ਜਲੰਧਰ – ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਗਬੀਰ ਸਿੰਘ ਬਰਾੜ ਨੂੰ ਪਾਰਟੀ ‘ਚ ਸ਼ਾਮਲ ਕਰਨ ਅਤੇ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨੇ ਜਾਣ ਦੇ ਫੈਸਲੇ ਨੂੰ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਦੇ ਹਮਾਇਤੀਆਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਕੈਂਟ ਹਲਕੇ ਤੋਂ ਮੱਕੜ ਦੇ ਹਮਾਇਤੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਇਕੱਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਵਿਖੇ ਹੋਇਆ। ਇਕੱਠ ‘ਚ ਸ਼ਾਮਲ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਕਾਹਲੀ ‘ਚ ਲਿਆ ਗਿਆ ਇਹ ਫ਼ੈਸਲਾ ਬਿਲਕੁਲ ਗ਼ਲਤ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੁਰਿੰਦਰ ਸਿੰਘ ਮਿਨਹਾਸ, ਸੌਦਾਗਰ ਸਿੰਘ ਅੌਜਲਾ, ਸੁਖਦੇਵ ਸਿੰਘ ਫਤਿਹਪੁਰ, ਸੁਰਜੀਤ ਸਿੰਘ ਚੀਮਾ, ਅਜਮੇਰ ਸਿੰਘ ਸਮਰਾਵਾਂ, ਪਹਿਲਵਾਲ ਸੁਖਬੀਰ ਸਿੰਘ ਜਮਸ਼ੇਰ, ਬਲਬੀਰ ਸਿੰਘ ਦੀਵਾਲੀ, ਰਣਧੀਰ ਬਾਹਹੀਆ, ਕਰਮਵੀਰ ਸਿੰਘ ਕੁੱਕੜ ਪਿੰਡ, ਸੁਰਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਬਜੀਤ ਸਿੰਘ ਮੱਕੜ ਪਿਛਲੇ ਸਾਢੇ 4 ਸਾਲ ਤੋਂ ਇਲਾਕੇ ਦੇ ਲੋਕਾਂ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਆ ਰਹੇ ਹਨ। ਕਰੀਬ 35 ਸਾਲਾਂ ਤੋਂ ਉਹ ਸ਼ੋ੍ਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਹਲਕੇ ਤੋਂ ਸਰਬਜੀਤ ਸਿੰਘ ਮੱਕੜ ਦੀ ਥਾਂ ‘ਤੇ ਜਗਬੀਰ ਸਿੰਘ ਬਰਾੜ ਨੂੰ ਟਿਕਟ ਦੇਣ ‘ਤੇ ਇਲਾਕੇ ਦੇ ਲੋਕ ਨਰਾਜ਼ ਹੋ ਗਏ ਹਨ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ਦੇ ਮੁੜ ਵਿਚਾਰ ਕਰਦੇ ਹੋਏ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਨੂੰ ਹੀ ਇਸ ਹਲਕੇ ਤੋਂ ਹੀ ਉਮੀਦਵਾਰ ਐਲਾਨਣ।
ਉਧਰ, ਜਲੰਧਰ ਸੈਂਟਰਲ ਹਲਕੇ ਤੋਂ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਆਗੂ ਚੰਦਨ ਗਰੇਵਾਲ ਨੂੰ ਹਲਕਾ ਇੰਚਾਰਜ ਲਾਏ ਜਾਣ ਤੋਂ ਨਾਰਾਜ਼ ਚੱਲ ਰਹੇ ਅਕਾਲੀ ਦਲ ਦੇ ਪੀਏਸੀ ਮੈਂਬਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਪੁੱਜੇ। ਪ੍ਰਧਾਨ ਨੇ ਕਮਲਜੀਤ ਭਾਟੀਆ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਰੁਤਬਾ ਪਾਰਟੀ ‘ਚ ਹੋਰ ਉੱਚਾ ਕਰ ਦਿੱਤਾ ਜਾਵੇਗਾ ਅਤੇ ਉਹ ਪਾਰਟੀ ਦਾ ਫੈਸਲਾ ਮੰਨ ਕੇ ਡੱਟ ਕੇ ਕੰਮ ਕਰਨ। ਸੁਖਬੀਰ ਬਾਦਲ ਨੇ ਭਾਟੀਆ ਨੂੰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਅਕਾਲੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਪੰਜਾਬ ਪੱਧਰ ਦੀ ਚੇਅਰਮੈਨੀ ਦੇ ਕੇ ਨਿਵਾਜਿਆ ਜਾਵੇਗਾ। ਇਸ ਸਬੰਧੀ ਸੰਪਰਕ ਕਰਨ ‘ਤੇ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਵੱਲੋਂ ਪਾਰਟੀ ‘ਚ ਦਿੱਤੇ ਗਏ ਉੱਚ ਅਹੁਦੇ ਅਤੇ ਭਰੋਸੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।