ਕੀਵ – ਯੂਕਰੇਨ ‘ਤੇ ਰੂਸ ਦੇ ਹਮਲੇ ਦੂਜੇ ਦਿਨ ਵੀ ਜਾਰੀ ਰਹੇ। ਯੂਕਰੇਨ ਦੇ ਸ਼ਹਿਰਾਂ ‘ਤੇ ਬੰਬਾਰੀ ਤੇ ਮਿਜ਼ਾਈਲ ਹਮਲੇ ਜਾਰੀ ਹਨ। ਰਾਜਧਾਨੀ ਕੀਵ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਰੂਸੀ ਫੌਜ ਨੇ ਪ੍ਰਮਾਣੂ ਪਲਾਂਟ ‘ਤੇ ਵੀ ਕਬਜ਼ਾ ਕਰ ਲਿਆ ਹੈ। ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਇਸ ਦੇ ਨਾਲ ਹੀ ਯੂਕਰੇਨ ਦੀ ਉਪ ਰੱਖਿਆ ਮੰਤਰੀ ਹੰਨਾਹ ਮਲਯਾਰ ਨੇ ਦੱਸਿਆ ਕਿ 25 ਫਰਵਰੀ ਦੀ ਸਵੇਰ 3 ਵਜੇ ਤੱਕ ਦੁਸ਼ਮਣ ਨੂੰ ਕਿੰਨਾ ਨੁਕਸਾਨ ਹੋਇਆ ਹੈ। ਮਲਯਾਰ ਮੁਤਾਬਕ ਹੁਣ ਤਕ ਯੂਕਰੇਨ ਨੇ ਰੂਸ ਦੇ 7 ਏਅਰਕ੍ਰਾਫਟ ਯੂਨਿਟ, 6 ਹੈਲੀਕਾਪਟਰ ਯੂਨਿਟ, 30 ਤੋਂ ਜ਼ਿਆਦਾ ਟੈਂਕ ਯੂਨਿਟ ਅਤੇ 130 ਬੀਬੀਐਮ ਯੂਨਿਟ ਤਬਾਹ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਸ ਨੇ 800 ਰੂਸੀ ਸੈਨਿਕਾਂ ਦੇ ਮਾਰੇ ਜਾਣ ਦਾ ਵੀ ਦਾਅਵਾ ਕੀਤਾ ਹੈ।