Articles

ਰਾਸ਼ਟਰੀ ਡੇਂਗੂ ਦਿਵਸ ਤੇ ਵਿਸ਼ੇਸ਼ – ਡੇਂਗੂ ਬੁਖਾਰ ਦੀ ਰੋਕਥਾਮ ਲਈ ਜਾਣਕਾਰੀ ਅਤੇ ਜਾਗਰੂਕਤਾ ਜ਼ਰੂਰੀ

ਲੇਖਕ: ਚਾਨਣ ਦੀਪ ਸਿੰਘ, ਔਲਖ

ਡੇਂਗੂ ਦਾ ਸੰਚਾਰਿਤ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਵਿੱਚ ਡੇਂਗੂ ਦੇ ਕੰਟਰੋਲ , ਬਚਾਅ ਦੇ ਇਲਾਜ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਅਤੇ ਡੇਂਗੂ ਬਾਰੇ ਹੋਰ ਜ਼ਿਆਦਾ ਜਾਗਰੂਕਤਾ ਪੈਦਾ ਕਰਨ ਲਈ  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਾਰਕਾਰ ਦੀ ਸਿਫ਼ਾਰਸ਼ ਨਾਲ ਹਰ ਸਾਲ 16 ਮਈ ਨੂੰ  ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਵਿੱਚ  ਡੇਂਗੂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ। ਡੇਂਗੂ ਦਾ ਇਲਾਜ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਾਣਕਾਰੀ ਦੀ ਘਾਟ ਕਾਰਣ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ। ਡੇਂਗੂ ਤੋਂ ਪੀੜਤ ਮਰੀਜ਼ਾਂ ਵਿੱਚੋਂ ਇੱਕ ਤੋਂ ਲੈ ਕੇ ਪੰਜ ਫੀਸਦੀ ਦੀ ਇਲਾਜ ਨਾ ਹੋਣ ਕਰਕੇ ਮੌਤ ਹੋ ਜਾਂਦੀ ਹੈ। ਡੇਂਗੂ 110 ਤੋਂ ਜ਼ਿਆਦਾ ਦੇਸ਼ਾਂ ਵਿੱਚ  ਜ਼ਿਆਦਾ ਹੁੰਦਾ  ਹੈ। ਹਰ ਸਾਲ ਸੰਸਾਰ ਦੇ 50 ਤੋਂ 100 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਹੋ ਜਾਂਦੇ  ਹਨ।

ਡੇਂਗੂ ਕੀ ਹੈ ?
ਡੇਂਗੂ ਇੱਕ ਵਾਇਰਲ ਬੁਖਾਰ ਹੈ ਡੇਂਗੂ ਬੁਖਾਰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ । ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਏਡੀਜ਼ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ। ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ । ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਡੇਂਗੂ ਵਾਇਰਸ ਮੱਛਰ ਦੀ ਲਾਰ ਨਾਲ ਉਸ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਹ ਵਾਇਰਸ ਵਿਅਕਤੀ ਦੇ ਵ੍ਹਾਈਟ ਬਲੱਡ ਸੈੱਲਜ਼ ਨਾਲ ਜੁੜ ਕੇ ਅੰਦਰ ਚਲਾ ਜਾਂਦਾ ਹੈ। ਜਦੋਂ ਬਲੱਡ ਸੈੱਲਜ਼ ਸਰੀਰ ਵਿੱਚ ਇਧਰ-ਉਧਰ ਜਾਂਦੇ ਹਨ ਤਾਂ ਵਾਇਰਸ ਆਪਣੇ ‘ਅੰਸ਼’ ਪੈਦਾ ਕਰਦਾ ਹੈ। ਜਿਸ ਕਾਰਨ ਡੇਂਗੂ ਰੋਗ ਹੋ ਜਾਂਦਾ ਹੈ ਅਤੇ ਵਿਅਕਤੀ ਬੁਖਾਰ, ਫਲੂ ਵਰਗੇ ਲੱਛਣਾਂ ਅਤੇ ਗੰਭੀਰ ਦਰਦ ਤੋਂ ਪੀੜਤ ਹੋ ਜਾਂਦਾ ਹੈ। ਮੱਛਰ ਦੁਆਰਾ ਕੱਟਣ ਦੇ ਲਗਭਗ 3-14 ਦਿਨਾਂ ਅੰਦਰ ਹੀ ਵਿਅਕਤੀ ਵਿੱਚ ਲੱਛਣ ਵਿਕਸਿਤ ਹੋਣ ਲੱਗ ਪੈਂਦੇ ਹਨ। ਜੇ ਕਿਸੇ ਵਿਅਕਤੀ ਨੂੰ ਗੰਭੀਰ ਇਨਫੈਕਸ਼ਨ ਹੈ ਤਾਂ ਵਾਇਰਸ ਉਸ ਦੇ ਸਰੀਰ ਅੰਦਰ ਹੋਰ ਜ਼ਿਆਦਾ ਤੇਜ਼ੀ ਨਾਲ ਵਧਦਾ ਹੈ ।ਕਿਉਂਕਿ ਵਾਇਰਸ ਦੀ ਗਿਣਤੀ  ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਹ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਡੇਂਗੂ ਬੁਖਾਰ ਬੱਚਿਆਂ ਵਿੱਚ ਜ਼ਿਆਦਾ ਹੁੰਦਾ ਹੈ। ਖ਼ਾਸ ਕਰਕੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਹ ਜ਼ਿਆਦਾ ਪਾਇਆ ਜਾਂਦਾ ਹੈ। ਇਸ ਬੁਖਾਰ ਵਿੱਚ ਹੱਡੀਆਂ ਦੇ ਟੁੱਟਣ ਜਿਹੀ ਪੀੜ ਹੁੰਦੀ ਹੈ। ਇਸ ਲਈ ਇਸ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ।
ਡੇਂਗੂ ਦੇ ਲੱਛਣ :
ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ ਬੁਖਾਰ, ਸਿਰਦਰਦ, ਚਮੜੀ ’ਤੇ ਚੇਚਕ ਵਰਗੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ  ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹਨ। ਮਰੀਜ਼ ਦੇ ਮੂੰਹ, ਗਲੇ ਜਾਂ ਛਾਤੀ ਉੱਤੇ ਲਾਲ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। ਇੱਕ-ਦੋ ਦਿਨ ਬਾਅਦ ਦਾਣੇ ਮਿਟ ਜਾਂਦੇ ਹਨ। ਤੀਜੇ ਜਾਂ ਚੌਥੇ ਦਿਨ ਜਦੋਂ ਬੁਖਾਰ ਦੁਬਾਰਾ ਚੜ੍ਹਦਾ ਹੈ ਤਾਂ ਇਹ ਦਾਣੇ ਉੱਪਰੋਕਤ ਅੰਗਾਂ ਦੇ ਨਾਲ-ਨਾਲ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ’ਤੇ ਵੀ ਨਿਕਲ ਆਉਂਦੇ ਹਨ। ਕੁਝ ਲੋਕਾਂ ਨੂੰ ਡੇਂਗੂ ਬੁਖਾਰ ਇਕ ਜਾਂ ਦੋ ਅਜਿਹੇ ਰੂਪਾਂ ਵਿੱਚ  ਹੋ ਸਕਦਾ ਹੈ, ਜੋ ਜਾਨ ਲਈ ਖਤਰਾ ਹੋ ਸਕਦੇ ਹਨ। ਪਹਿਲਾ ਹੈ ਡੇਂਗੂ ਦੇ ਖੂਨ ਦੇ ਰਿਸਾਅ ਵਾਲਾ ਬੁਖਾਰ, ਜਿਸ ਕਾਰਨ ਖੂਨ ਦੀਆਂ ਨਾੜੀਆਂ ’ਚੋਂ ਖੂਨ ਰਿਸਦਾ ਹੈ ਅਤੇ ਬਲੱਡ ਪਲੇਟਲੈੱਟਸ (ਜਿਨ੍ਹਾਂ ਕਾਰਨ ਖੂਨ ਜੰਮਦਾ ਹੈ) ਦਾ ਪੱਧਰ ਘੱਟ ਜਾਂਦਾ ਹੈ ਅਤੇ ਦੂਸਰੇ ਰੂਪ ਦਾ ਡੇਂਗੂ ਹੈ ਸ਼ੌਕ ਸਿੰਡਰੋਮ, ਜਿਸ ਨਾਲ ਬਲੱਡ ਪ੍ਰੈਸ਼ਰ ਖਤਰਨਾਕ ਹੱਦ ਤੱਕ ਹੇਠਾਂ ਚਲਾ ਜਾਂਦਾ ਹੈ। ਪਲੇਟਲੈੱਟਸ ਨਾ ਬਣਨ ਕਰਕੇ ਵਿਅਕਤੀ ਨੂੰ ਖੂਨ ਰਿਸਣ ਦੀ ਸਮੱਸਿਆ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਖੂਨ ਰਿਸਣਾ ਡੇਂਗੂ ਕਾਰਨ ਪੈਦਾ ਹੋਣ ਵਾਲੀ ਮੁੱਖ ਸਮੱਸਿਆ ਹੈ। ਮਰੀਜ਼ ਦਾ ਜਿਗਰ ਅਤੇ ਤਿੱਲੀ ਵਧ ਜਾਂਦੇ ਹਨ।
ਰੋਕਥਾਮ ਅਤੇ ਨਿਯੰਤਰਣ:
ਡੇਂਗੂ ਵਾਇਰਸ ਤੋਂ ਬਚਾਉਣ ਲਈ ਕੋਈ ਵੈਕਸੀਨ ਮੁਹੱਈਆ ਨਹੀਂ ਹੈ। ਵਿਗਿਆਨੀ ਡੇਂਗੂ ਬੁਖਾਰ ਦੇ ਹਮਲੇ ਦਾ ਇਲਾਜ ਕਰਨ ਲਈ ਵਾਇਰਸ ਵਿਰੋਧੀ ਦਵਾਈਆਂ ਬਣਾਉਣ ਅਤੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਤੋਂ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ । ਉਹ ਇਸ ਗੱਲ ਉੱਤੇ ਤੇ ਵੀ ਧਿਆਨ ਦੇ ਰਹੇ ਹਨ ਕਿ ਵਾਇਰਸ ਦੀ ਪ੍ਰੋਟੀਨ ਰਚਨਾ ਕਿਹੋ ਜਿਹੀ ਹੈ। ਇਸ ਨਾਲ ਡੇਂਗੂ ਵਿਰੁੱਧ ਦਵਾਈਆਂ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਡੇਂਗੂ ਤੋਂ ਬਚਾਅ ਦਾ ਸਭ ਤੋਂ ਅਸਰਦਾਰ ਤਰੀਕਾ ਮੱਛਰਾਂ ਦੀ ਗਿਣਤੀ ਵਧਣ ਉੱਤੇ ਕਾਬੂ ਪਾਉਣਾ ਹੈ। ਇਸ ਦੇ ਲਈ ਜਾਂ ਤਾਂ ਮੱਛਰਾਂ ਦੇ ਲਾਰਵੇ ਉੱਤੇ ਜਾਂ ਬਾਲਗ ਮੱਛਰਾਂ ਦੀ ਆਬਾਦੀ ਉੱਤੇ ਕੰਟਰੋਲ ਕਰਨਾ ਪੈਂਦਾ ਹੈ । ਏਡੀਜ਼ ਮੱਛਰ ਟਾਇਰਾਂ, ਬੋਤਲਾਂ, ਕੂਲਰਾਂ, ਗੁਲਦਸਤਿਆਂ ਆਦਿ ਵਿੱਚ ਖੜ੍ਹੇ ਪਾਣੀ ਵਿੱਚ ਫੈਲਦੇ ਹਨ, ਇਸ ਲਈ ਇਨ੍ਹਾਂ ਨੂੰ ਅਕਸਰ ਖਾਲੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਮੱਛਰਾਂ ਦਾ ਲਾਰਵਾ ਕੰਟਰੋਲ ਹੋਵੇਗਾ। ਇਸ ਤੋਂ ਇਲਾਵਾ ਬਾਲਗ ਮੱਛਰਾਂ ਨੂੰ ਕਾਬੂ ਕਰਨ ਲਈ ਕੀੜੇਮਾਰ ਧੂੰਆਂ ਕਿਸੇ ਹੱਦ ਤਕ ਅਸਰਦਾਰ ਸਿੱਧ ਹੋ ਸਕਦਾ ਹੈ।
ਭਾਰਤ ਵਿਚ ਡੇਂਗੂ ਦੀ ਨਿਗਰਾਨੀ ਅਤੇ ਰੋਕਥਾਮ ਲਈ ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਕਰਦਾ ਹੈ | ਦੇਸ਼ ਵਿਚ ਇਨਟੈਗਰੇਟਿਡ ਬਿਮਾਰੀ ਸਰਵੇਲੈਂਜ ਪ੍ਰੋਗਰਾਮ, ਡੇਂਗੂ ਦੀ ਬਿਮਾਰੀ ਦੀ ਨਿਗਰਾਨੀ ਅਤੇ ਫੈਲਾਅ ਖੋਜ/ਜਾਂਚ ਵਿਚ ਮਦਦ ਕਰਦਾ ਹੈ। ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡੇਂਗੂ ਦੇ ਮਾਮਲਿਆਂ ਦੀ ਸੂਚਨਾ ਜ਼ਰੂਰੀ ਬਣਾ ਦਿੱਤੀ ਹੈ। ਸੰਚਾਰਤ ਸੀਜ਼ਨ ਦੌਰਾਨ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ, ਪ੍ਰਾਈਵੇਟ ਹਸਪਤਾਲਾਂ ਅਤੇ ਕਲਿਨਿਕਾਂ ਨੂੰ ਸਬੰਧਤ ਜ਼ਿਲਿਆਂ ਦੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਦਫ਼ਤਰ ਵਿਚ ਹਰ ਹਫ਼ਤੇ ਜਾਂ ਰੋਜ਼ਾਨਾ ਪੱਧਰ ’ਤੇ ਆਪਣੇ ਸਿਹਤ ਸੰਸਥਾਨ ‘ਤੇ ਅਨੁਮਾਨਿਤ ਡੇਂਗੂ ਮਾਮਲਿਆਂ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ|
ਵਰਤਣਯੋਗ ਸਾਵਧਾਨੀਆਂ :
*ਡੇਂਗੂ ਬੁਖਾਰ ਦਾ ਸ਼ੱਕ ਪੈ ਜਾਣ ਦੀ ਸੂਰਤ ਵਿੱਚ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
*ਇਲਾਜ ਪੱਖੋਂ ਇਸ ਬਿਮਾਰੀ ਵਿੱਚ ਜ਼ਿਆਦਾ ਅਰਾਮ ਕਰਨਾ ਅਤੇ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਨਾ ਕਰਨਾ ਹੀ ਫਾਇਦੇਮੰਦ ਹੁੰਦਾ ਹੈ।
*ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।
*ਦੁੱਧ, ਫਲ, ਹਰੀਆਂ ਸਬਜ਼ੀਆਂ, ਜੂਸ ਆਦਿ ਦਾ ਸੇਵਨ ਵੱਧ ਮਾਤਰਾ ਵਿੱਚ ਕਰਨਾ ਚਾਹੀਦਾ ਹੈ।
*ਕੂਲਰਾਂ, ਗਮਲਿਆਂ ਆਦਿ ਵਿੱਚ ਖੜ੍ਹੇ ਗੰਦੇ ਪਾਣੀ ਨੂੰ ਡੋਲ੍ਹ ਦੇਣਾ ਚਾਹੀਦਾ ਹੈ।
*ਤਰਲ ਪਦਾਰਥ ਜ਼ਿਆਦਾ ਪੀਣੇ ਚਾਹੀਦੇ ਹਨ।
ਡੇਂਗੂ ਦੇ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ ਤੇ ਇਸ ਰੋਗ ’ਚ ਪਾਚਨ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਰੋਗੀ ਨੂੰ ਸੰਤੁਲਿਤ ਭੋਜਨ ਦਿੱਤਾ ਜਾਵੇ ਅਤੇ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਕਿ ਆਸਾਨੀ ਨਾਲ ਹਜ਼ਮ ਹੋ ਸਕੇ। ਪਲੇਟਲੈੱਟਸ ਦੀ ਗਿਣਤੀ ਘਟਣ ਨਾਲ ਰੋਗੀ ਨੂੰ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਰੋਗੀ ਨੂੰ ਤਿੱਖਾ, ਤਲਿਆ ਤੇ ਮਸਾਲੇਦਾਰ ਭੋਜਨ ਬਿਲਕੁਲ ਨਹੀਂ ਦੇਣਾ ਚਾਹੀਦਾ।
ਇਸ ਤੋਂ ਇਲਾਵਾ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀਆਂ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ । ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਪੂਰੇ ਕਪੜੇ ਪਹਿਨਣੇ ਚਾਹੀਦੇ ਹਨ।  ਵਿਸ਼ੇਸ਼ ਰੂਪ ਵਿਚ ਜਦੋਂ ਤੁਸੀਂ ਡੇਂਗੂ ਪ੍ਰਭਾਵਿਤ ਖੇਤਰ ਵੱਲ ਜਾਂਦੇ ਹੋ ਤਾਂ ਸਰੀਰ ਦੇ ਹਿੱਸਿਆਂ ਨੂੰ ਢੱਕ ਕੇ ਰੱਖੋ। ਪਾਣੀ ਨੂੰ  ਇੱਕ ਜਗਾਹ ਇਕੱਠਾ ਖੜਾ ਨਾ ਹੋਣ ਦੇਵੋ । ਆਮ ਤੌਰ ’ਤੇ ਮੱਛਰਾਂ ਦੇ ਪ੍ਰਜਨਣ ਦਾ ਸਥਾਨ ਪਲਾਸਟਿਕ ਦੇ ਭਾਂਡੇ, ਬਾਲਟੀਆਂ, ਮੋਟਰ-ਗੱਡੀਆਂ ਦੇ ਟਾਇਰ, ਵਾਟਰ ਕੂੱਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ  ਅਤੇ ਫੁੱਲਦਾਨ ਹਨ। ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਇਨ੍ਹਾਂ ਨੂੰ ਸਾਫ਼ ਕੀਤਾ ਜਾਵੇ। ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। । ਆਪਣੇ ਆਲੇ-ਦੁਆਲੇ ਧੁੰਆ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰੋ। ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਮੱਛਰਾਂ ਦੇ ਆਂਡਿਆਂ ਅਤੇ ਲਾਰਵਾ ਨੂੰ ਖ਼ਤਮ ਕਰਨਾ ਚਾਹੀਦਾ ਹੈ । ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜਿਆਂ ’ਤੇ ਜਾਲੀ ਲੱਗਵਾਉਣੀ ਚਾਹੀਦੀ ਹੈ । ਇਸ ਤੋਂ ਇਲਾਵਾ ਬਾਲਗ ਮੱਛਰਾਂ ਨੂੰ ਕਾਬੂ ਕਰਨ ਲਈ ਕੀੜੇਮਾਰ ਧੂੰਆਂ ਕਾਫੀ ਹੱਦ ਤਕ ਅਸਰਦਾਰ ਸਾਬਿਤ ਹੁੰਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਡੇਂਗੂ ਦੀ ਰੋਕਥਾਮ ਲਈ “ਹਰ ਸ਼ੁੱਕਰਵਾਰ ਨੂੰ ਡਰਾਈ ਡੇਅ” ਵਜੋਂ ਮਨਾਉਣ ਦੀ ਨੀਤੀ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ। ਜਿਸ ਤਹਿਤ ਸਾਰੀਆਂ ਸਰਕਾਰੀ, ਪ੍ਰਾਈਵੇਟ  ਸੰਸਥਾਵਾਂ ਅਤੇ ਘਰਾਂ ਵਿੱਚ ਕੂਲਰ ਆਦਿ ਨੂੰ ਖਾਲੀ ਕਰਨ ਅਤੇ ਸੁਕਾਉਣ ਲਈ ਕਿਹਾ ਗਿਆ ਹੈ। ਕੋਵਿਡ-19  ਦੇ ਚਲਦਿਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਸੋਸ਼ਲ ਮੀਡੀਆ ‘ਤੇ ਸੰਦੇਸ਼ , ਦੂਰਦਰਸ਼ਨ / ਆਲ ਇੰਡੀਆ ਰੇਡੀਓ (ਏਆਈਆਰ) / ਐਫਐਮ / ਕਮਿਉਨਿਟੀ ਰੇਡੀਓ ਜਾਂ ਹੋਰ ਸਥਾਨਕ ਚੈਨਲਾਂ ‘ਤੇ ਸੰਖੇਪ ਸੰਦੇਸ਼ ਪ੍ਰਸਾਰਿਤ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਘਰਾਂ ਵਿੱਚ ਕੂਲਰ, ਗਮਲੇ, ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਂਡੇ ਚੈੱਕ ਕਰਨ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨਗੀਆਂ।
ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਕੌਮੀ ਡੇਂਗੂ ਦਿਵਸ ਉੱਤੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਲੈ ਕੇ ਖੁਦ ਜਾਗਰੂਕ ਹੋਣ ਅਤੇ ਇਸ ਬਿਮਾਰੀ ਨਾਲ ਲੜਣ ਲਈ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਡੇਂਗੂ ਬੁਖਾਰ ਦੀ ਰੋਕਥਾਮ ਵਿੱਚ ਪੂਰਨ ਸਹਿਯੋਗ ਕਰਨ। ਤਾਂ ਕਿ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਇਸ ਨਾਮੁਰਾਦ ਬੀਮਾਰੀ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin