ਨਵੀਂ ਦਿੱਲੀ – ਯੂਕਰੇਨ ਦੇ ਖਾਰਕੀਵ ਸ਼ਹਿਰ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਮੈਡੀਕਲ ਖੋਜ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਨਵੀਨ ਦੇ ਪਿਤਾ ਸ਼ੰਕਰੱਪਾ ਨੇ ਦੱਸਿਆ ਕਿ ਮੇਰਾ ਬੇਟਾ ਮੈਡੀਕਲ ਦੇ ਖੇਤਰ ‘ਚ ਕੁਝ ਹਾਸਲ ਕਰਨਾ ਚਾਹੁੰਦਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਨਵੀਨ ਦੀ ਦੇਹ ਨੂੰ ਘੱਟੋ-ਘੱਟ ਹੋਰ ਮੈਡੀਕਲ ਵਿਦਿਆਰਥੀ ਪੜ੍ਹਾਈ ਲਈ ਵਰਤ ਸਕਦੇ ਹਨ ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਮੈਡੀਕਲ ਖੋਜ ਲਈ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸਪੱਸ਼ਟ ਕੀਤਾ ਸੀ ਕਿ ਰੂਸ-ਯੂਕਰੇਨ ਗੋਲੀਬਾਰੀ ਦੌਰਾਨ ਮਾਰੇ ਗਏ ਨਵੀਨ ਦੀ ਲਾਸ਼ ਸੋਮਵਾਰ ਸਵੇਰੇ 3 ਵਜੇ ਜੰਗ ਦੇ ਮੈਦਾਨ ਤੋਂ ਬੈਂਗਲੁਰੂ ਹਵਾਈ ਅੱਡੇ ‘ਤੇ ਪਹੁੰਚੇਗੀ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਐਤਵਾਰ ਨੂੰ ਲਾਸ਼ ਲਿਆਉਣ ਦਾ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਕਰਨਾਟਕ ਦੇ ਮੁੱਖ ਮੰਤਰੀ ਨੇ ਨਵੀਨ ਸ਼ੇਖਰੱਪਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ।
ਨਵੀਨ ਦੇ ਪਿਤਾ ਨੇ ਦੱਸਿਆ ਕਿ ਬੇਟੇ ਦੀ ਲਾਸ਼ 21 ਤਰੀਕ ਨੂੰ ਸਵੇਰੇ 9 ਵਜੇ ਤਕ ਉਨ੍ਹਾਂ ਦੇ ਪਿੰਡ ਪਹੁੰਚ ਜਾਵੇਗੀ। ਫਿਰ ਉਹ ਵੀਰਾ ਸ਼ੈਵ ਪਰੰਪਰਾ ਅਨੁਸਾਰ ਪੂਜਾ ਕਰਨਗੇ ਤੇ ਇਸ ਤੋਂ ਬਾਅਦ ਇਸਨੂੰ ਜਨਤਾ ਦੇ ਦਰਸ਼ਨਾਂ ਲਈ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਬਾਅਦ ‘ਚ ਡਾਕਟਰੀ ਪੜ੍ਹਾਈ ਲਈ ਲਾਸ਼ ਨੂੰ ਐਸਐਸ ਹਸਪਤਾਲ ਦਾਵਾਂਗੇਰੇ ਨੂੰ ਦਾਨ ਕਰਨਗੇ। ਸ਼ੰਕਰੱਪਾ ਨੇ ਕਿਹਾ ਕਿ ਉਹ ਖੁਸ਼ ਹਨ ਕਿ ਘੱਟੋ-ਘੱਟ ਉਨ੍ਹਾਂ ਦੇ ਬੇਟੇ ਦੀ ਲਾਸ਼ ਵਾਪਸ ਲਿਆਂਦੀ ਗਈ ਹੈ। ਨਵੀਨ ਦੇ ਪਿਤਾ ਨੇ ਅੱਗੇ ਕਿਹਾ ਕਿ ਸੀਐਮ ਨੇ ਮੇਰੇ ਨਾਲ ਗੱਲ ਕੀਤੀ ਤੇ ਇਹ ਵੀ ਕਿਹਾ ਕਿ ਉਹ ਬੇਂਗਲੁਰੂ ਏਅਰਪੋਰਟ ਤੇ ਪਿੰਡ ਵੀ ਆਉਣਗੇ।
ਦੱਸ ਦੇਈਏ ਕਿ MBBS ਦਾ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਯੂਕਰੇਨ ‘ਤੇ ਰੂਸ ਦੁਆਰਾ ਕੀਤੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਸੀ। ਜੰਗ ਦੇ 10ਵੇਂ ਦਿਨ ਜਦੋਂ ਨਵੀਨ ਇੱਕ ਸੁਪਰਮਾਰਕੀਟ ਵਿੱਚ ਭੋਜਨ ਲੈਣ ਲਈ ਲਾਈਨ ਵਿੱਚ ਸੀ, ਉਸੇ ਸਮੇਂ ਹਮਲੇ ਵਿੱਚ ਉਹ ਆਪਣੀ ਜਾਨ ਗੁਆ ਬੈਠਾ।
