ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਜੰਮੂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਦੋ ਦਿਨ ਦੇ ਇਸ ਦੌਰੇ ‘ਚ ਰਾਹੁਲ ਗਾਂਧੀ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨਗੇ ਤੇ ਥਾਂ-ਥਾਂ ਕਾਂਗਰਸੀ ਵਰਕਰਾਂ ਨੂੰ ਮਿਲਣਗੇ। ਰਾਹੁਲ ਅੱਜ ਜੰਮੂ ਏਅਰਪੋਰਟ ਪੁੱਜਣਗੇ ਤੇ ਇੱਥੇ ਸਿੱਧਾ ਕੱਟੜਾ ਲਈ ਰਵਾਨਾ ਹੋਣਗੇ। ਕੱਟੜਾ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਪੈਦਲ ਯਾਤਰਾ ਸ਼ੁਰੂ ਹੋਵੇਗੀ, ਜੋ ਮਾਤਾ ਵੈਸ਼ਨੋ ਦੇ ਦਰਬਾਰ ‘ਚ ਖ਼ਤਮ ਹੋਵੇਗੀ। ਇਸ ਦੌਰਾਨ ਕਾਂਗਰਸੀ ਵਰਕਰ ਥਾਂ-ਥਾਂ ਉਨ੍ਹਾਂ ਦਾ ਸਵਾਗਤ ਕਰਨਗੇ। ਪੈਦਲ ਯਾਤਰਾ ‘ਚ ਰਾਹੁਲ ਗਾਂਧੀ ਨਾਲ ਕਾਂਗਰਸ ਦੇ ਕਈ ਦਿੱਗਜ ਆਗੂ ਵੀ ਸ਼ਾਮਲ ਹੋਣਗੇ।
ਦੁਪਹਿਰ ਬਾਅਦ ਰਾਹੁਲ ਗਾਂਧੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਪਹੁੰਚਣਗੇ ਤੇ ਸ਼ਾਮ ਦੀ ਆਰਤੀ ‘ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਰਾਤ ‘ਚ ਵੈਸ਼ਨੋ ਦੇਵੀ ਦੇ ਭਵਨ ‘ਚ ਆਰਾਮ ਕਰਨਗੇ ਤੇ ਅਗਲੇ ਦਿਨ ਫਿਰ ਸਵੇਰੇ ਪੈਦਲ ਹੀ ਵੈਸ਼ਨੋ ਦੇਵੀ ਭਵਨ ਤੋਂ ਕੱਟੜਾ ਆਉਣਗੇ। ਇਸ ਤੋਂ ਬਾਅਦ ਰਾਹੁਲ ਜੰਮੂ ਪਹੁੰਚ ਕੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਮਿਲਣਗੇ। ਸ਼ੁੱਕਰਵਾਰ ਦੇ ਦਿਨ ਕਰੀਬ 11.30 ਵਜੇ ਜੰਮੂ ‘ਚ ਰਾਹੁਲ ਗਾਂਧੀ ਆਪਣੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਜੰਮੂ ਕਸ਼ਮੀਰ ਸੂਬਾ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਨਾਲ ਉਨ੍ਹਾਂ ਦੀ ਬੈਠਕ ਹੋਵੇਗੀ। ਜੰਮੂ ‘ਚ ਖਰਾਬ ਮੌਸਮ ਦੇ ਬਾਵਜੂਦ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਲੈ ਕੇ ਕਾਂਗਰਸ ਨੇ ਜ਼ੋਰਦਾਰ ਤਿਆਰੀਆਂ ਸ਼ੁਰੂ ਕਰ ਰੱਖੀਆਂ ਹਨ।