ਮੈਲਬੌਰਨ – ਮੈਲਬੌਰਨ ਦੇ ਵਿੱਚ ਕੋਵਿਡ-19 ਦੇ ਤਾਜ਼ਾ ਮਿਲ ਰਹੇ ਹੋਰ ਕੇਸਾਂ ਦੇ ਨਾਲ ਸੂਬੇ ਦੇ ਹਾਲਾਤ ਚਿੰਤਾਜਨਕ ਹੋ ਗਏ ਹਨ ਅਤੇ ਮੈਲਬੌਰਨ ‘ਚ ਤੀਜੇ ਲੌਕਡਾਉਨ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ।
ਅੱਜ ਮੈਲਬੌਰਨ ਦੇ ਵਿੱਚ ਕੋਵਿਡ-19 ਦੇ 6 ਨਵੇਂ ਕੇਸ ਮਿਲਣ ਨਾਲ ਵਿਕਟੋਰੀਆ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧਕੇ 23 ਹੋ ਗਈ ਹੈ ਅਤੇ ਇਹਨਾਂ ਵਿਚੋਂ 15 ਵਾਇਰਸ ਦੇ ਮੌਜੂਦਾ ਮਿਲੇ ਪ੍ਰਕੋਪ ਨਾਲ ਸਬੰਧਤ ਹਨ।
‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਐਕਟਿੰਗ ਪ੍ਰੀਮਅਰ ਜੇਮਜ਼ ਮੇਰਲੀਨੋ ਨੇ ਕਿਹਾ ਹੈ ਕਿ, “ਹੁਣ ਤੱਕ ਵਾਇਰਸ ਪੀੜਤ ਵਿਅਕਤੀ ਦੇ ਨੇੜਲੇ ਸੰਪਰਕ ਵਾਲੇ 301 ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਹਨਾਂ ਦੇ ਵਿੱਚੋਂ 80 ਲੋਕਾਂ ਦੇ ਟੈਸਟ ਨੈਗਟਿਵ ਆਏ ਹਨ ਜਦਕਿ ਬਾਕੀ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਗਲੇ 24 ਘੰਟੇ ਬਹੁਤ ਹੀ ਨਾਜ਼ੁਕ ਹਨ।”
ਕੇਸ 5 ਵਜੋਂ ਜਾਣੇ ਜਾਂਦੇ ਵਿਅਕਤੀ ਦੇ ਵਿੱਚ ਕੋਵਿਡ-19 ਦੇ ਲੱਛਣ 17 ਮਈ ਨੂੰ ਵਿਕਸਤ ਹੋਏ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਟੈਸਟ ਕਰਾਉਣ ਤੋਂ 10 ਦਿਨ ਪਹਿਲਾਂ ਹੀ ਵਾਇਰਸ ਤੋਂ ਪਾਜ਼ੀਟਿਵ ਸੀ।
ਸਿਹਤ ਅਧਿਕਾਰੀਆਂ ਦੇ ਵਲੋਂ ਕੋਵਿਡ-19 ਤੋਂ ਪਾਜ਼ੀਟਿਵ ਵਿਅਕਤੀ ਵਲੋਂ ਘੁੰਮੀਆਂ ਗਈ ਥਾਵਾਂ ਦੀ ਤਾਜ਼ਾ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਮੈਲਬੌਨ ਕ੍ਰਿਕਟ ਗਰਉਂਡ ਵੀ ਸ਼ਾਮਿਲ ਹੈ। 23 ਮਈ ਨੂੰ ਕੌਲਿੰਗਵੁੱਡ-ਪੋਰਟ ਐਡੀਲੇਡ ਵਿਚਕਾਰ ਖੇਡੇ ਗਏ ਮੈਚ ਦੇ ਦੌਰਾਨ ਇਹ ਪਾਜ਼ੀਟਿਵ ਵਿਅਕਤੀ ਉਥੇ ਹਾਜ਼ਰ ਸੀ ਅਤੇ ਇਸ ਮੈਚ ਨੂੰ ਦੇਖਣ ਦੇ ਲਈ 23 ਹਜ਼ਾਰ ਦਰਸ਼ਕ ਉਥੇ ਮੌਜੂਦ ਸਨ।
ਸਿਹਤ ਅਧਿਕਾਰੀਆਂ ਦੇ ਵਲੋਂ ਕੋਵਿਡ-19 ਦੇ ਤਾਜ਼ਾ ਮਿਲੇ ਕੇਸਾਂ ਵਾਲੀਆਂ 48 ਥਾਵਾਂ ਨੂੰ ਟੀਅਰ-1 ਅਤੇ ਟੀਅਰ-2 ਦੇ ਵਿੱਚ ਨਿਰਧਾਰਤ ਕੀਤਾ ਗਿਆ ਹੈ। ਟੀਅਰ-1 ਵਾਲੀਆਂ ਥਾਵਾਂ ‘ਤੇ ਗਏ ਵਿਅਕਤੀਆਂ ਨੂੰ ਤੁਰੰਤ 14 ਦਿਨਾਂ ਦੇ ਲਈ ਕੁਆਰੰਟੀਨ ਕਰਾਉਣ ਅਤੇ ਟੀਅਰ-2 1 ਵਾਲੀਆਂ ਥਾਵਾਂ ‘ਤੇ ਗਏ ਵਿਅਕਤੀਆਂ ਨੂੰ ਤੁਰੰਤ ਟੈਸਟ ਕਰਾਉਣ ਦੇ ਲਈ ਕਿਹਾ ਗਿਆ ਹੈ।