲਦੀ ਭੂਗੌਲਿਕ ਸਥਿਤੀ ਦੇ ਮੱਦੇਨਜ਼ਰ ਭਾਰਤ ਦੀਆਂ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਵੱਧ ਰਹੀਆਂ ਹਨ ਤੇ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ’ਚ ਸਾਨੂੰ ਦੇਸ਼ ਦੀ ਰੱਖਿਆ ਇੰਡਸਟਰੀ ਨੂੰ ਮਜ਼ਬੂਤ, ਸਮਰੱਥ ਤੇ ਪੂਰਨ ਰੂਪ ਨਾਲ ਆਤਮ ਨਿਰਭਰ ਬਣਾਉਣਾ ਪਵੇਗਾ। ਉਨ੍ਹਾਂ ਦਾ ਇਹ ਬਿਆਨ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੇ ਹੋਰ ਦੇਸ਼ਾਂ ’ਚ ਵਧਦੀ ਚਿੰਤਾ ’ਚ ਆਇਆ ਹੈ।
ਰੱਖਿਆ ਮੰਤਰੀ ਨੇ ਵੀਰਵਾਰ ਨੂੰ ਇਨੋਵੇਸ਼ਨ ਫਾਰ ਡਿਫੈਂਸ ਐਕਸੀਲੈਂਸ (ਆਈਡੀਈਐਕਸ) ਦੀ ਪਹਿਲ ‘ਡਿਫੈਂਸ ਇੰਡੀਆ ਸਟਾਰਟਅੱਪ ਚੈਲੰਜ 5.0’ ਲਾਂਚ ਕੀਤੀ। ਇਹ ਰੱਖਿਆ ਖੇਤਰ ’ਚ ਤਕਨੀਕੀ ਵਿਕਾਸ ਦਾ ਮੰਚ ਹੈ। ਇਸਦੇ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ’ਚ ਸੁਰੱਖਿਆ ਦਾ ਦ੍ਰਿਸ਼ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ, ਇਸ ਲਈ ਸਾਡੀ ਰਾਸ਼ਟਰੀ ਸੁਰੱਖਿਆ ਲਈ ਚੁਣੌਤੀਆਂ ਵਧਦੀਆਂ ਤੇ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ। ਵਿਸ਼ਵ ਭੂ-ਸਿਆਸੀ ਹਾਲਾਤ ’ਚ ਨਿਰੰਤਰ ਬਦਲਾਅ ਹੋ ਰਹੇ ਹਨ।
ਸਿੰਘ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਮੌਜੂਦਾ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ ਭਾਰਤ ਨੂੰ ਆਰਮਡ ਦਸਤਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਜ਼ਬੂਤ, ਸਮਰੱਥ ਤੇ ਆਤਮ ਨਿਰਭਰ ਰੱਖਿਆ ਇੰਡਸਟਰੀ ’ਤੇ ਧਿਆਨ ਦੇਣਾ ਚਾਹੀਦਾ। ਇਹ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ਼ ਮਜ਼ਬੂਤ, ਆਧੁਨਿਕ ਤੇ ਚੰਗੀ ਤਰ੍ਹਾਂ ਫੋਰਸ ਤਿਆਰ ਕਰੀਏ, ਬਲਕਿ ਆਪਣੀ ਰੱਖਿਆ ਸਨਅਤ ਦਾ ਵੀ ਵਿਕਾਸ ਕਰੀਏ, ਜਿਹੜੇ ਬਰਾਬਰ ਤੌਰ ’ਤੇ ਮਜ਼ਬੂਤ, ਸਮਰੱਥ ਤੇ ਸਭ ਤੋਂ ਅਹਿਮ, ਪੂਰੀ ਤਰ੍ਹਾਂ ਆਤਮ ਨਿਰਭਰ ਹੋਵੇ। ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਨਿੱਜੀ ਖੇਤਰ ਤੋਂ ਅੱਗੇ ਆਉਣ ਤੇ ਰੱਖਿਆ ਖੇਤਰ ਨੂੰ ਮਜ਼ਬੂਤ ਤੇ ਆਤਮ ਨਿਰਭਰ ਬਣਾਉਣ ’ਚ ਯੋਗਦਾਨ ਦੇਣ ਦਾ ਸੱਦਾ ਕਰਦਾ ਹਾਂ।