ਨਵੀਂ ਦਿੱਲੀ – ਦਿੱਲੀ ’ਚ ਪੰਜਾਬੀ ਬਾਗ਼ ਤੋਂ ਚੋਣ ਹਾਰਨ ਦੇ ਬਾਵਜੂਦ ਪਿਛਲੇ ਦਰਵਾਜ਼ੇ ਤੋਂ ਡੀਐੱਸਜੀਐੱਮਸੀ ਦਾ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਮਨਜਿੰਦਰ ਸਿੰਘ ਸਿਰਸਾ ਦੀ ਰਾਹ ਆਸਾਨ ਨਹੀਂ ਹੈ। ਵਿਰੋਧੀਆਂ ਨੇ ਉਨ੍ਹਾਂ ਖ਼ਿਲਾਫ਼ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਹੀ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ ਤੇ ਐੱਸਜੀਪੀਸੀ ਨੇ ਡੀਐੱਸਜੀਐੱਮਸੀ ਦਾ ਨਾਮਜ਼ਦ ਮੈਂਬਰ ਐਲਾਨ ਕੀਤਾ ਹੈ, ਪਰ ਇਹ ਇੰਨਾ ਆਸਾਨ ਨਹੀਂ ਲੱਗ ਰਿਹਾ ਹੈ। ਕਿਉਂਕਿ ਐੱਸਜੀਪੀਸੀ ਦੇ ਇਸ ਕਦਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਵਿਰੋਧ ਨੂੰ ਦੇਖਦੇ ਹੋਏ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਸਿਰਸਾ ਨੂੰ ਨਾਮਜ਼ਦ ਮੈਂਬਰ ਦਾ ਸਰਟੀਫਿਕੇਟ ਵੀ ਜਾਰੀ ਨਹੀਂ ਕੀਤਾ। ਇਸ ਮਾਮਲੇ ਨੂੰ ਅਦਾਲਤ ’ਚ ਲਿਜਾਣ ਦੀ ਵੀ ਤਿਆਰੀ ਹੈ। ਮੌਜੂਦਾ ਹਾਲਾਤ ’ਚ ਸਥਿਤੀ ਅਜਿਹੀ ਹੋ ਗਈ ਹੈ ਕਿ ਪਿਛਲੇ ਦਰਵਾਜ਼ੇ ’ਤੇ ਲੱਗੇ ਤਾਲੇ ਦੀ ਚਾਬੀ ਸਿਰਸਾ ਨੂੰ ਲੱਭਣੀ ਪਵੇਗੀ। ਡੀਐੱਸਜੀਐੱਮਸੀ ਚੋਣਾਂ ’ਚ ਅਕਾਲੀ ਦਲ ਬਾਦਲ ਨੇ 46 ’ਚੋਂ 27 ਸੀਟਾਂ ਹਾਸਲ ਕੀਤੀਆਂ ਹਨ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਟਿਕਟ ’ਤੇ ਚੋਣ ਜਿੱਤਣ ਵਾਲੇ ਸੁਖਬੀਰ ਸਿੰਘ ਕਾਲਡ਼ਾ ਨੂੰ ਆਪਣੇ ਖੇਮੇ ’ਚ ਸ਼ਾਮਲ ਕਰ ਲਿਆ। ਇਸੇ ਤਰ੍ਹਾਂ ਨਾਲ ਇਸ ਦੇ ਮੈਂਬਰਾਂ ਦੀ ਗਿਣਤੀ 28 ਹੋ ਗਈ। ਪਾਰਟੀ ਦਾ ਦਾਅਵਾ ਸੀ ਕਿ ਆਉਣ ਵਾਲੇ ਦਿਨਾਂ ’ਚ ਸਰਨਾ ਗੁਟ ਦੇ ਕਈ ਹੋਰ ਚੁਣੇ ਹੋਏ ਮੈਂਬਰ ਉਸਦੇ ਨਾਲ ਖਡ਼੍ਹੇ ਹੋਣਗੇ। ਪਰਦੇ ਦੇ ਪਿੱਛੇ ਵਿਰੋਧੀ ਪਾਰਟੀ ਦੇ ਮੈਂਬਰਾਂ ਨੂੰ ਨਾਲ ਜੋਡ਼ ਕੇ ਨਾਮਜ਼ਦ ਮੈਂਬਰਾਂ ਲਈ ਚੋਣ ’ਚ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਮਾਤ ਦੇਣ ਦੀ ਤਿਆਰੀ ਸੀ। ਉੱਥੇ, ਵਿਰੋਧੀ ਦਲਾਂ ਨੇ ਹੁਣ ਸਿਰਸਾ ਦੀ ਰਾਹ ਰੋਕਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਗ ਆਸਰਾ ਗੁਰੂ ਓਟ (ਜਾਗੋ) ਦੀ ਸ਼ਿਕਾਇਤ ’ਤੇ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਦੋ ਨੂੰ ਲਾਟਰੀ ਰਾਹੀਂ ਕਮੇਟੀ ਮੈਂਬਰ ਬਣਾਉਣ ਦੀ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰੀਤ ਵਿਹਾਰ ਤੋਂ ਚੋਣ ਜਿੱਤਣ ਵਾਲੇ ਭੁਪਿੰਦਰ ਸਿੰਘ ਭੁੱਲਰ ਦੀ ਚੋਣ ਨੂੰ ਵੀ ਅਦਾਲਤ ’ਚ ਚੁਣੌਤੀ ਦਿੱਤੀ ਗਈ ਹੈ। ਨਾਲ ਹੀ ਜਾਗੋ ਦੇ ਮੈਂਬਰ ਸਤਨਾਮ ਸਿੰਘ ਖੀਵਾ ਨੇ ਸਿਰਸਾ ਨੂੰ ਐੱਸਜੀਪੀਸੀ ਵੱਲੋਂ ਡੀਐੱਸਜੀਐੱਮਸੀ ’ਚ ਨਾਮਜ਼ਦ ਮੈਂਬਰ ਬਣਾਉਣ ਖ਼ਿਲਾਫ਼ ਗੁਰਦੁਆਰਾ ਡਾਇਰੈਕਟੋਰੇਟ ’ਚ ਲਿਖਤੀ ਇਤਰਾਜ਼ ਦਰਜ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਸਾ ਨਾ ਤਾਂ ਐੱਸਜੀਪੀਸੀ ਦੇ ਮੈਂਬਰ ਹਨ ਤੇ ਨਾ ਉਸ ਦੇ ਵੋਟਰ, ਇਸ ਲਈ ਉਨ੍ਹਾਂ ਨੂੰ ਇਸ ਦਾ ਨਾਮਜ਼ਦ ਮੈਂਬਰ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਦੇ ਅੰਮ੍ਰਿਤਧਾਰੀ ਸਿੱਖ ਹੋਣ ’ਤੇ ਵੀ ਸਵਾਲ ਉਠਾਇਆ ਗਿਆ ਹੈ। ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਲੋਡ਼ ਪੈਣ ’ਤੇ ਅਦਾਲਤ ਦਾ ਸਹਾਰਾ ਲਿਆ ਜਾਵੇਗਾ। ਸਰਨਾ ਨੇ ਐਲਾਨ ਕੀਤਾ ਹੈ ਕਿ ਸਿਰਸਾ ਨੂੰ ਡੀਐੱਸਜੀਐੱਮਸੀ ਦਾ ਪ੍ਰਧਾਨ ਨਹੀਂ ਬਣਨ ਦੇਣਗੇ। ਇਸੇ ਤਹਿਤ ਉਨ੍ਹਾਂ ਦੀ ਡੀਐੱਸਜੀਐੱਮਸੀ ’ਚ ਪਹੁੰਚਣ ਦੀ ਰਾਹ ਮੁਸ਼ਕਲ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ ਮੈਂਬਰਾਂ ਨੂੰ ਆਪਣੇ ਨਾਲ ਜੋਡ਼ਨ ਦੀ ਕੋਸ਼ਿਸ਼ ਹੋ ਰਹੀ ਹੈ।