ਨਵੀਂ ਦਿੱਲੀ – ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਅਮਰੀਕਾ ’ਚ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਹ ’ਬਹੁਤ ਸ਼ਰਮਨਾਕ’ ਹੈ ਕਿ ਵਿਰੋਧੀ ਨੇਤਾ ਵਿਦੇਸ਼ੀ ਧਰਤੀ ’ਤੇ ਭਾਰਤ ਨੂੰ ਬਦਨਾਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਟਿੱਪਣੀਆਂ ਕਾਂਗਰਸ ਪਾਰਟੀ ਦੇ ਸੋਚੇ ਸਮਝੇ ਏਜੰਡੇ ਦੇ ਹਿੱਸੇ ਵਜੋਂ ਕੀਤੀਆਂ ਜਾ ਰਹੀਆਂ ਹਨ।
ਗੋਇਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ’’ਕੀ ਕੋਈ ਵੀ ਸਹੀ ਦਿਮਾਗ ਵਾਲਾ ਵਿਅਕਤੀ (ਸ੍ਰੀ ਗਾਂਧੀ ਦੇ) ਨਿੰਦਣਯੋਗ ਬਿਆਨਾਂ ਨੂੰ ਜਾਇਜ਼ ਠਹਿਰਾ ਸਕਦਾ ਹੈ ਜਾਂ ਉਹਨਾਂ ਦਾ ਸਮਰਥਨ ਕਰ ਸਕਦਾ ਹੈ? ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇਵਿਦੇਸ਼ ਦੀ ਧਰਤੀ ’ਤੇ ਜਿਸ ਤਰ੍ਹਾਂ ਭਾਰਤ ਅਤੇ ਹਰ ਭਾਰਤੀ ਨੂੰ ਬਦਨਾਮ ਕਰ ਰਹੇ ਹਨ, ਉਹ ਬੇਹੱਦ ਸ਼ਰਮਨਾਕ ਹੈ।’’ ਉਹ ਅਮਰੀਕਾ ਵਿੱਚ ਗਾਂਧੀ ਦੀਆਂ ਟਿੱਪਣੀਆਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।
ਵਣਜ ਮੰਤਰੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਜਾਣਬੁੱਝ ਕੇ ਅਜਿਹੇ ਬਿਆਨ ਦੇ ਰਹੇ ਹਨ ਕਿਉਂਕਿ ਕਾਂਗਰਸ ਐੱਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ… ਉਹ ਇੰਨੇ ਨਿਰਾਸ਼ ਹਨ ਕਿ ਨਿਰਾਸ਼ਾ ਵਿੱਚ ਉਹ ਸਿਆਸੀ ਵਿਰੋਧੀਆਂ ਅਤੇ ਦੇਸ਼ਾਂ ਵਿੱਚ ਅੰਤਰ ਨਹੀਂ ਕਰ ਪਾ ਰਹੇ।’’ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇਤਾ ਦੇਸ਼ ਵਿਰੋਧੀ ਲੋਕਾਂ ਅਤੇ ਅੱਤਵਾਦ ਨਾਲ ਜੁੜੇ ਲੋਕਾਂ ਨੂੰ ਮਿਲਦੇ ਹਨ ਅਤੇ ਸਮੁੱਚੇ ਭਾਈਚਾਰਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ, ਉਹ ਸ਼ਰਮਨਾਕ ਹੈ।
