ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਾਜਬ ਭਾਅ ਯਕੀਨੀ ਬਣਾਉਣ ਲਈ ਬਰਾਮਦਗੀ ‘ਚ ਵਾਧਾ ਕਰ ਰਹੀ ਹੈ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਪਿਆਜ਼ ਅਤੇ ਬਾਸਮਤੀ ਚੌਲਾਂ ਦੇ ਘੱਟੋ-ਘੱਟ ਨਿਰਯਾਤ ਮੁੱਲ (MEP) ਨੂੰ ਹਟਾਉਣ ਸਮੇਤ ਤਿੰਨ ਮਹੱਤਵਪੂਰਨ ਫੈਸਲੇ ਲਏ ਹਨ। ਉਨ੍ਹਾਂ ਨੇ ‘ਐਕਸ’ ‘ਤੇ ਕਿਹਾ ਕਿ ਮੋਦੀ ਸਰਕਾਰ ਨੇ ਪਿਆਜ਼ ‘ਤੇ ਘੱਟੋ ਘੱਟ ਬਰਾਮਦ ਮੁੱਲ ਨੂੰ ਹਟਾਉਣ ਅਤੇ ਬਰਾਮਦ ਡਿਊਟੀ ਨੂੰ 40 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਕਰਨ ਦਾ ਫੈਸਲਾ ਕੀਤਾ ਹੈ।ਇਸ ਤੋਂ ਪਿਆਜ਼ ਦੀ ਬਰਾਦਮਗੀ ਵਧੇਗੀ, ਜਿਸ ਨਾਲ ਪਿਆਜ਼ ਉਤਪਾਦਕ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਾਸਮਤੀ ਚੌਲਾਂ ‘ਤੇ MEP ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨਾਲ ਬਾਸਮਤੀ ਚੌਲ ਦੇ ਉਤਪਾਦਕ ਕਿਸਾਨ ਇਨ੍ਹਾਂ ਦੀ ਬਰਾਮਦਗੀ ਕਰ ਕੇ ਵੱਧ ਮੁਨਾਫ਼ਾ ਲੈ ਸਕਣਗੇ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੱਚੇ ਪਾਮ, ਸੋਇਆ ਅਤੇ ਸੂਰਜਮੁਖੀ ਦੇ ਤੇਲਾਂ ਦੀ ਦਰਾਮਦ ‘ਤੇ ਡਿਊਟੀ 12.5 ਫ਼ੀਸਦੀ ਤੋਂ 32.5 ਫ਼ੀਸਦੀ ਵਧਾਉਣ ਅਤੇ ਇਨ੍ਹਾਂ ਦੇ ਰਿਫਾਇੰਡ ਤੇਲ ‘ਤੇ ਡਿਊਟੀ 13.75 ਫ਼ੀਸਦੀ ਤੋਂ 35.75 ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨਾਲ ਭਾਰਤ ਦੇ ਸੋਇਆਬੀਨ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਵਧੀਆ ਭਾਅ ਮਿਲਣਗੇ ਅਤੇ ਉਨ੍ਹਾਂ ਦੀ ਆਮਦਨ ਵਧੇਗੀ।